ਅਟਾਰੀ/ਬਿਊਰੋ ਨਿਊਜ਼ : ਭਾਰਤ-ਪਾਕਿਸਤਾਨ ਵਿਚਕਾਰ ਅਟਾਰੀ-ਵਾਹਗਾ ਸਰਹੱਦ ਰਸਤੇ ਵਪਾਰ ਖੁੱਲ੍ਹਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫਤਹਿ) ਦੇ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਹੇਠ ਮੰਗਲਵਾਰ ਨੂੰ ਅਟਾਰੀ ਸਰਹੱਦ ਦੇ ਬਾਹਰ ਅਰਦਾਸ ਕੀਤੀ ਗਈ।
ਇਸ ਮੌਕੇ ਅਰਦਾਸੀਏ ਭਾਈ ਅਮਰੀਕ ਸਿੰਘ ਨੰਗਲ ਜਨਰਲ ਸਕੱਤਰ ਨੇ ਅਰਦਾਸ ਕੀਤੀ। ਸੰਗਤ ਨੇ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਅਟਾਰੀ-ਵਾਹਗਾ ਸਰਹੱਦ ਰਸਤੇ ਪਹਿਲਾਂ ਵਾਂਗ ਵਪਾਰ ਖੋਲ੍ਹਿਆ ਜਾਵੇ। ਜਸਕਰਨ ਸਿੰਘ ਨੇ ਦੱਸਿਆ ਕਿ ਦੋਵਾਂ ਮੁਲਕਾਂ ਦਰਮਿਆਨ ਇਸ ਸਰਹੱਦ ਰਾਹੀਂ ਵਪਾਰ ਸ਼ੁਰੂ ਹੋਣ ਤੱਕ ਇੱਥੇ ਹਰ ਮਹੀਨੇ ਦੀ 10 ਤਰੀਕ ਨੂੰ ਅਰਦਾਸ ਕੀਤੀ ਜਾਵੇਗੀ।
ਉਨ੍ਹਾਂ ਸਵਾਲ ਕੀਤਾ ਕਿ ਇੱਥੋਂ ਸਬਜ਼ੀਆਂ, ਖੇਤੀਬਾੜੀ ਸਬੰਧੀ ਸਮਾਨ ਤੇ ਹੋਰ ਵਸਤਾਂ ਬਣ ਕੇ ਮੁੰਬਈ ਤੇ ਗੁਜਰਾਤ ਬੰਦਰਗਾਹ ਰਸਤੇ ਪਾਕਿਸਤਾਨ ਜਾ ਸਕਦੀਆਂ ਹਨ ਤਾਂ ਪੰਜਾਬ ਰਸਤੇ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਅਟਾਰੀ-ਵਾਹਗਾ ਰਸਤੇ ਵਪਾਰ ਹੋਵੇਗਾ ਤਾਂ ਸਨਅਤ ਸਮੇਤ ਹਰ ਵਰਗ ਖੁਸ਼ਹਾਲ ਹੋਵੇਗਾ। ਉਨ੍ਹਾਂ ਕਿਹਾ ਕਿ ਅਟਾਰੀ-ਵਾਹਗਾ ਸਰਹੱਦ ਰਸਤੇ ਵਪਾਰ ਖੁੱਲ੍ਹੇਗਾ ਤਾਂ ਟਰੱਕ ਡਰਾਈਵਰਾਂ ਤੇ ਇੱਥੇ ਕੰਮ ਕਰਦੇ ਕੁੱਲੀਆਂ (ਮਜ਼ਦੂਰਾਂ) ਨੂੰ ਵੀ ਕੰਮ ਮਿਲੇਗਾ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਮੈਂਬਰ ਪਾਰਲੀਮੈਂਟ ਤੇ ਮੁੱਖ ਮੰਤਰੀ ਅਟਾਰੀ-ਵਾਹਗਾ ਸਰਹੱਦ ਰਸਤੇ ਵਪਾਰ ਲਈ ਉਤਸੁਕ ਨਹੀਂ ਹਨ।
ਉਨ੍ਹਾਂ ਕਿਹਾ ਕਿ ਅਟਾਰੀ ਸਰਹੱਦ ‘ਤੇ ਅਰਦਾਸ ਕਰਨ ਨਾਲ ਕੇਂਦਰ ਸਰਕਾਰ ਦੇ ਕੰਨਾਂ ਤੱਕ ਆਵਾਜ਼ ਜ਼ਰੂਰ ਪਵੇਗੀ। ਕਾਹਨ ਸਿੰਘ ਵਾਲਾ ਨੇ ਦੱਸਿਆ ਕਿ ਹਰ ਮਹੀਨੇ 10 ਤਰੀਕ ਨੂੰ ਅਟਾਰੀ ਸਰਹੱਦ ਦੇ ਬਾਹਰ ਅਤੇ 25 ਤਰੀਕ ਨੂੰ ਕਰਤਾਰਪੁਰ ਕੋਰੀਡੋਰ ਵਿਖੇ ਅਰਦਾਸ ਹੋਇਆ ਕਰੇਗੀ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …