-5.5 C
Toronto
Tuesday, February 3, 2026
spot_img
Homeਪੰਜਾਬਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਹੋਏ ਪਤਿਤ!

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਹੋਏ ਪਤਿਤ!

logo-2-1-300x105ਸਿਰ ਦਾ ਮੇਜਰ ਅਪਰੇਸ਼ਨ ਕਰਨ ਲਈ ਡਾਕਟਰਾਂ ਨੇ ਕੀਤੇ ਸਿਰ ਦੇ ਕੇਸ ਕਤਲ
ਚੰਡੀਗੜ੍ਹ/ਬਿਊਰੋ ਨਿਊਜ਼
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਪਤਿਤ ਹੋ ਗਏ ਹਨ। ਉਨ੍ਹਾਂ ਦੇ ਸਿਰ ਦੇ ਕੇਸ ਕਤਲ ਕਰ ਦਿੱਤੇ ਗਏ ਹਨ, ਕਿਉਕਿ ਉਨ੍ਹਾਂ ਦੇ ਸਿਰ ਦੀਆਂ ਨਾੜੀਆਂ ਬਲਾਕ ਹੋਣ ਕਾਰਨ ਉਨ੍ਹਾਂ ਦੇ ਸਿਰ ਦਾ ਅਪਰੇਸ਼ਨ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦਿਮਾਗ ਦੇ ਨੇੜਲੇ ਭਾਗ ਦੀਆਂ ਨਾੜੀਆਂ ਬਲਾਕ ਹੋਣ ਕਾਰਨ ਗਿਆਨੀ ਮੱਲ ਸਿੰਘ ਦੀ ਮਾਨਸਿਕ ਤੇ ਸਰੀਰਕ ਹਾਲਤ ਪਿਛਲੇ ਦਿਨੀਂ ਬੇਹੱਦ ਨਾਜ਼ੁਕ ਹੋ ਗਈ ਸੀ ਜਿਸ ਕਰਕੇ ਉਹ ਆਪਣੀ ਪਤਨੀ ਤੇ ਬੱਚਿਆਂ ਨੂੰ ਪਛਾਨਣ ਤੋਂ ਵੀ ਅਸਮਰੱਥ ਹੋ ਗਏ ਸਨ। ਉਨ੍ਹਾਂ ਨੂੰ ਡਾਕਟਰਾਂ ਨੇ ਸਿਰ ਵਿਚ ਦਿਮਾਗ ਨੇੜਲੇ ਨਾਜ਼ੁਕ ਹਿੱਸੇ ਵਿਚ ਨਾੜੀਆਂ ਬਲਾਕ ਹੋਣ ਦੀ ਸ਼ਿਕਾਇਤ ਦੱਸਦਿਆਂ ਤੁਰੰਤ ਅਪਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਸੀ। ਪਿਛਲੇ ਹਫਤੇ ਗਿਆਨੀ ਮੱਲ ਸਿੰਘ ਦੇ ਸਿਰ ਦਾ ਮੇਜਰ ਅਪਰੇਸ਼ਨ ਮੋਹਾਲੀ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਚੈਰੀਟੇਬਲ ਹਸਪਤਾਲ ਸੋਹਾਣਾ ਵਿਚ ਹੋਇਆ। ਡਾਕਟਰਾਂ ਨੇ ਅਪਰੇਸ਼ਨ ਵੇਲੇ ਉਨ੍ਹਾਂ ਦੇ ਸਿਰ ਦੇ ਕੇਸ ਕਤਲ ਕਰ ਦਿੱਤੇ ਹਨ। ਪਹਿਲਾਂ-ਪਹਿਲ ਤਾਂ ਗਿਆਨੀ ਮੱਲ ਸਿੰਘ ਦੇ ਪਰਿਵਾਰ ਨੇ ਉਨ੍ਹਾਂ ਦੇ ਸਿਰ ਦੇ ਅਪਰੇਸ਼ਨ ਵਾਲੀ ਗੱਲ ਨੂੰ ਇੰਨਾ ਗੁਪਤ ਰੱਖਿਆ ਸੀ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਲਾਜ਼ਮਾਂ ਨੂੰ ਵੀ ਇਸ ਦੀ ਭਿਣਕ ਨਹੀਂ ਲੱਗਣ ਦਿੱਤੀ ਗਈ ਸੀ। ਪਰ ਕੁਝ ਅਖਬਾਰਾਂ ਵਿਚ ਉਨ੍ਹਾਂ ਦੇ ਸਿਰ ਦੇ ਅਪਰੇਸ਼ਨ ਦੀਆਂ ਖਬਰਾਂ ਛਪਣ ਤੋਂ ਬਾਅਦ ਇਹ ਚਰਚਾ ਜ਼ੋਰਾਂ ‘ਤੇ ਚੱਲਣ ਲੱਗ ਪਈ ਸੀ ਕਿ ਗਿਆਨੀ ਮੱਲ ਸਿੰਘ ਦੇ ਸਿਰ ਦੇ ਅਪਰੇਸ਼ਨ ਲਈ ਸਿਰ ਦੇ ਕੇਸ ਕਤਲ ਕਰ ਦਿੱਤੇ ਗਏ ਹਨ। ਕੁਝ ਦਿਨ ਪਹਿਲਾਂ ਗਿਆਨੀ ਮੱਲ ਸਿੰਘ ਨੂੰ ਹਸਪਤਾਲੋੰ ਛੁੱਟੀ ਮਿਲਣ ਤੋਂ ਬਾਅਦ ਉਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੀ ਰਿਹਾਇਸ਼ ‘ਤੇ ਆ ਗਏ ਹਨ, ਪਰ ਉਨ੍ਹਾਂ ਦੇ ਪਰਿਵਾਰ ਵਲੋੰ ਕਿਸੇ ਨੂੰ ਵੀ ਗਿਆਨੀ ਮੱਲ ਸਿੰਘ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੀ ਕੁਝ ਮੁਲਾਜ਼ਮਾਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਡਾਕਟਰਾਂ ਵਲੋਂ ਗਿਆਨੀ ਮੱਲ ਸਿੰਘ ਦੇ ਸਿਰ ਦੇ ਕੇਸ ਕਤਲ ਕਰ ਦਿੱਤੇ ਗਏ ਹਨ। ਉਹ ਇਸੇ ਕਾਰਨ ਕਿਸੇ ਵੀ ਮਿਲਣ ਵਾਲੇ ਨੂੰ ਮਿਲ ਨਹੀਂ ਰਹੇ।
ਦੱਸਣਾ ਬਣਦਾ ਹੈ ਕਿ ਸਿੱਖ ਰਹਿਤ ਮਰਯਾਦਾ ਅਨੁਸਾਰ ਚਾਹੇ ਮਜ਼ਬੂਰੀਵੱਸ, ਬੇਵੱਸੀ ਦੀ ਹਾਲਤ ਵਿਚ ਜਾਂ ਫਿਰ ਜਾਣ ਬੁੱਝ ਕੇ ਜਿਹੜਾ ਵੀ ਸਿੱਖ ਆਪਣੇ ਕੇਸ ਕਤਲ ਕਰਦਾ ਹੈ ਤਾਂ ਉਹ ਬੱਜ਼ਰ ਕੁਰਹਿਤੀਆ ਹੋ ਜਾਂਦਾ ਹੈ। ਉਸ ਨੂੰ ਪੰਜ ਪਿਆਰਿਆਂ ਸਨਮੁਖ ਪੇਸ਼ ਹੋ ਕੇ ਖਿਮਾ-ਜਾਚਨਾ ਕਰਕੇ ਤਨਖਾਹ (ਧਾਰਮਿਕ ਸਜ਼ਾ) ਲਗਵਾ ਕੇ ਮੁੜ ਅੰਮ੍ਰਿਤ ਛਕਣਾ ਪੈਂਦਾ ਹੈ। ਅਜਿਹੀ ਹਾਲਤ ਵਿਚ ਸਿੱਖ ਸਿਧਾਂਤਾਂ ਅਨੁਸਾਰ ਕੋਈ ਵੀ ਬੱਜ਼ਰ ਕੁਰਹਿਤ ਕਰਨ ਵਾਲਾ ਪਤਿਤ ਸਿੱਖ ਕਿਸੇ ਤਖਤ ਦਾ ਜਥੇਦਾਰ ਨਹੀਂ ਰਹਿ ਸਕਦਾ।

RELATED ARTICLES
POPULAR POSTS