Breaking News
Home / ਸੰਪਾਦਕੀ / ਇਜ਼ਰਾਈਲ-ਹਮਾਸ ਯੁੱਧ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ

ਇਜ਼ਰਾਈਲ-ਹਮਾਸ ਯੁੱਧ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ

ਪੱਛਮੀ ਏਸ਼ੀਆ ਵਿਚ ਇਜ਼ਰਾਈਲ ਅਤੇ ਹਮਾਸ ਵਿਚਕਾਰ ਛਿੜੀ ਲੜਾਈ ਨੇ ਇਕ ਵਾਰ ਫਿਰ ਦੁਨੀਆ ਭਰ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਪਿਛਲੇ ਲੰਮੇ ਸਮੇਂ ਤੋਂ ਰੂਸ ਤੇ ਯੂਕਰੇਨ ਵਿਚ ਛਿੜੀ ਜੰਗ ਨਾਲ ਜਿਥੇ ਵੱਡੀ ਤਬਾਹੀ ਹੋ ਰਹੀ ਹੈ, ਉਥੇ ਇਸ ਦਾ ਅਸਰ ਵੀ ਵੱਡੀ ਪੱਧਰ ‘ਤੇ ਦੇਖਿਆ ਜਾ ਸਕਦਾ ਹੈ। ਸਾਲ 1948 ਤੱਕ ਇਜ਼ਰਾਈਲ ਦੀ ਹੋਂਦ ਨਹੀਂ ਸੀ, ਫਲਸਤੀਨ ਇਲਾਕੇ ‘ਤੇ ਅੰਗਰੇਜ਼ੀ ਸ਼ਾਸਨ ਸੀ, ਜਿਥੇ ਕਿ ਦੁਨੀਆ ਭਰ ਦੇ ਯਹੂਦੀਆਂ ਨੂੰ ਵਸਾਉਣ ਦੀ ਅਮਰੀਕਾ ਤੇ ਪੱਛਮੀ ਦੇਸ਼ਾਂ ਵਲੋਂ ਯੋਜਨਾ ਬਣਾਈ ਗਈ ਸੀ। ਉਥੋਂ ਬਹੁਤ ਸਾਰੇ ਫਲਸਤੀਨੀਆਂ ਨੂੰ ਚਲੇ ਜਾਣ ਲਈ ਮਜ਼ਬੂਰ ਹੋਣਾ ਪਿਆ ਸੀ। ਉਹ ਨਾਲ ਲੱਗਦੇ ਗਾਜ਼ਾ ਪੱਟੀ, ਲਿਬਨਾਨ ਅਤੇ ਹੋਰ ਅਰਬ ਦੇਸ਼ਾਂ ਵਿਚ ਸ਼ਰਨਾਰਥੀਆਂ ਦੇ ਰੂਪ ਵਿਚ ਜੀਵਨ ਬਿਤਾਉਂਦੇ ਰਹੇ ਹਨ। ਇਜ਼ਰਾਈਲ ਦੇ ਹੋਂਦ ਵਿਚ ਆਉਣ ਸਮੇਂ ਮਿਸਰ ਅਤੇ ਸੀਰੀਆ ਸਮੇਤ ਕੁੱਝ ਹੋਰ ਅਰਬ ਦੇਸ਼ਾਂ ਨੇ ਇਸ ‘ਤੇ ਹਮਲਾ ਕਰ ਦਿੱਤਾ ਸੀ, ਜੋ ਸਫ਼ਲ ਨਹੀਂ ਸੀ ਹੋ ਸਕਿਆ। ਸਮੇਂ ਦੇ ਬੀਤਣ ਨਾਲ ਜਿਥੇ ਇਜ਼ਰਾਈਲ ਨੇ ਆਪਣੀ ਹੋਂਦ ਨੂੰ ਮਜਬੂਤ ਕਰ ਲਿਆ ਉਥੇ ਫਲਸਤੀਨੀਆਂ ਨੂੰ ਅਜੇ ਤੱਕ ਆਪਣਾ ਦੇਸ਼ ਨਸੀਬ ਨਹੀਂ ਹੋਇਆ। ਇਕੱਲੇ ਗਾਜ਼ਾ ਪੱਟੀ ਵਿਚ ਹੀ 23 ਲੱਖ ਦੇ ਲਗਭਗ ਫਲਸਤੀਨੀ ਰਹਿੰਦੇ ਹਨ।
ਪੀ.ਐਲ.ਓ. ਤੋਂ ਬਾਅਦ ਹਮਾਸ ਇਨ੍ਹਾਂ ਫਲਸਤੀਨੀਆਂ ਵਿਚੋਂ ਉਭਰਿਆ ਇਕ ਅਜਿਹਾ ਸੰਗਠਨ ਹੈ, ਜੋ ਹਰ ਤਰ੍ਹਾਂ ਨਾਲ ਇਜ਼ਰਾਈਲ ਦੀ ਹੋਂਦ ਲਈ ਖ਼ਤਰਾ ਬਣਿਆ ਹੋਇਆ ਹੈ। ਜਿਥੇ ਮਿਸਰ ਅਤੇ ਕੁਝ ਹੋਰ ਅਰਬ ਦੇਸ਼ਾਂ ਨੇ ਇਜ਼ਰਾਈਲ ਨਾਲ ਸ਼ਾਂਤੀ ਸਮਝੌਤੇ ਕਰ ਲਏ ਹਨ, ਉਥੇ ਹੁਣ ਅਰਬ ਦਾ ਬੇਹੱਦ ਮਹੱਤਵਪੂਰਨ ਦੇਸ਼ ਸਾਊਦੀ ਅਰਬ ਵੀ ਅਮਰੀਕਾ ਦੀ ਮਦਦ ਨਾਲ ਇਜ਼ਰਾਈਲ ਦੇ ਨੇੜੇ ਆ ਰਿਹਾ ਹੈ। ਪਰ ਈਰਾਨ ਅਤੇ ਸਾਊਦੀ ਅਰਬ ਵਿਚਕਾਰ ਇਸ ਖਿੱਤੇ ਵਿਚ ਪੁਰਾਣੀ ਦੁਸ਼ਮਣੀ ਚਲੀ ਆਉਂਦੀ ਹੈ। ਈਰਾਨ ਦੀ ਮਦਦ ਨਾਲ ਹੀ ਲਿਬਨਾਨ ਵਿਚ ‘ਹਿਜ਼ਬੁੱਲਾ’ ਸੰਗਠਨ ਵੀ ਇਜ਼ਰਾਈਲ ਦੇ ਵਿਰੋਧ ਵਿਚ ਆਪਣੇ ਆਪ ਨੂੰ ਮਜ਼ਬੂਤ ਕਰਦਾ ਆ ਰਿਹਾ ਹੈ। ਇਸ ਲੜਾਈ ਵਿਚ ਹਿਜ਼ਬੁੱਲਾ ਅੱਤਵਾਦੀ ਸੰਗਠਨ ਵੀ ਸ਼ਾਮਿਲ ਹੈ। ਪਿਛਲੇ ਦਹਾਕਿਆਂ ਵਿਚ ਜਿਥੇ ਇਜ਼ਰਾਈਲ ਆਪਣੀ ਹੋਂਦ ਦੀ ਲੜਾਈ ਲੜਦਾ ਹੋਇਆ ਆਪਣੇ ਆਪ ਨੂੰ ਮਜ਼ਬੂਤ ਕਰਦਾ ਰਿਹਾ ਹੈ ਉਥੇ ਬਹੁਤੇ ਅਰਬ ਦੇਸ਼ਾਂ ਵਿਚ ਘਿਰੇ ਇਸ ਛੋਟੇ ਜਿਹੇ ਮੁਲਕ ਨੂੰ ਇਨ੍ਹਾਂ ਦੇਸ਼ਾਂ ਵਲੋਂ ਵੀ ਅਕਸਰ ਚੁਣੌਤੀ ਮਿਲਦੀ ਰਹੀ ਹੈ। ਹੁਣ ਫਲਸਤੀਨੀ ਸੰਗਠਨ ‘ਹਮਾਸ’ ਨੇ ਇਜ਼ਰਾਈਲ ‘ਤੇ ਜੋ ਹਮਲਾ ਕੀਤਾ ਹੈ, ਉਹ ਬੇਹੱਦ ਯੋਜਨਾਬੱਧ ਢੰਗ ਨਾਲ ਅਤੇ ਪੂਰੀ ਤਿਆਰੀ ਨਾਲ ਕੀਤਾ ਗਿਆ ਹੈ। ਇਹ ਇਜ਼ਰਾਈਲ ਲਈ ਇਕ ਬਹੁਤ ਵੱਡੀ ਚੁਣੌਤੀ ਮੰਨੀ ਜਾ ਰਹੀ ਹੈ। ਜਿਥੇ ਅਮਰੀਕਾ ਅਤੇ ਬਹੁਤੇ ਯੂਰਪੀ ਮੁਲਕ ਹਮੇਸ਼ਾ ਵਾਂਗ ਹੁਣ ਵੀ ਇਜ਼ਰਾਈਲ ਨਾਲ ਆ ਖੜ੍ਹੇ ਹੋਏ ਹਨ, ਉਥੇ ਰੂਸ ਅਤੇ ਚੀਨ ਦਾ ਹਮੇਸ਼ਾ ਇਹ ਪੱਖ ਰਿਹਾ ਹੈ ਕਿ ਫਲਸਤੀਨੀਆਂ ਨੂੰ ਆਪਣਾ ਵੱਖਰਾ ਆਜ਼ਾਦ ਦੇਸ਼ ਮਿਲਣਾ ਚਾਹੀਦਾ ਹੈ। ਚਾਹੇ ਸੰਯੁਕਤ ਰਾਸ਼ਟਰ ਨੇ ਇਜ਼ਰਾਈਲ ਦੀ ਹੋਂਦ ਨੂੰ ਸ਼ੁਰੂ ਤੋਂ ਹੀ ਮੰਨ ਲਿਆ ਸੀ ਅਤੇ ਬਾਅਦ ਵਿਚ ਭਾਰਤ ਸਮੇਤ ਹੋਰ ਬਹੁਤ ਸਾਰੇ ਦੇਸ਼ਾਂ ਨੇ ਵੀ ਇਸ ਨੂੰ ਮਾਨਤਾ ਦੇ ਦਿੱਤੀ ਸੀ ਪਰ ਹਮਾਸ ਅਤੇ ਕੁਝ ਹੋਰ ਮੁਸਲਿਮ ਅੱਤਵਾਦੀ ਸੰਗਠਨਾਂ ਨੇ ਹਮੇਸ਼ਾ ਇਜ਼ਰਾਈਲ ਵਿਰੁੱਧ ਆਪਣੇ ਸੰਘਰਸ਼ ਨੂੰ ਜਾਰੀ ਰੱਖਿਆ ਹੈ।
ਹੁਣ ਜਿੱਥੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਹਮਾਸ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ ਹੈ, ਉਥੇ ਉਸ ਨੇ ਆਪਣੇ ਗੁਆਂਢੀ ਗਾਜ਼ਾ ਤੋਂ ਹਮਾਸ ਨੂੰ ਨੇਸਤੋ-ਨਾਬੂਦ ਕਰ ਦੇਣ ਦਾ ਵੀ ਐਲਾਨ ਕੀਤਾ ਹੈ, ਜਿਸ ਕਾਰਨ ਆਉਂਦੇ ਦਿਨਾਂ ਵਿਚ ਇਹ ਲੜਾਈ ਬੇਹੱਦ ਭਿਅੰਕਰ ਰੂਪ ਧਾਰਨ ਕਰ ਸਕਦੀ ਹੈ। ਭਾਰਤ ਸਮੇਤ ਦੁਨੀਆ ਭਰ ‘ਤੇ ਇਸ ਦਾ ਵੱਡਾ ਅਸਰ ਦੇਖਿਆ ਜਾਏਗਾ, ਖ਼ਾਸ ਕਰਕੇ ਤੇਲ ਦੀਆਂ ਕੀਮਤਾਂ ਵਿਚ ਵਿਚ ਵੀ ਭਾਰੀ ਵਾਧਾ ਹੋ ਸਕਦਾ ਹੈ। ਇਸ ਦੇ ਨਾਲ ਹੀ ਜਿਸ ਤਰ੍ਹਾਂ ਅਮਰੀਕਾ ਅਤੇ ਯੂਰਪ ਦੇ ਬਹੁਤੇ ਦੇਸ਼ ਇਜ਼ਰਾਈਲ ਨਾਲ ਆ ਖੜ੍ਹੇ ਹੋਏ ਹਨ, ਉਸ ਨੂੰ ਵੇਖਦਿਆਂ ਇਸ ਲੜਾਈ ਵਿਚ ਹੋਰ ਮੁਲਕਾਂ ਦੇ ਵੀ ਸ਼ਾਮਿਲ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ। ਇਸ ਖ਼ੂਨ-ਖ਼ਰਾਬੇ ਨੂੰ ਰੋਕਣ ਲਈ ਜਿਥੇ ਸੰਯੁਕਤ ਰਾਸ਼ਟਰ ਸੰਘ ਨੂੰ ਤੁਰੰਤ ਆਪਣਾ ਯੋਗਦਾਨ ਪਾਉਣ ਦੀ ਜ਼ਰੂਰਤ ਹੈ, ਉੱਥੇ ਦੁਨੀਆ ਦੇ ਸਾਰੇ ਸਥਾਪਿਤ ਤੇ ਪ੍ਰਭਾਵਸ਼ਾਲੀ ਦੇਸ਼ਾਂ ਨੂੰ ਇਹ ਜੰਗ ਖ਼ਤਮ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

Check Also

ਭਾਰਤੀ ਸਿਆਸਤ ਵਿਚ ਆ ਰਹੀ ਗਿਰਾਵਟ

ਭਾਰਤ ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਖ-ਵੱਖ ਰਾਜਾਂ ਵਿਚ ਰਾਜ ਸਭਾ ਦੀਆਂ ਖਾਲੀ ਹੋਈਆਂ …