ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨਾਲ ਸਬੰਧਤ ਸੀ ਕਿਸਾਨ ਨਰਿੰਦਰਪਾਲ ਸਿੰਘ
ਪਟਿਆਲਾ/ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ’ਚ ਮੋਤੀ ਮਹਿਲ ਦੇ ਬਾਹਰ ਧਰਨੇ ’ਤੇ ਬੈਠੇ ਕਿਸਾਨ ਨਰਿੰਦਰਪਾਲ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਜਾਨ ਚਲੇ ਗਈ ਹੈ। ਇਹ ਕਿਸਾਨ ਨਰਿੰਦਰਪਾਲ ਸਿੰਘ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨਾਲ ਸਬੰਧਤ ਸੀ ਅਤੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਠੋਈ ਕਲਾਂ ਦਾ ਰਹਿਣ ਵਾਲਾ ਸੀ। ਨਰਿੰਦਰਪਾਲ ਸਿੰਘ 17 ਫਰਵਰੀ ਨੂੰ ਆਪਣੇ ਸਾਥੀਆਂ ਨਾਲ ਪਟਿਆਲਾ ਵਿਖੇ ਕਿਸਾਨਾਂ ਦੇ ਧਰਨੇ ਵਿਚ ਪੁੱਜਾ ਸੀ ਕਿ ਲੰਘੀ ਰਾਤ ਨੂੰ ਅਚਾਨਕ ਉਸਦੀ ਤਬੀਅਤ ਖਰਾਬ ਹੋਣ ਲੱਗੀ ਤਾਂ ਉਸਨੇ ਆਪਣੇ ਸਾਥੀ ਕਿਸਾਨਾਂ ਨੂੰ ਉਸ ਨੂੰ ਵਾਪਸ ਪਿੰਡ ਲੈ ਜਾਣ ਲਈ ਕਿਹਾ। ਪਿੰਡ ਨੂੰ ਜਾਂਦੇ ਸਮੇਂ ਨਰਿੰਦਰਪਾਲ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ। ਇਸਦੇ ਚੱਲਦਿਆਂ ਕਿਸਾਨ ਨਰਿੰਦਰਪਾਲ ਸਿੰਘ ਨੂੰ ਤੁਰੰਤ ਸਰਕਾਰੀ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਮਿ੍ਰਤਕ ਕਿਸਾਨ ਨਰਿੰਦਰਪਾਲ ਸਿੰਘ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਖਨੌਰੀ ਬਾਰਡਰ ’ਤੇ ਵੀ ਕਿਸਾਨ ਅੰਦੋਲਨ ਦੌਰਾਨ ਇਕ ਬਜ਼ੁਰਗ ਕਿਸਾਨ ਮਨਜੀਤ ਸਿੰਘ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਜਾਨ ਚਲੇ ਗਈ ਸੀ, ਇਹ ਕਿਸਾਨ ਵੀ ਪਟਿਆਲਾ ਜ਼ਿਲ੍ਹੇ ਨਾਲ ਹੀ ਸਬੰਧਤ ਸੀ।