Breaking News
Home / ਪੰਜਾਬ / ਬੇਅਦਬੀ ਮਾਮਲੇ ‘ਤੇ ਸਰਕਾਰ ਨੇ ਨਹੀਂ ਚੁੱਕਿਆ ਕੋਈ ਠੋਸ ਕਦਮ : ਬਾਜਵਾ

ਬੇਅਦਬੀ ਮਾਮਲੇ ‘ਤੇ ਸਰਕਾਰ ਨੇ ਨਹੀਂ ਚੁੱਕਿਆ ਕੋਈ ਠੋਸ ਕਦਮ : ਬਾਜਵਾ

ਵਿਧਾਨ ਸਭਾ ‘ਚ ਰੌਲਾ ਪਾਉਣ ਵਾਲੇ ਕਾਂਗਰਸੀ ਵਿਧਾਇਕ ਵੀ ਅਸਤੀਫ਼ਾ ਦੇਣ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸਾਬਕਾ ਵਿਧਾਇਕ ਐਚ ਐਸ ਫੂਲਕਾ ਦੇ ਬਰਗਾੜੀ ਬੇਅਦਬੀ ਕਾਂਡ ‘ਤੇ ਲਏ ਸਟੈਂਡ ਅਤੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਸਮਰਥਨ ਕੀਤਾ ਹੈ। ਇਕ ਇੰਟਰਵਿਊ ‘ਚ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਆਪਣਾ ਵਾਅਦਾ ਪੂਰਾ ਕਰਨ ‘ਚ ਨਾਕਾਮ ਰਹੀ ਹੈ। ਨਾਲ ਹੀ ਜਿਨ ਕਾਂਗਰਸੀ ਵਿਧਾਇਕਾਂ ਨੇ ਪਿਛਲੇ ਦਿਨੀਂ ਬੇਅਦਬੀ ਮਾਮਲਿਆਂ ਨੂੰ ਲੈ ਕੇ ਵਿਧਾਨ ਸਭਾ ‘ਚ ਰੌਲਾ ਪਾਇਆ ਸੀ, ਉਹ ਵੀ ਇਸ ਮਾਮਲੇ ਨੂੰ ਲੈ ਕੇ ਕੋਈ ਠੋਸ ਐਕਸ਼ਨ ਨਹੀਂ ਲੈ ਸਕੇ। ਇਸ ਲਈ ਉਨ੍ਹਾਂ ਨੂੰ ਵੀ ਐਚ ਐਸ ਫੂਲਕਾ ਦੀ ਤਰ੍ਹਾਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਧਰ ਫੂਲਕਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਬਾਦਲਾਂ ਨਾਲ ਮਿਲੀਭੁਗਤ ਦੇ ਚਲਦੇ ਬੇਅਦਬੀ ਕੇਸ ਨਾਲ ਸਬੰਧਤ ਬਾਦਲਾਂ ਅਤੇ ਸੈਣੀ ਤੋਂ ਧਿਆਨ ਹਟਾਇਆ ਜਾ ਰਿਹਾ ਹੈ, ਇਹ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ‘ਚ ਕੀਤ ਗਏ ਖੁਲਾਸੇ ਦਾ ਜ਼ਿਕਰ ਹੀ ਨਹੀਂ ਕੀਤਾ ਜਾ ਰਿਹਾ। ਸਰਕਾਰ ਇਸ ਰਿਪੋਰਟ ‘ਤੇ ਐਕਸ਼ਨ ਲੈਣ ‘ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਜੋ ਵੀ ਵਿਧਾਇਕ ਉਸ ਦਿਨ ਬੇਅਦਬੀ ਮੁੱਦੇ ਨੂੰ ਲੈ ਕੇ ਬੋਲ ਰਹੇ ਸਨ, ਉਨ੍ਹਾਂ ਨੂੰ ਹੁਣ ਉਥੇ ਬੈਠਣ ਦਾ ਕੋਈ ਅਧਿਕਾਰ ਨਹੀਂ ਹੈ।
ਸੁਪਰੀਮ ਕੋਰਟ ਦੇ ਜੱਜ ਦੀ ਇਨਕੁਆਇਰੀ ‘ਚ ਨਾ ਉਲਝਣ
ਐਚ ਐਸ ਫੂਲਕਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਜੱਜ ਤੋਂ ਇਨਕੁਆਇਰੀ ਕਰਵਾਉਣ ਦੀ ਗੱਲ ਇਸ ਲਈ ਕੀਤੀ ਜਾ ਰਹੀ ਹੈ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਖੁਲਾਸੇ ਨੂੰ ਦਬਾਇਆ ਜਾ ਸਕੇ। ਫੂਲਕਾ ਨੇ ਸਾਰੇ ਵਿਧਾਇਕਾਂ ਅਤੇ ਲੋਕਾਂ ਨੂੰ ਯਾਦ ਕਰਵਾਇਆ ਕਿ ਸਾਰਿਆਂ ਨੂੰ ਇਸ ਮਾਮਲੇ ‘ਤੇ ਸੁਪਰੀਮ ਕੋਰਟ ਦੇ ਜੱਜ ਤੋਂ ਇਨਕੁਆਇਰੀ ਦੇ ਚੱਕਰ ‘ਚ ਨਾ ਉਲਝਿਆ ਜਾਵੇ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਬਹੁਤ ਹੀ ਸਾਫ਼ ਹੈ ਅਤੇ ਸਾਰਿਆਂ ਨੂੰ ਉਸ ਨੂੰ ਲਾਗੂ ਕਰਵਾਉਣ ‘ਤੇ ਜ਼ੋਰ ਦੇਣਾ ਚਾਹੀਦਾ ਹੈ। ਫੂਲਕਾ ਨੇ ਨਵਜੋਤ ਸਿੰਘ ਸਿੱਧੂ, ਰਮਨਜੀਤ ਸਿੰਘ ਸਿੱਕੀ, ਹਰਮਿੰਦਰ ਗਿੱਲ, ਬੈਂਸ ਭਰਾਵਾਂ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਅਤੇ ਸੁਖਪਾਲ ਖਹਿਰਾ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਲੈ ਕੇ ਆਪਣੇ ਅਸਤੀਫ਼ੇ ਦੇਣ।
ਬਾਜਵਾ ਦੇ ਆਰੋਪ ਅਧਾਰਹੀਣ : ਕੈਪਟਨ ਅਮਰਿੰਦਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ ਦੇ ਆਰੋਪਾਂ ਨੂੰ ਆਧਾਰਹੀਣ ਦੱਸਿਆ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਦੀ ਜਾਂਚ ਸੀਬੀਆਈ ਤੋਂ ਵਾਪਸ ਲੈਣ ਦਾ ਫੈਸਲਾ ਵਿਧਾਨ ਸਭਾ ‘ਚ ਸਦਨ ਦੁਆਰਾ ਲਿਆ ਗਿਆ ਸੀ। ਜੋ ਐਡਵੋਕੇਟ ਜਨਰਲ ਦਫ਼ਤਰ ਦੀ ਸਿਫਾਰਸ਼ਤਾਂ ਦੇ ਅਨੁਸਾਰ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਜਵਾ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਏਜੀ ਨੇ ਕੀ ਸਿਫਾਰਸ਼ ਕੀਤਾ ਸੀ। ਉਨ੍ਹਾਂ ਨੇ ਬਾਜਵਾ ਵੱਲੋਂ ਦਿੱਤੇ ਗਏ ਗੁੰਮਰਾਹਕੁੰਨ ਬਿਆਨ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਬੇਅਦਬੀ ਮਾਮਲਿਆਂ ਦੀਜਾਂਚ ਦੇ ਲਈ ਕਾਇਮ ਕੀਤੀ ਐਸਆਈਟੀ ਵੱਲੋਂ ਇਸ ਮਾਮਲੇ ਨੂੰ ਕਾਨੂੰਨੀ ਪੱਧਰ ‘ਤੇ ਪਹੁੰਚਾਉਣ ਅਤੇ ਦੋਸ਼ੀਆਂ ਦੇ ਲਈ ਸਖਤ ਕਾਨੂੰਨੀ ਸਜ਼ਾ ਯਕੀਨੀ ਬਣਾਉਣ ਦੇ ਲਈ ਪ੍ਰਭਾਵੀ ਕੰਮ ਕਰ ਰਹੀ ਹੈ।
ਬੇਅਦਬੀ ਮਾਮਲੇ ‘ਚ ਬਾਜਵਾ ਨੇ ਫਿਰ ਮੁੱਖ ਮੰਤਰੀ ਨੂੰ ਘੇਰਿਆ, ਕੈਪਟਨ ਅਮਰਿੰਦਰ ਸਮਰਥਕਾਂ ਨੇ ਵੀ ਖੋਲ੍ਹਿਆ ਮੋਰਚਾ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਨਵਜਤੋ ਸਿੰਘ ਸਿੱਧੂ ਦਰਮਿਆਨ ਚੱਲ ਰਹੀ ਕੰਟਰੋਵਰਸੀ ਅਜੇ ਖਤਮ ਵੀ ਨਹੀਂ ਹੋਈ ਸੀ ਕਿ ਸੂਬਾ ਕਾਂਗਰਸ ‘ਚ ਕੈਪਟਨ ਨੂੰ ਨਵੀਂ ਚੁਣੌਤੀ ਮਿਲ ਗਈ ਹੈ। ਇਹ ਚੁਣੌਤੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਹੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਰਹੇ ਪ੍ਰਤਾਪ ਸਿੰਘ ਬਾਜਵਾ ਨੇ ਪਹਿਲਾਂ ਤਾਂ ਬਰਗਾੜੀ ਬੇਅਦਬੀ ਕਾਂਡ ‘ਤੇ ਸੀਬੀਆਈ ਦੀ ਜਾਂਚ ਦੇ ਮਾਮਲੇ ‘ਚ ਪੰਜਾਬ ਦੇ ਐਡਵੋਕੇਟ ਜਨਰਲ ਦਫ਼ਤਰ ‘ਤੇ ਗਲਤ ਤੱਥ ਪੇਸ਼ ਕਰਨ ਦੇ ਆਰੋਪ ਲਗਾਏ। ਪ੍ਰਤਾਪ ਸਿੰਘ ਬਾਜਵਾ ਦਾ ਹਮਲਾ ਇੰਨਾ ਜ਼ੋਰਦਾਰ ਸੀ ਕਿ ਜਵਾਬ ਦੇਣ ਲਈ ਖੁਦ ਕੈਪਟਨ ਅਮਰਿੰਦਰ ਸਿੰਘ ਨੂੰ ਸਾਹਮਣੇ ਆਉਣਾ ਪਿਆ।
ਦੂਜੇ ਪਾਸੇ ਕੈਪਟਨ ਦੇ ਜਵਾਬੀ ਬਿਆਨ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਚੁੱਪ ਨਹੀਂ ਰਹੇ, ਉਨ੍ਹਾਂ ਨੇ ਇਕ ਬਿਆਨ ਜਾਰੀ ਕਰਕੇ ਕੈਪਟਨ ਦੇ ਸਪੱਸ਼ਟੀਕਰਨ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ। ਉਨ੍ਹਾਂ ਨੇ ਕਿਹਾ ਕਿ ਮੈਂ ਜੋ ਕਿਹਾ ਪੰਜਾਬ ਦੀ ਜਨਤਾ ਦੇ ਹਿਤ ‘ਚ ਗਿਆ ਹੈ। ਮੇਰੇ ਬਿਆਨ ‘ਚ ਹੁਣ ਵੀ ਕੋਈ ਹੇਰ-ਫੇਰ ਨਹੀਂ ਹੈ। ਬਾਜਵਾ ਦੇ ਆਰੋਪਾਂ ਦੇ ਜਵਾਬ ‘ਚ ਕੈਪਟਨ ਦੇ ਬਿਆਨ ਦੇ ਤੁਰੰਤ ਬਾਅਦ ਕੈਪਟਨ ਸਮਰਥਕਾਂ ਅਤੇ ਬਾਜਵਾ ਦੇ ਸਮਰਥਕ ਵੀ ਆਹਮੋ-ਸਾਹਮਣੇ ਹੋ ਗਏ।
ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੇ ਪੱਖ ‘ਚ ਉਨ੍ਹਾਂ ਦੇ ਸਾਰੇ ਮੰਤਰੀ ਇਕਜੁੱਟ ਹੋ ਕੇ ਅਗਲੀ ਰਣਨੀਤੀ ਬਣਾਉਣ ਦੀ ਤਿਆਰੀ ‘ਚ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਇਸ ਬਾਰੇ ‘ਚ ਹਾਈ ਕਮਾਂਡ ਨੂੰ ਅਵਗਤ ਕਰਵਾਉਣਗੇ।
ਬਾਜਵਾ ‘ਤੇ ਜਵਾਬੀ ਹਮਲਾ
ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਉਨ੍ਹਾਂ ਦੇ ਗੈਰਕਾਨੂੰਨੀ ਮਾਈਨਿੰਗ ਸਬੰਧੀ ਆਰੋਪਾਂ ਦੇ ਜਵਾਬ ‘ਚ ਘੇਰਿਆ। ਜਿਸ ਤਰ੍ਹਾਂ ਕੈਪਟਨ ‘ਤੇ ਬਾਜਪਾ ਨੂੰ ਗਲਤ ਬਿਆਨਬਾਜ਼ੀ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਆਰੋਪ ਲਗਾਇਆ, ਠੀਕ ਉਸੇ ਤਰ੍ਹਾਂ ਸਰਕਾਰੀਆ ਨੇ ਵੀ ਬਾਜਵਾ ਦੇ ਉਨ੍ਹਾਂ ਆਰੋਪਾਂ ਨੂੰ ਮੰਦਭਾਗਾ ਕਰਾਰ ਦਿੱਤਾ, ਜਿਸ ‘ਚ ਬਾਜਵਾ ਨੇ ਗੈਰਕਾਨੂੰਨੀ ਮਾਈਨਿੰਗ ‘ਤੇ ਸਵਾਲ ਚੁੱਕੇ।

Check Also

ਮਨਪ੍ਰੀਤ ਬਾਦਲ ਦੇ ਪੁੱਤਰ ਅਰਜੁਨ ਬਾਦਲ ਨੇ ਰਾਜਾ ਵੜਿੰਗ ’ਤੇ ਕੀਤਾ ਸਿਆਸੀ ਹਮਲਾ

ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦੱਸਿਆ ਹੰਕਾਰੀ ਗਿੱਦੜਬਾਹਾ/ਬਿਊਰੋ ਨਿਊਜ਼ : ਗਿੱਦੜਬਾਹਾ ਵਿਧਾਨ ਸਭਾ …