Breaking News
Home / ਦੁਨੀਆ / ਅਫਗਾਨਿਸਤਾਨ ਤੋਂ ਅਟਾਰੀ ਰਸਤੇ ਹੁੰਦੀ ਦਰਾਮਦ ਤੀਹ ਫੀਸਦ ਘਟੀ

ਅਫਗਾਨਿਸਤਾਨ ਤੋਂ ਅਟਾਰੀ ਰਸਤੇ ਹੁੰਦੀ ਦਰਾਮਦ ਤੀਹ ਫੀਸਦ ਘਟੀ

ਸਾਲ 2021 ਨਾਲੋਂ 2022 ਵਿੱਚ ਵਪਾਰ 1018 ਕਰੋੜ ਰੁਪਏ ਘਟਿਆ, ਵਪਾਰੀ ਅਫਗਾਨ ਸਰਕਾਰ ਨੂੰ ਦੇ ਰਹੇ ਨੇ ਆਰੋਪ
ਅੰਮ੍ਰਿਤਸਰ : ਅਫਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਦੀ ਸਥਾਪਨਾ ਤੋਂ ਬਾਅਦ ਭਾਰਤ ਨਾਲ ਅਟਾਰੀ ਰਸਤੇ ਹੋ ਰਹੀ ਦਰਾਮਦ ‘ਤੇ ਵੱਡਾ ਅਸਰ ਪਿਆ ਹੈ। 2022 ਵਿੱਚ ਇਸ ਇੱਕਪਾਸੜ ਵਪਾਰ ਵਿੱਚ ਪਿਛਲੇ ਵਰ੍ਹੇ 2021 ਨਾਲੋਂ ਲਗਪਗ 1018 ਕਰੋੜ ਰੁਪਏ ਦੀ ਕਟੌਤੀ ਹੋਈ ਹੈ। ਜਾਣਕਾਰੀ ਅਨੁਸਾਰ ਇਸ ਵੇਲੇ ਅਟਾਰੀ ਸਰਹੱਦ ਰਸਤੇ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਣ ਵਾਲਾ ਦੁਵੱਲਾ ਵਪਾਰ ਬੰਦ ਹੈ ਤੇ ਸਿਰਫ ਅਫਗਾਨਿਸਤਾਨ ਨਾਲ ਹੀ ਇੱਕਪਾਸੜ ਵਪਾਰ ਚੱਲ ਰਿਹਾ ਹੈ, ਜਿਸ ਤਹਿਤ ਭਾਰਤੀ ਵਪਾਰੀ ਅਫਗਾਨਿਸਤਾਨ ਤੋਂ ਦਰਾਮਦਗੀ ਕਰ ਰਹੇ ਹਨ। ਇਹ ਵਪਾਰ ਪਾਕਿਸਤਾਨ ਸੜਕ ਮਾਰਗ ਰਾਹੀਂ ਹੁੰਦਾ ਹੈ ਤੇ ਪਾਕਿਸਤਾਨ ਵੱਲੋਂ ਭਾਰਤੀ ਵਸਤਾਂ ਵਪਾਰ ਰਾਹੀਂ ਅਫਗਾਨਿਸਤਾਨ ਭੇਜਣ ਦੀ ਆਗਿਆ ਨਹੀਂ ਦਿੱਤੀ ਜਾਂਦੀ। ਅਟਾਰੀ ਸਥਿਤ ਆਈਸੀਪੀ ਵਿੱਚ ਪ੍ਰਬੰਧ ਕਰ ਰਹੀ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਤੋਂ ਮਿਲੇ ਅੰਕੜਿਆਂ ਮੁਤਾਬਕ ਸਾਲ 2022 ਵਿੱਚ ਅਫਗਾਨਿਸਤਾਨ ਤੋਂ 2119. 