Breaking News
Home / ਦੁਨੀਆ / ਇਮਰਾਨ ਸਰਕਾਰ ਨੇ ਦਿਖਾਈ ਦਰਿਆਦਿਲੀ : ਪ੍ਰੋ. ਗੁਰਭਜਨ ਗਿੱਲ ਦੇ ਸੁਝਾਅ ‘ਤੇ ਤੁਰੰਤ ਫੈਸਲਾ, ਪਹੁੰਚੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਵਿਖੇ

ਇਮਰਾਨ ਸਰਕਾਰ ਨੇ ਦਿਖਾਈ ਦਰਿਆਦਿਲੀ : ਪ੍ਰੋ. ਗੁਰਭਜਨ ਗਿੱਲ ਦੇ ਸੁਝਾਅ ‘ਤੇ ਤੁਰੰਤ ਫੈਸਲਾ, ਪਹੁੰਚੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਵਿਖੇ

ਲਾਹੌਰ ਪੀਸ ਕਾਨਫਰੰਸ ‘ਚ ਪਹੁੰਚੇ ਭਾਰਤੀ ਸਾਹਿਤਕਾਰਾਂ ਨੂੰ
ਬਿਨਾ ਵੀਜ਼ਾ ਨਨਕਾਣਾ ਸਾਹਿਬ ਜਾਣ ਦੀ ਆਗਿਆ
ਲੁਧਿਆਣਾ : ਬਹੁਤ ਸਾਰੀਆਂ ਸਮੱਸਿਆਵਾਂ ਦੇ ਬਾਵਜੂਦ ਦੋ ਗੁਆਂਢੀ ਮੁਲਕਾਂ ਦਰਮਿਆਨ ਰਿਸ਼ਤੇ ਸੁਧਾਰਨ ਲਈ ਗੱਲਬਾਤ ਜਰੂਰੀ ਹੈ। ਕਿਸੇ ਵੀ ਸੂਰਤ ‘ਚ ਅਜਿਹੀਆਂ ਕੋਸ਼ਿਸ਼ਾਂ ਜਾਰੀ ਰਹਿਣੀਆਂ ਚਾਹੀਦੀਆਂ ਹਨ। ਲਾਹੌਰ ਪੀਸ ਕਾਨਫਰੰਸ ‘ਚ ਅਮਨ ਦਾ ਸੁਨੇਹਾ ਲੈ ਕੇ ਗਏ ਭਾਰਤੀ ਲੇਖਕਾਂ, ਸਾਹਿਤਕਾਰਾਂ ਦੀ ਅਜਿਹੀ ਹੀ ਇਕ ਕੋਸ਼ਿਸ਼ ਰੰਗ ਲਿਆਈ ਹੈ। ਪਾਕਿਸਤਾਨੀ ਹਕੂਮਤ ਨੇ ਇਨ੍ਹਾਂ ਮਹਿਮਾਨਾਂ ਨੂੰ ਨਨਕਾਣਾ ਸਾਹਿਬ ਜਾਣ ਦੇ ਲਈ ਖਾਸ ਆਗਿਆ ਦੇ ਦਿੱਤੀ। ਹਾਲਾਂਕਿ ਕਿ ਉਨ੍ਹਾਂ ਕੋਲ ਸਿਰਫ਼ ਲਾਹੌਰ ਦਾ ਹੀ ਵੀਜ਼ਾ ਸੀ।
ਜ਼ਿਕਰਯੋਗ ਹੈ ਕਿ ਇਹ ਜਥਾ ਕਾਨਫਰੰਸ ਦੀ ਸਮਾਪਤੀ ਤੋਂ ਬਾਅਦ ਚਾਰ ਫਰਵਰੀ ਨੂੰ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਗਿਆ। ਜਥੇ ਦੀ ਅਗਵਾਈ ਕਰ ਰਹੇ ਡਾ. ਦੀਪਕ ਮਨਮੋਹਨ ਸਿੰਘ ਨੇ ਇਸ ਦੇ ਲਈ ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਲਗਾਤਾਰ ਹੁੰਦੀਆਂ ਰਹਿਣੀਆਂ ਚਾਹੀਦੀਆਂ ਹਨ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਜਮਾਤੀ ਅਤੇ ਨੈਸ਼ਨਲ ਅਸੈਂਬਲੀ ਦੇ ਸਾਬਕਾ ਮੈਂਬਰ ਰਾਏ ਅਜੀਜ ਉਲਾ ਖਾਨ ਨੇ ਭਾਰਤੀ ਮਹਿਮਾਨਾਂ ਦੇ ਲਈ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ, ਜਿਸ ‘ਚ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਨੇ ਮਤਾ ਰੱਖਿਆ ਕਿ ਭਾਰਤੀ ਜਥੇ ਨੂੰ ਲਾਹੌਰ ਤੋਂ ਇਲਾਵਾ ਦੂਜੀਆਂ ਥਾਵਾਂ ‘ਤੇ ਜਾਣ ਦੀ ਆਗਿਆ ਮਿਲਣੀ ਚਾਹੀਦੀ ਹੈ। ਉਥੇ ਪਾਕਿਸਤਾਨ ਸਰਕਾਰ ਦੇ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਏਜਾਜ਼ ਆਲਮ ਅਤੇ ਮੁੱਖ ਸੰਸਸਦੀ ਸਕੱਤਰ ਮਹਿੰਦਰਪਾਲ ਸਿੰਘ ਵੀ ਮੌਜੂਦ ਸਨ।
ਲਿਹਾਜ਼ਾ ਭਾਰਤੀ ਜਥੇ ਦਾ ਪ੍ਰਸਤਾਵ ਤੁਰੰਤ ਸਰਕਾਰ ਤੱਕ ਪਹੁੰਚਾਇਆ ਅਤੇ ਉਨ੍ਹਾਂ ਨੂੰ ਨਨਕਾਣਾ ਸਾਹਿਬ ਜਾਣ ਦੀ ਆਗਿਆ ਮਿਲ ਗਈ। ਰਾਤ ਦੇ ਖਾਣੇ ਸਮੇਂ ਭਾਰਤ ਤੋਂ ਗਏ ਮਨਜਿੰਦਰ ਸਿੰਘ ਧਨੋਆ, ਸਹਿਜਪ੍ਰੀਤ ਸਿੰਘ ਮਾਂਗਟ ਅਤੇ ਜਸਵਿੰਦਰ ਕੌਰ ਮਾਂਗਟ ਦੀ ਖਾਸ ਮੌਜੂਦਗੀ ਰਹੀ। ਜਥੇ ‘ਚ ਪੰਜਾਬ ਤੋਂ ਇਲਾਵਾ ਦਿੱਲੀ, ਹਰਿਆਣਾ ਅਤੇ ਜੰਮੂ-ਕਸ਼ਮੀਰ ਦੇ ਸਾਹਿਤਕਾਰ ਵੀ ਸ਼ਾਮਲ ਸਨ। ਲੁਧਿਆਣਾ ਦੇ ਨੇੜਲੇ ਕਸਬੇ ਰਾਏਕੋਟ ਨਾਲ ਸਬੰਧ ਰੱਖਣ ਵਾਲੇ ਪਾਕਿਸਤਾਨ ਦੇ ਸਾਬਕਾ ਸੰਸਦ ਮੈਂਬਰ ਰਾਏ ਅਜੀਜ ਉਲਾ ਖਾਨ ਵੱਲੋਂ ਰੱਖੀ ਡਿਨਰ ਪਾਰਟੀ ਖਾਸ ਰਹੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਪਾਕਿ ਪਵਿੱਤਰ ਗੰਗਾਸਾਗਰ ਨੂੰ ਰਾਏ ਪਰਿਵਾਰ ਨੇ ਹੀ ਸੰਭਾਲਿਆ ਸੀ। ਹੁਣ ਆਪਣੇ ਪੂਰਵਜ਼ਾਂ ਦੀ ਉਹ ਪਵਿੱਤਰ ਨਿਸ਼ਾਨੀ ਸੰਭਾਲ ਰਹੇ ਰਾਏ ਅਜੀਜ਼ ਉਲਾ ਪੰਜਾਬੀ ਮਹਿਮਾਨਾਂ ਨਾਲ ਮਿਲੇ ਤਾਂ ਉਨ੍ਹਾਂ ਚਿਹਰੇ ‘ਤੇ ਆਪਣਿਆਂ ਨੂੰ ਮਿਲਣ ਦੀ ਖੁਸ਼ੀ ਸਾਫ਼ ਦਿਖਾਈ ਦੇ ਰਹੀ ਸੀ। ਇਸ ਦੌਰਾਨ ਦੋਵੇਂ ਮੁਲਕਾਂ ਦੇ ਪੰਜਾਬੀਆਂ ਨੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …