ਟੋਰਾਂਟੋ/ਬਿਊਰੋ ਨਿਊਜ਼
ਸਥਾਨਕ ਸ਼ੈਰੀਡਨ ਕਾਲਜ ‘ਚ ਪੰਜਾਬੀ ਪਾੜ੍ਹਿਆਂ ਦੇ ਦੋ ਧੜਿਆਂ ਦਰਮਿਆਨ ਡਾਂਗਾਂ-ਸੋਟੀਆਂ ਨਾਲ ਜਮ ਕੇ ਲੜਾਈ ਹੋਈ। ਇੱਥੇ ਪੜ੍ਹਨ ਆਏ ਪੰਜਾਬੀ ਪਾੜ੍ਹਿਆਂ ਦੀਆਂ ਵੱਧ ਰਹੀਆਂ ਗ਼ੈਰ ਜ਼ਿੰਮੇਵਾਰਾਨਾ ਹਰਕਤਾਂ ਅਤੇ ਹੁੱਲੜਬਾਜ਼ੀ ਲੋਕਾਂ ਲਈ ਚਿੰਤਾ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬੀਤੀ ਸ਼ਾਮ ਬਰੈਂਪਟਨ ਦੇ ਸ਼ੈਰੀਡਨ ਕਾਲਜ ਲਾਗਲੇ ਪਲਾਜ਼ੇ ਵਿੱਚ ਦੋ ਧੜਿਆਂ ਵਿਚਕਾਰ ਸ਼ਰੇਆਮ ਡਾਂਗਾਂ ਸੋਟਿਆਂ ਨਾਲ ਹੋਈ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਪਾਈ ਗਈ ਹੈ। ਕਈ ਲੋਕਾਂ ਨੇ ਇਸ ਦੀ ਤਿੱਖੀ ਨਿੰਦਾ ਕਰਦਿਆਂ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਹੈ। ਇਸ ਤੋਂ ਪਹਿਲਾਂ ਵੀ ਇੱਕਾ-ਦੁੱਕਾ ਘਟਨਾਵਾਂ ਹੋ ਚੁੱਕੀਆਂ ਹਨ ਪਰ ਕਿਸੇ ‘ਤੇ ਕੋਈ ਕੇਸ ਦਰਜ ਨਹੀਂ ਹੋਇਆ ਹੈ। ਉਕਤ ਲੜਾਈ ‘ਚ 20-25 ਮੁੰਡੇ ਸ਼ਾਮਲ ਦੱਸੇ ਜਾਂਦੇ ਹਨ। ਗੁਰਮਿੰਦਰ ਆਹਲੂਵਾਲੀਆ ਨੇ ਆਖਿਆ ਕਿ ਇਹ ‘ਵਿਗੜੇ ਕਾਕੇ’ ਸੁਹਿਰਦ ਵਿਦਿਆਰਥੀਆਂ ਲਈ ਕੰਡੇ ਬੀਜ ਰਹੇ ਹਨ। ਮੁਲਕ ਦੇ ਇੰਮੀਗਰੇਸ਼ਨ ਮੰਤਰੀ, ਸ਼ਹਿਰ ਦੀ ਮੇਅਰ, ਕੌਂਸਲਰ, ਐਮਪੀਜ਼ ਅਤੇ ਪੁਲੀਸ ਨੂੰ ਇਤਲਾਹ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਖ਼ਤ ਨਿਯਮ ਲਾਗੂ ਹੋਣੇ ਚਾਹੀਦੇ ਹਨ। ਕੈਨੇਡਾ ‘ਚ ਇਸ ਵੇਲੇ ਤਿੰਨ ਲੱਖ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਹਨ ਜਿਨ੍ਹਾਂ ‘ਚ ਵੱਡੀ ਗਿਣਤੀ ਪੰਜਾਬੀਆਂ ਦੀ ਹੈ ਜੋ ਸਥਾਨਕ ਪਾੜ੍ਹਿਆਂ ਤੋਂ ਤਿੰਨ ਗੁਣਾ ਵੱਧ ਫੀਸਾਂ ਭਰਦੇ ਹਨ। ਵਿਦੇਸ਼ੀ ਸਰਕਾਰਾਂ ਦੀ ਨਿਗ੍ਹਾ ਸਿਰਫ਼ ਇਨ੍ਹਾਂ ਤੋਂ ਮੋਟੀਆਂ ਫੀਸਾਂ ਬਟੋਰਨ ਤਕ ਸੀਮਤ ਹੈ। ਪੁਲੀਸ ਕਾਂਸਟੇਬਲ ਬੈਂਕਰੌਫਟ ਰਾਈਟ ਨੇ ਆਖਿਆ ਕਿ ਉਸ ਨੇ ਲੜਾਈ ਦੀ ਵੀਡੀਓ ਵੇਖੀ ਜ਼ਰੂਰ ਹੈ ਪਰ ਅਜੇ ਕਿਸੇ ਵੱਲੋਂ ਰਿਪੋਰਟ ਨਹੀਂ ਲਿਖਾਈ ਗਈ ਹੈ। ਸਮਾਜਿਕ ਕਾਰਕੁਨ ਪਰਮਜੀਤ ਬਿਰਦੀ ਮੁਤਾਬਕ ‘ਪੱਕੇ ਹੋਣ’ ਦੇ ਮੰਤਵ ਨਾਲ ਆਏ ਰੱਜੇ-ਪੁੱਜੇ ਘਰਾਂ ਦੇ ‘ਵਿਗੜੇ ਕਾਕੇ’ ਇਥੋਂ ਦੇ ਵਧੀਆ ਸਿਸਟਮ ਅਤੇ ਮਾਹੌਲ ਨੂੰ ਖ਼ਰਾਬ ਕਰ ਰਹੇ ਹਨ। ਇਥੇ ਵਸਦੇ ਪਰਿਵਾਰ ਅਤੇ ਉਨ੍ਹਾਂ ਦੇ ਬੱਚੇ ਅਜਿਹੇ ਹਾਲਾਤ ਤੋਂ ਡਰੇ ਹੋਏ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …