Breaking News
Home / ਸੰਪਾਦਕੀ / ਪਾਣੀ ‘ਚ ਜ਼ਹਿਰ ਘੋਲ ਰਹੇ ਮਨੁੱਖਤਾ ਦੇ ਵੈਰੀ

ਪਾਣੀ ‘ਚ ਜ਼ਹਿਰ ਘੋਲ ਰਹੇ ਮਨੁੱਖਤਾ ਦੇ ਵੈਰੀ

ਪਿਛਲੇ ਦਿਨੀਂ ਪਟਿਆਲਾ ਜ਼ਿਲ੍ਹੇ ‘ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਿਹਤ ਵਿਭਾਗ ਵਲੋਂ ਕੀਤੀ ਸਾਂਝੀ ਛਾਪੇਮਾਰੀ ਦੌਰਾਨ ਕੈਮੀਕਲ ਬਣਾਉਣ ਵਾਲੀ ਇਕ ਫ਼ੈਕਟਰੀ ਵਲੋਂ ਤੇਜ਼ਾਬ ਅਤੇ ਰਸਾਇਣਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਬੋਰਾਂ ਰਾਹੀਂ ਧਰਤੀ ਅੰਦਰ ਸੁੱਟਣ ਦਾ ਬੇਹੱਦ ਸੰਗੀਨ ਮਾਮਲਾ ਸਾਹਮਣੇ ਆਇਆ ਹੈ। ਇਸ ਫ਼ੈਕਟਰੀ ਵਲੋਂ ਧਰਤੀ ਹੇਠਲੇ ਬੰਦ ਪਏ ਬੋਰਾਂ ਨੂੰ ਮੁੜ ਖੋਲ੍ਹਣ ਅਤੇ ਖੇਤੀਬਾੜੀ ਦੇ ਟਿਊਬਵੈੱਲਾਂ ਦੇ ਬੋਰਾਂ ਵਿਚੋਂ ਪਾਣੀ ਵਧਾਉਣ ਲਈ ਬੇਹੱਦ ਜ਼ਹਿਰੀਲੇ ਕਿਸਮ ਦੇ ਕੈਮੀਕਲ ਵੇਚੇ ਜਾਂਦੇ ਸਨ, ਜੋ ਧਰਤੀ ਹੇਠਲੇ ਪਾਣੀ ਨੂੰ ਜ਼ਹਿਰੀਲਾ ਕਰ ਰਹੇ ਹਨ। ਇਸੇ ਤਰ੍ਹਾਂ ਇਕ ਹੋਰ ਖ਼ਬਰ ਮੁਤਾਬਕ ਲੁਧਿਆਣਾ ਜ਼ਿਲ੍ਹੇ ‘ਚ ਬੁੱਢੇ ਨਾਲੇ ਦਾ ਗੰਦਾ ਪਾਣੀ ਬੇਰੋਕ ਦਰਿਆ ਸਤਲੁਜ ਦੇ ਪਾਣੀ ‘ਚ ਘੁਲ ਰਿਹਾ ਹੈ, ਜਿਸ ਨੇ ਦਰਿਆ ਸਤਲੁਜ ਦੇ ਦੋਹੀਂ ਪਾਸੀਂ ਮਾਲਵਾ ਤੇ ਦੁਆਬਾ ਦੇ ਦਰਜਨਾਂ ਪਿੰਡਾਂ ਦਾ ਪਾਣੀ ਪ੍ਰਦੂਸ਼ਿਤ ਕਰਕੇ ਰੱਖ ਦਿੱਤਾ ਹੈ। ਇਕ ਹੋਰ ਖ਼ਬਰ ਅਨੁਸਾਰ ਪਠਾਨਕੋਟ ਜ਼ਿਲ੍ਹੇ ਦੇ ਮਾਧੋਪੁਰ ਤੋਂ ਨਿਕਲਦੀ ਅਪਰਬਾਰੀ ਦੁਆਬ ਨਹਿਰ ‘ਚ ਜ਼ਹਿਰੀਲਾ ਪਦਾਰਥ ਮਿਲਣ ਕਾਰਨ ਹਜ਼ਾਰਾਂ ਮੱਛੀਆਂ ਦੀ ਮੌਤ ਹੋ ਗਈ।ਜਿਸ ਵੇਲੇ ਪੰਜਾਬ ਪਹਿਲਾਂ ਹੀ ਪਾਣੀ ਦੇ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਧਰਤੀ ਹੇਠਲਾ ਪਾਣੀ ਸੁੱਕਦਾ ਜਾ ਰਿਹਾ ਹੈ ਅਤੇ ਰਹਿੰਦਾ ਪਾਣੀ ਜ਼ਹਿਰੀਲਾ ਹੋ ਰਿਹਾ ਹੈ, ਉਸ ਵੇਲੇ ਪੰਜਾਬ ਦੇ ਢਾਈ ਕੁ ਦਰਿਆਵਾਂ ਦੇ ਪਾਣੀ ਨੂੰ ਵੀ ਮੁਨਾਫ਼ੇ ਦੇ ਲਾਲਚ ‘ਚ ਜਾਂ ਘੋਰ-ਲਾਪ੍ਰਵਾਹੀ ਕਾਰਨ ਪ੍ਰਦੂਸ਼ਿਤ ਕਰਨ ਦਾ ਵਰਤਾਰਾ ਬੇਹੱਦ ਗੰਭੀਰ ਅਤੇ ਚਿੰਤਾ ਵਾਲਾ ਹੈ। ਪੰਜ ਦਰਿਆਵਾਂ ਦੀ ਧਰਤੀ ਦੇ ਪਾਣੀ ਨੂੰ ਕਿਸੇ ਸਮੇਂ ਅੰਮ੍ਰਿਤ ਸਮਝਿਆ ਜਾਂਦਾ ਸੀ। ਹਰੀ ਕ੍ਰਾਂਤੀ ਤੋਂ ਬਾਅਦ ਖੇਤੀ ‘ਚ ਰਸਾਇਣਿਕ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਅਤੇ ਉਦਯੋਗਾਂ-ਕਾਰਖਾਨਿਆਂ ਦੇ ਪ੍ਰਦੂਸ਼ਣ ਨੇ ਕੁਦਰਤੀ ਸਰੋਤ ਅੱਜ ਅੰਮ੍ਰਿਤ ਤੋਂ ਜ਼ਹਿਰ ਬਣਾ ਦਿੱਤੇ ਹਨ।
ਬਾਕੀ ਰਹਿੰਦੀ-ਖ਼ੂੰਹਦੀ ਕਸਰ ਸਨਅਤੀ ਇਕਾਈਆਂ ਵਲੋਂ ਕੱਢੀ ਜਾ ਰਹੀ ਹੈ। ਸ਼ਹਿਰਾਂ ਅਤੇ ਉਦਯੋਗਿਕ ਖੇਤਰਾਂ ਦੇ ਗੰਦੇ ਨਾਲਿਆਂ ਦਾ ਪਾਣੀ ਬਿਨਾਂ ਸੋਧਿਆਂ ਹੀ ਦਰਿਆਵਾਂ, ਨਦੀਆਂ ਅਤੇ ਨਹਿਰਾਂ ਵਿਚ ਸੁੱਟਿਆ ਜਾ ਰਿਹਾ ਹੈ। ਜਲ ਪ੍ਰਦੂਸ਼ਣ ਪ੍ਰਤੀ ਹੋਏ ਇਕ ਸਰਵੇਖਣ ਅਨੁਸਾਰ ਫ਼ੈਕਟਰੀਆਂ ਸਭ ਤੋਂ ਵੱਧ ਜਲ ਦੂਸ਼ਿਤ ਕਰਦੀਆਂ ਹਨ। ਉਹ ਰਸਾਇਣਾਂ ਵਾਲੇ ਗੰਦੇ ਪਾਣੀ ਨੂੰ ਬਿਨਾ ਸੋਧੇ ਹੀ ਬਾਹਰ ਛੱਡ ਦਿੰਦੀਆਂ ਹਨ। ਇਕ ਅਨੁਮਾਨ ਮੁਤਾਬਕ ਰੋਜ਼ਾਨਾ 1 ਹਜ਼ਾਰ 44 ਮਿਲੀਅਨ ਲੀਟਰ ਪ੍ਰਦੂਸ਼ਿਤ ਪਾਣੀ ਸਤਿਲੁਜ ਅਤੇ ਬਿਆਸ ਦਰਿਆ ਵਿਚ ਸੁੱਟਿਆ ਜਾ ਰਿਹਾ ਹੈ। ਇਹ ਪਾਣੀ ਬੁੱਢਾ ਨਾਲਾ, ਚਿੱਟੀ ਅਤੇ ਕਾਲੀ ਵੇਈਂ, ਕਾਲਾ ਸੰਘਿਆ ਡਰੇਨ, ਕਿਰਨ ਨਾਲਾ, ਚੱਕੀ ਨਦੀ, ਸਾਕੀ ਨਾਲਾ ਆਦਿ ਤੋਂ ਸਿੱਧਾ ਸਤਿਲੁਜ ਅਤੇ ਬਿਆਸ ਵਿਚ ਆ ਰਿਹਾ ਹੈ। ਇਹ ਪਾਣੀ ਪੰਜਾਬ ਦੇ ਮਾਲਵਾ ਖੇਤਰ ਵਿਚ ਪਹੁੰਚ ਕੇ ਕੈਂਸਰ ਦੀ ਫ਼ਸਲ ਪੈਦਾ ਕਰ ਰਿਹਾ ਹੈ। ਉਤਰੀ ਭਾਰਤ ਦਾ ਸਭ ਤੋਂ ਵੱਡਾ ਵੇਟਲੈਂਡ ਹਰੀਕੇ ਪੱਤਣ, ਜੋ ਕਿ ਬਿਆਸ ਅਤੇ ਸਤਿਲੁਜ ਦਰਿਆਵਾਂ ਦੀਆਂ ਹੇਠਲੀਆਂ ਧਾਰਾਵਾਂ ‘ਤੇ ਨਿਰਭਰ ਹੈ, ਇਥੋਂ ਦਾ ਪਾਣੀ ਵੀ ਪ੍ਰਦੂਸ਼ਿਤ ਹੋ ਚੁੱਕਾ ਹੈ। ਨਤੀਜਨ ਅੱਜ ਪੰਜਾਬ ‘ਚ ਕਿਸੇ ਨਲਕੇ ਜਾਂ ਟਿਊਬਵੈਲ ਦਾ ਪਾਣੀ ਪੀਣਯੋਗ ਨਹੀਂ ਰਿਹਾ। ਜਿਨ੍ਹਾਂ ਲੋਕਾਂ ਦੀ ਪਹੁੰਚ ਹੈ, ਉਨ੍ਹਾਂ ਦੇ ਘਰਾਂ ‘ਚ ਪਾਣੀ ਸਾਫ਼ ਕਰਨ ਵਾਲੇ ਯੰਤਰ ਲੱਗ ਗਏ ਹਨ, ਪਰ ਬਾਕੀ ਪੰਜਾਬ ਜ਼ਹਿਰ ਪੀਣ ਲਈ ਮਜ਼ਬੂਰ ਹੈ।
ਹੁਣੇ-ਹੁਣੇ ਭਾਰਤ ਦੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੀ ਇਕ ਰਿਪੋਰਟ ਵਿਚ ਖ਼ੁਲਾਸਾ ਕੀਤਾ ਗਿਆ ਹੈ ਕਿ ਦੇਸ਼ ‘ਚ 60 ਫ਼ੀਸਦੀ ਤੋਂ ਵੱਧ ਸ਼ਹਿਰਾਂ ਦੇ ਸੀਵਰੇਜ ਵਾਲੇ ਪਾਣੀ ਨੂੰ ਬਿਨਾਂ ਸਾਫ਼ ਕੀਤਿਆਂ ਦਰਿਆਵਾਂ ‘ਚ ਸੁੱਟ ਦਿੱਤਾ ਜਾਂਦਾ ਹੈ, ਜੋ ਮਨੁੱਖੀ ਵਰਤੋਂ (ਖਪਤ) ਦੇ ਯੋਗ ਨਾ ਹੋਣ ਕਾਰਨ ਪ੍ਰਦੂਸ਼ਣ ਦੀ ਵਜ੍ਹਾ ਬਣਦਾ ਹੈ। ਇਸ ਪ੍ਰਦੂਸ਼ਣ ਕਾਰਨ ਹਵਾ, ਪਾਣੀ ਤੇ ਜ਼ਮੀਨ ਨੂੰ ਵੱਡੇ ਪੱਧਰ ‘ਤੇ ਨੁਕਸਾਨ ਪੁੱਜਣ ਕਾਰਨ ਬਿਮਾਰੀਆਂ ਵੱਧ ਰਹੀਆਂ ਹਨ ਤੇ ਵੱਡੀ ਗਿਣਤੀ ‘ਚ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ।ਪਾਣੀ ਦੀ ਬੇਕਦਰੀ ਅਤੇ ਘੋਰ-ਲਾਪ੍ਰਵਾਹੀ ਕਾਰਨ ਭਾਰਤ ਦੇ ਲਗਭਗ ਸਾਰੇ ਦਰਿਆ-ਨਦੀਆਂ ਪ੍ਰਦੂਸ਼ਿਤ ਹੋ ਚੁੱਕੇ ਹਨ। ਜਿਨ੍ਹਾਂ ਨਦੀਆਂ ਨੂੰ ਸਦੀਆਂ ਤੋਂ ਪੂਜਿਆ ਜਾਂਦਾ ਹੈ, ਉਨ੍ਹਾਂ ਨੂੰ ਵੀ ਬਖ਼ਸ਼ਿਆ ਨਹੀਂ ਗਿਆ। ਪਵਿੱਤਰ ਮੰਨੇ ਜਾਂਦੇ ਗੰਗਾ, ਜਮਨਾ, ਕਾਵੇਰੀ ਤੇ ਗੋਦਾਵਰੀ ਦਰਿਆਵਾਂ ਦਾ ਜਲ ਪ੍ਰਦੂਸ਼ਿਤ ਹੋ ਚੁੱਕਿਆ ਹੈ। ਗੰਗਾ ਦੇ ਕੰਢੇ ਉੱਪਰ 98 ਸ਼ਹਿਰ ਤੇ ਕਸਬੇ ਹਨ। ਇਸ ਦੀ 2,525 ਕਿਲੋਮੀਟਰ ਦੀ ਲੰਬਾਈ ਵਿਚ ਤਕਰੀਬਨ 29 ਅਰਬ ਘਣ ਮੀਟਰ ਗੰਦਾ ਪਾਣੀ ਹਰ ਰੋਜ਼ ਡਿਗਦਾ ਹੈ। ਕੇਵਲ 16 ਸ਼ਹਿਰ ਅਜਿਹੇ ਹਨ ਜਿਨ੍ਹਾਂ ਕੋਲ ਸੀਵਰ ਵਰਗੀ ਵਿਵਸਥਾ ਹੈ, ਬਾਕੀ 82 ਨਗਰਾਂ ਦਾ ਮਲ-ਮੂਤਰ ਤੇ ਕਚਰਾ ਇਸ ਵਿਚ ਸੁੱਟਿਆ ਜਾ ਰਿਹਾ ਹੈ। ਮੂਸੀ ਨਦੀ (ਹੈਦਰਾਬਾਦ) ਆਖ਼ਰੀ ਸਾਹ ਲੈ ਰਹੀ ਹੈ। ਸ੍ਰੀਨਗਰ ਦੀ ਆਰਥਿਕ ਸਾਹਰਗ ਡੱਲ ਝੀਲ ਵੀ ਮਰਨ ਕਿਨਾਰੇ ਹੈ। ਮਨੀਪੁਰ ਦੀ ਲੋਕਤਾਰ ਝੀਲ ਦਾ ਵੀ ਇਹੋ ਹਸ਼ਰ ਹੋ ਰਿਹਾ ਹੈ। ਇਸ ਵਿਚ ਇੰਨੀ ਬਨਸਪਤੀ ਉੱਗ ਚੁੱਕੀ ਹੈ ਕਿ ਆਸਾਨੀ ਨਾਲ ਝੀਲ ਅੰਦਰ ਤੁਰਿਆ-ਫਿਰਿਆ ਜਾ ਸਕਦਾ ਹੈ।ਪਾਣੀ ਨੂੰ ਬਹੁਤ ਸਾਰੇ ਪਦਾਰਥ ਦੂਸ਼ਿਤ ਕਰਦੇ ਹਨ ਪਰ ਮੁੱਖ ਰੂਪ ਵਿਚ ਪੈਟਰੋਲੀਅਮ ਪਦਾਰਥ, ਕੀਟਨਾਸ਼ਕ ਤੇ ਨਦੀਨ ਨਾਸ਼ਕ ਦਵਾਈਆਂ, ਪਾਰਾ, ਕੇਮੀਅਮ, ਆਰਸਨਿਕ, ਕਈ ਪ੍ਰਕਾਰ ਦੀਆਂ ਖਾਦਾਂ, ਪਰਮਾਣੂ ਤੇ ਮਨੁੱਖੀ ਰਹਿੰਦ-ਖੂੰਹਦ, ਡਾਈਆਂ, ਸਾਬਣ, ਡਿਟਰਜੈਂਟ, ਮਲ ਤਿਆਗ ਅਤੇ ਕੂੜਾ ਕਚਰਾ ਆਦਿ ਦਾ ਵਰਣਨ ਕੀਤਾ ਜਾ ਸਕਦਾ ਹੈ। ਪਾਰਾ, ਕੇਮੀਅਮ ਅਤੇ ਆਰਸਨਿਕ ਤਾਂ ਬਹੁਤ ਹੀ ਜ਼ਹਿਰੀਲੇ ਅੰਸ਼ ਹਨ ਜੋ ਜਲ ਪ੍ਰਦੂਸ਼ਿਤ ਕਰਦੇ ਹਨ ਅਤੇ ਕਾਰਖਾਨਿਆਂ ਦੀ ਨੁਕਸਾਨਦੇਹ ਰਹਿੰਦ-ਖੂੰਹਦ ਵਜੋਂ ਪਾਣੀ ਵਿਚ ਆ ਰਲਦੇ ਹਨ। ਵੱਡੇ ਸ਼ਹਿਰਾਂ ਦਾ ਮਨੁੱਖੀ ਮਲ-ਮੂਤਰ ਤੇ ਕੂੜੇ ਕਰਕਟ ਸਮੇਤ ਸਮੁੱਚੀ ਰਹਿੰਦ-ਖੂੰਹਦ ਜਲ ਪ੍ਰਦੂਸ਼ਣ ਦਾ ਕਾਰਨ ਬਣਦੀ ਹੈ।
ਦਰਿਆਈ ਪਾਣੀਆਂ ਵਿਚ ਰਸਾਇਣਕ ਤਰਲ ਰੋੜ੍ਹਨੇ ਜਾਂ ਰੁੜ੍ਹਨ ਦੇਣੇ ਜਲ ਐਕਟ, 1974 ਦੀ ਉਲੰਘਣਾ ਹੈ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਫ਼ੌਜਦਾਰੀ ਤੇ ਦੀਵਾਨੀ ਕਾਰਵਾਈ ਹੋਣੀ ਚਾਹੀਦੀ ਹੈ। ਪਰ ਭਾਰਤ ਵਿਚ ਇਹ ਕਾਨੂੰਨ ਸਿਰਫ਼ ਕਾਗਜ਼ਾਂ ਤੱਕ ਸੀਮਤ ਹੋ ਕੇ ਰਹਿ ਗਏ ਹਨ। ਮਿਲੀਭੁਗਤ ਨਾਲ ਵੱਡੇ ਸਨਅਤਕਾਰ ਸਨਅਤਾਂ ਦੇ ਜ਼ਹਿਰੀਲੇ ਕੈਮੀਕਲਾਂ ਨੂੰ ਬੇਰੋਕ ਦਰਿਆਵਾਂ, ਨਦੀਆਂ ਵਿਚ ਸੁੱਟ ਕੇ ਕੁਦਰਤ ਨਾਲ ਘੋਰ ਖਿਲਵਾੜ ਕੀਤਾ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਅੰਦਰ ਬਿਆਸ ਦਰਿਆ ਕੰਢੇ ਇਕ ਖੰਡ ਮਿੱਲ ਵਲੋਂ ਵੱਡੀ ਮਾਤਰਾ ਵਿਚ ਜ਼ਹਿਰੀਲਾ ਪਦਾਰਥ ਦਰਿਆ ਵਿਚ ਸੁੱਟਣ ਕਾਰਨ ਹਜ਼ਾਰਾਂ ਦੀ ਗਿਣਤੀ ‘ਚ ਦਰਿਆਈ ਮੱਛੀਆਂ ਦੇ ਮਾਰੇ ਜਾਣ ਦੀ ਘਟਨਾ ਸਾਹਮਣੇ ਆਈ ਸੀ। ਘਟਨਾ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਥੋੜ੍ਹਾ ਹਰਕਤ ਵਿਚ ਆਈ ਸੀ ਪਰ ਬਾਅਦ ਵਿਚ ਮੁੜ ਜਲ ਪ੍ਰਦੂਸ਼ਣ ਨੂੰ ਲੈ ਕੇ ਸਰਕਾਰ ਕੁੰਭਕਰਨੀ ਨੀਂਦ ਸੌਂ ਗਈ ਸੀ।ਦਰਿਆਵਾਂ ਅਤੇ ਨਦੀਆਂ-ਨਾਲਿਆਂ ਦੇ ਨੇੜੇ ਸਥਿਤ ਹੋਰਨਾਂ ਫੈਕਟਰੀਆਂ ਦੇ ਰਸਾਇਣ ਭੰਡਾਰਾਂ ਤੇ ਜਲ-ਸੋਧਕ ਪ੍ਰਕਿਰਿਆਵਾਂ ਦਾ ਮੁਲਾਂਕਣ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਵੱਧ ਫ਼ਸਲਾਂ ਦੇ ਝਾੜ ਲੈਣ ਦੀ ਹੋੜ ਵਿਚ ਜਾਂ ਬੋਰਾਂ ਰਾਹੀਂ ਪਾਣੀ ਵਧਾਉਣ ਲਈ ਗ਼ੈਰ-ਕਾਨੂੰਨੀ ਅਤੇ ਗ਼ੈਰ-ਕੁਦਰਤੀ ਵਰਤਾਰਿਆਂ ਨੂੰ ਰੋਕਣ ਲਈ ਸਰਕਾਰਾਂ ਨੂੰ ਫ਼ੌਰੀ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਵਾਤਾਵਰਨ ਪ੍ਰੇਮੀਆਂ ਨੂੰ ਜਲ ਸੰਕਟ ਅਤੇ ਜਲ ਪ੍ਰਦੂਸ਼ਣ ਪ੍ਰਤੀ ਜਾਗਰੂਕਤਾ ਲਹਿਰ ਚਲਾਉਣੀ ਚਾਹੀਦੀ ਹੈ। ਜੇਕਰ ਸਮਾਂ ਰਹਿੰਦਿਆਂ ਸਮਾਜ ਦੇ ਸਾਰੇ ਵਰਗਾਂ ਨੇ ਜਲ ਸੰਕਟ ਵਰਗੀ ਗੰਭੀਰ ਸਮੱਸਿਆ ਵੱਲ ਧਿਆਨ ਨਾ ਦਿੱਤਾ ਤਾਂ ਉਹ ਦਿਨ ਦੂਰ ਨਹੀਂ ਹੋਵੇਗਾ, ਜਦੋਂ ਭਾਰਤ, ਖ਼ਾਸ ਕਰਕੇ ਪੰਜਾਬ ਮਨੁੱਖ ਦੇ ਰਹਿਣਯੋਗ ਨਹੀਂ ਰਹੇਗਾ।

Check Also

ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਘਟਨਾਕ੍ਰਮ

ਪਿਛਲੇ ਦਿਨੀਂ ਜ਼ਿਲ੍ਹਾ ਤਰਨਤਾਰਨ ਦੇ ਇਕ ਪਿੰਡ ਵਿਚ ਇਕ ਔਰਤ ਨਾਲ ਕੀਤੇ ਗਏ ਅਣਮਨੁੱਖੀ ਵਰਤਾਰੇ …