2 ਕਰੋੜ ਰੁਪਏ ਦੀ ਦਰਾਮਦ ਭਾਰਤ ਵਿੱਚ ਹੋਈ ਹੈ, ਜਦਕਿ ਬੀਤੇ ਸਾਲ 2021 ਵਿੱਚ ਇਹ ਦਰਾਮਦ 3137.69 ਕਰੋੜ ਰੁਪਏ ਦੀ ਹੋਈ ਸੀ, ਜੋ ਹੁਣ ਲਗਪਗ 30 ਫੀਸਦ ਘੱਟ ਹੈ। ਭਾਰਤੀ ਵਪਾਰੀਆਂ ਮੁਤਾਬਕ ਅਫਗਾਨਿਸਤਾਨ ਸਰਕਾਰ ਬਦਲਣ ਮਗਰੋਂ ਵਪਾਰ ਵਿੱਚ ਕਮੀ ਆਈ ਹੈ। ਅਫਗਾਨਿਸਤਾਨ ਵਿੱਚ ਲਗਾਤਾਰ ਹੋ ਰਹੇ ਹਮਲੇ ਤੇ ਆਏ ਹੜ੍ਹਾਂ ਦੇ ਕਾਰਨ ਫਸਲਾਂ ਖਰਾਬ ਹੋਈਆਂ ਹਨ ਅਤੇ ਨਵੰਬਰ ਤੇ ਦਸੰਬਰ ਮਹੀਨੇ ਦੌਰਾਨ ਕਾਰਗੋ ਵੀ ਰੋਕ ਦਿੱਤੇ ਗਏ ਸਨ।
ਭਾਰਤੀ ਵਪਾਰੀਆਂ ਵੱਲੋਂ ਅਫਗਾਨਿਸਤਾਨ ਤੋਂ ਲਗਪਗ 40 ਕਿਸਮ ਦੇ ਸੁੱਕੇ ਮੇਵੇ, ਜੜੀਆਂ-ਬੂਟੀਆਂ ਅਤੇ ਬੀਜ ਆਦਿ ਮੰਗਵਾਏ ਜਾਂਦੇ ਹਨ ਤੇ ਅਫਗਾਨਿਸਤਾਨ ਤੋਂ ਭਾਰਤ ਵਿੱਚ ਡਰਾਈ ਫਰੂਟ ਦੀ ਦਰਾਮਦ ਦਾ ਇਹ ਸਿਰਫ਼ 10 ਫੀਸਦੀ ਹਿੱਸਾ ਹੈ।
ਦੱਸਣਯੋਗ ਹੈ ਕਿ ਫਰਵਰੀ 2019 ਵਿੱਚ ਪੁਲਵਾਮਾ ‘ਚ ਵਾਪਰੇ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਨਾਲ ਵਪਾਰ ‘ਤੇ 200 ਫੀਸਦ ਡਿਊਟੀ ਲਾ ਦਿੱਤੀ ਸੀ, ਜਿਸ ਨਾਲ ਦੁਵੱਲੇ ਵਪਾਰ ਵਿੱਚ ਕਮੀ ਆਈ ਸੀ, ਪਰ ਜਦੋਂ ਭਾਰਤ ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿੱਚ ਧਾਰਾ 370 ਖਤਮ ਕੀਤੀ ਗਈ ਤਾਂ ਉਸ ਵੇਲੇ ਰੋਸ ਵਜੋਂ ਪਾਕਿਸਤਾਨ ਨੇ ਭਾਰਤ ਨਾਲ ਇਸ ਰਸਤੇ ਦੁਵੱਲਾ ਵਪਾਰ ਮੁਕੰਮਲ ਤੌਰ ‘ਤੇ ਬੰਦ ਕਰ ਦਿੱਤਾ ਸੀ, ਜੋ ਹੁਣ ਵੀ ਬੰਦ ਹੈ। ਇਹ ਵਪਾਰ ਬੰਦ ਹੋਣ ਨਾਲ ਨਾ ਸਿਰਫ ਆਈਸੀਪੀ ਵਿੱਚ ਆਮਦਨ ਵਿੱਚ ਕਮੀ ਆਈ ਹੈ, ਸਗੋਂ ਵਪਾਰੀ ਅਤੇ ਇਥੇ ਕੰਮ ਕਰਨ ਵਾਲੇ ਲੋਕ ਵੀ ਪ੍ਰਭਾਵਤ ਹੋਏ ਹਨ।

Check Also

ਸੁਨੀਤਾ ਵਿਲੀਅਮ ਅਤੇ ਬੁਸ਼ ਵਿਲਮੋਰ ਤੋਂ ਬਿਨਾ ਹੀ ਸਪੇਸ ਕਰਾਫਟ ਧਰਤੀ ’ਤੇ ਪਰਤਿਆ

ਸਪੇਸ ਕਰਾਫਟ ’ਚ ਆਈ ਖਰਾਬੀ ਕਾਰਨ ਖਾਲੀ ਹੀ ਲਿਆਉਣ ਪਿਆ ਵਾਪਸ ਵਾਸ਼ਿੰਗਟਨ/ਬਿਊਰੋ ਨਿਊਜ਼ : ਐਸਟਰੋਨਾਟ …