9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹੀ ਸਕੂਲ ਜਾਣ ਦੀ ਆਗਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਕਰੋਨਾ ਮਹਾਂਮਾਰੀ ਕਾਰਨ ਪਿਛਲੇ ਕਰੀਬ 7 ਮਹੀਨਿਆਂ ਤੋਂ ਬੰਦ ਪਏ ਪੰਜਾਬ ਦੇ ਸਰਕਾਰੀ ਸਕੂਲ ਹੁਣ ਖੁੱਲ੍ਹ ਗਏ ਹਨ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ 1734 ਸਰਕਾਰੀ ਹਾਈ ਸਕੂਲ ਤੇ 1876 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੱਲ 3610) ਅਤੇ ਵੱਡੀ ਗਿਣਤੀ ਨਿੱਜੀ ਸਕੂਲ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਖੁੱਲ੍ਹਣ ਨਾਲ ਇਨ੍ਹਾਂ ਸਕੂਲਾਂ ਅੰਦਰ ਮੁੜ ਘੰਟੀਆਂ ਦੀ ਆਵਾਜ਼ ਸੁਣਾਈ ਦੇਣੀ ਸ਼ੁਰੂ ਹੋ ਗਈ ਹੈ।
ਸਰਕਾਰੀ ਹਾਈ ਸਕੂਲਾਂ ਦੇ 18364 ਅਧਿਆਪਕਾਂ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ 40419 ਅਧਿਆਪਕਾਂ ਤੇ ਲੈਕਚਰਾਰਾਂ (ਕੁੱਲ 58783) ਨੇ ਸੋਮਵਾਰ ਨੂੰ ਪਹਿਲੇ ਦਿਨ ਸਰਕਾਰੀ ਸਕੂਲਾਂ ਵਿਚ ਆਪਣੀ ਹਾਜ਼ਰੀ ਦਰਜ ਕਰਵਾਈ। ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਪਹਿਲੇ ਦਿਨ ਰਾਜ ਦੇ ਵੱਖ-ਵੱਖ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਸਮੁੱਚੇ ਰੂਪ ‘ਚ 25 ਤੋਂ 35 ਫ਼ੀਸਦੀ ਵਿਦਿਆਰਥੀਆਂ ਦੀ ਹਾਜ਼ਰੀ ਦੇਖਣ ਨੂੰ ਮਿਲੀ, ਜਦਕਿ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵੱਖ-ਵੱਖ ਜ਼ਿਲ੍ਹਿਆਂ ਦੇ ਇਕਾ-ਦੁਕਾ ਸਰਕਾਰੀ ਸਕੂਲਾਂ ਨੂੰ ਛੱਡ ਕੇ ਜ਼ਿਆਦਾਤਰ ਸਕੂਲਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ 10 ਤੋਂ 15 ਫ਼ੀਸਦੀ ਦੇ ਕਰੀਬ ਹੀ ਰਹੀ।
ਵਿਭਾਗ ਦੇ ਬੁਲਾਰੇ ਅਨੁਸਾਰ ਵੱਖ-ਵੱਖ ਜ਼ਿਲ੍ਹਾ ਸਿੱਖਿਆ ਅਫ਼ਸਰ (ਸ. ਸ.) ਸਕੂਲ ਖੁੱਲ੍ਹਣ ਸਬੰਧੀ ਸਮੁੱਚੀ ਪ੍ਰਕਿਰਿਆ ਨਾਲ ਨਿਰੰਤਰ ਜੁੜੇ ਹੋਏ ਹਨ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਸਕੂਲ ਮੁਖੀਆਂ ਤੇ ਅਧਿਆਪਕਾਂ ਵਲੋਂ ਵੀ ਕੋਵਿਡ-19 ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਹਿਤ ਪ੍ਰਬੰਧਾਂ ਨੂੰ ਸੁਚਾਰੂ ਰੂਪ ਵਿਚ ਨੇਪਰੇ ਚਾੜ੍ਹਨ ‘ਚ ਪੂਰੀ ਸਰਗਰਮੀ ਦਿਖਾਈ ਜਾ ਰਹੀ ਹੈ, ਜਿਸ ਤਹਿਤ ਪੈਰ ਨਾਲ ਚੱਲਣ ਵਾਲੀ ਸੈਨੀਟਾਈਜੇਸ਼ਨ ਮਸ਼ੀਨ, ਮਾਸਕ ਅਤੇ ਸਮਾਜਿਕ ਦੂਰੀ ਬਣਾ ਕੇ ਬੈਠਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਵੱਡੀ ਗਿਣਤੀ ਸਰਕਾਰੀ ਸਕੂਲਾਂ ਦੇ ਮੁਖੀਆਂ ਵਲੋਂ ਦਾਨੀ ਸੱਜਣਾਂ, ਪਿੰਡਾਂ ਦੀਆਂ ਪੰਚਾਇਤਾਂ ਤੇ ਵੱਖ-ਵੱਖ ਅਦਾਰਿਆਂ ਦੀ ਮਦਦ ਨਾਲ ਤੇ ਕੁਝ ਸਰਕਾਰੀ ਸਕੂਲਾਂ ਵਲੋਂ ਆਪਣੇ ਖ਼ਰਚੇ ‘ਤੇ ਸਕੂਲਾਂ ਨੂੰ ਸੈਨੇਟਾਈਜ਼ ਕਰਵਾਉਣ ਤੋਂ ਇਲਾਵਾ ਕਰੋਨਾ ਤੋਂ ਬਚਾਅ ਲਈ ਸਰਕਾਰੀ ਹਦਾਇਤਾਂ ਮੁਤਾਬਿਕ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸ਼ਹਿਰੀ ਖੇਤਰਾਂ ਦੇ ਕਈ ਸਰਕਾਰੀ ਸਕੂਲਾਂ ਵਿਚ ਦਾਖ਼ਲ ਹੋਣ ਸਮੇਂ ਵਿਦਿਆਰਥੀਆਂ ਦੀ ਡਿਜੀਟਲ ਥਰਮਾਮੀਟਰ ਨਾਲ ਜਾਂਚ ਕੀਤੀ ਗਈ ਅਤੇ ਬਿਨਾ ਮਾਸਕ ਵਾਲੇ ਵਿਦਿਆਰਥੀਆਂ ਨੂੰ ਮੁਫ਼ਤ ਵਿਚ ਮਾਸਕ ਵੀ ਦਿੱਤੇ ਗਏ, ਜਦਕਿ ਪੇਂਡੂ ਖੇਤਰ ਦੇ ਸਰਕਾਰੀ ਸਕੂਲਾਂ ‘ਚ ਇਸ ਤਰ੍ਹਾਂ ਦੀ ਜਾਂਚ ਨਾ ਮਾਤਰ ਹੀ ਦੇਖਣ ਨੂੰ ਮਿਲੀ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …