ਕਿਹਾ : ਸਿੱਧੂ ਨੂੰ ਹਰਾਉਣ ‘ਚ ਰੁੱਝੀਆਂ ਸਾਰੀਆਂ ਵੱਡੀਆਂ ਤਾਕਤਾਂ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਨਿੱਤਰ ਆਏ ਹਨ। ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਈਸਟ ਹਲਕੇ ‘ਚ ਜਾਣਗੇ ਅਤੇ ਸਿੱਧੂ ਦੇ ਹੱਕ ‘ਚ ਚੋਣ ਪ੍ਰਚਾਰ ਕਰਨਗੇ। ਉਨ੍ਹਾਂ ਕਿਹਾ ਕਿਉਹ ਲੋਕਾਂ ਨੂੰ ਸਿੱਧੂ ਦੇ ਹੱਕ ਵਿਚ ਵੋਟ ਪਾਉਣ ਲਈ ਅਪੀਲ ਕਰਨਗੇ। ਡਾ. ਗਾਂਧੀ ਨੇ ਕਿਹਾ ਕਿ ਸਿੱਧੂ ਖਿਲਾਫ਼ ਵੱਡੀਆਂ ਸਾਜ਼ਿਸਾਂ ਰਚੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਹਰਾਉਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਅਤੇ ਸਿੱਧੂ ਨੂੰ ਰਾਜਨੀਤੀ ਤੋਂ ਬਾਹਰ ਕਰਨ ਦੇ ਲਈ ਪੰਜਾਬ ਦਾ ਸਾਰਾ ਮਾਫ਼ੀਆ ਰਾਜ ਵੀ ਲੱਗਿਆ ਹੈ। ਸਿੱਧੂ ਦੇ ਮੁਕਾਬਲੇ ‘ਚ ਮਜੀਠੀਆ ਦੇ ਆਉਣ ਨਾਲ ਅੰਮ੍ਰਿਤਸਰ ਈਸਟ ਦੀ ਸੀਟ ਸਭ ਤੋਂ ਵੱਧ ਹੌਟ ਸੀਟ ਬਣ ਗਈ ਹੈ ਅਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਸੀਟ ‘ਤੇ ਲੱਗੀਆਂ ਹੋਈਆਂ ਹਨ। ਧਿਆਨ ਰਹੇ ਕਿ ਡਾ. ਧਰਮਵੀਰ ਗਾਂਧੀ ਦੀਆਂ ਕਾਂਗਰਸ ਪਾਰਟੀ ਨਾਲ ਨਜ਼ਦੀਕੀਆਂ ਥੋੜ੍ਹਾ ਸਮਾਂ ਹੀ ਪਹਿਲਾਂ ਸਾਹਮਣੇ ਆਉਣ ਲੱਗੀਆਂ ਹਨ। ਕਾਂਗਰਸ ਪਾਰਟੀ ਚਾਹੁੰਦੀ ਸੀ ਕਿ ਡਾ. ਗਾਂਧੀ ਨੂੰ ਪਟਿਆਲਾ ਸ਼ਹਿਰੀ ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਚੋਣ ਮੈਦਾਨ ਵਿਚ ਉਤਾਰਿਆ ਜਾਵੇ ਪ੍ਰੰਤੂ ਉਨ੍ਹਾਂ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਉਹ ਕਾਂਗਰਸ ਪਾਰਟੀ ਨੂੰ ਬਾਹਰ ਤੋਂ ਸਪੋਰਟ ਕਰਨਗੇ।