ਬਰੈਂਪਟਨ/ਹਰਜੀਤ ਸਿੰਘ ਬਾਜਵਾ
ਕੈਨੇਡੀਅਨ ਇੰਟਰਨੈਸ਼ਨਲ ਪੰਜਾਬੀ ਸਾਹਿਤ ਅਕਾਦਮੀ ਕੈਨੇਡਾ (ਸਿਪਸਾ) ਵੱਲੋਂ ਟੋਰਾਂਟੋ ਆਏ ਉੱਘੇ ਸਾਹਿਤਕਾਰ ਰਵਿੰਦਰ ਰਵੀ ਦੀ ਆਮਦ ਦੀ ਖੁਸ਼ੀ ਵਿੱਚ ਬੀਤੇ ਦਿਨੀ ਇੱਕ ਸਾਹਿਤਕ ਅਤੇ ਸਨਮਾਨ ਸਮਾਰੋਹ ਸੰਸਥਾ ਦੇ ਫਾਊਂਡਰ ਅਤੇ ਚੇਅਰਮੈਨ ਗੁਰਦਿਆਲ ਸਿੰਘ ਕੰਵਲ ਦੇ ਗ੍ਰਹਿ ਵਿਖੇ ਕਰਵਾਇਆ ਗਿਆ ਜਿਸ ਵਿੱਚ ਜਿੱਥੇ ਲੇਖਣੀ ਦੇ ਖੇਤਰ ਵਿੱਚ ਵੱਖ-ਵੱਖ ਵਿਸ਼ਿਆਂ ‘ਤੇ ਕਲਮ ਅਜਮਾਈ ਕਰਕੇ ਆਪਣਾ ਨਾਮ ਕਿਸੇ ਮੁਕਾਮ ‘ਤੇ ਪਹੁੰਚਾਉਣ ਵਾਲੇ ਲੇਖਕਾਂ ਨੂੰ ਵੱਖ-ਵੱਖ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਉੱਥੇ ਹੀ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਖਿਆਲਾਂ ਦੀਆਂ ਉਡਾਰੀਆਂ ਮਾਰਦੀਆਂ ਕਵਿਤਾਵਾਂ ਅਤੇ ਗੀਤ ਵੀ ਸਮਾਗਮ ਦਾ ਹਿੱਸਾ ਬਣੇ।
ਸ਼ੁਰੂਆਤ ਮੇਜਰ ਨਾਗਰਾ ਅਤੇ ਨੀਟਾ ਬਲਵਿੰਦਰ ਵੱਲੋਂ ਖੁਸ਼ਆਮਦੀਦ ਕਹਿਣ ਨਾਲ ਹੋਈ ਉੱਪਰੰਤ ਟੋਰਾਂਟੋ ਦੇ ਮੁਹੰਮਦ ਰਫੀ ਵੱਜੋਂ ਜਾਣੇ ਜਾਂਦੇ ਇਕਬਾਲ ਬਰਾੜ ਵੱਲੋਂ ਰਵਿੰਦਰ ਰਵੀ ਦੀਆਂ ਕੁਝ ਇੱਕ ਰਚਨਾਵਾਂ ਤਰੁੰਨਮ ਵਿੱਚ ਗਾ ਕੇ ਸਮਾਗਮ ਵਿੱਚ ਨਵਾਂ ਰੰਗ ਭਰ ਦਿੱਤਾ ਅਤੇ ਹੋਰ ਕਵੀਆਂ ਨੇ ਵੀ ਆਪੋ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲੁਆਈ। ਇਸ ਮੌਕੇ ਰਵਿੰਦਰ ਰਵੀ ਨੂੰ ਪੰਜਾਬੀ ਨਿੱਕੀ (ਮਿੰਨੀ) ਕਹਾਣੀ ਲਿਖ ਕੇ ਨਾਮ ਬਣਾਉਣ ਲਈ ਕਰਤਾਰ ਸਿੰਘ ਦੁੱਗਲ ਮੈਮੋਰੀਅਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਜਦੋਂ ਕਿ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਵੀ ਸਲੀਮ ਪਾਸ਼ਾ ਨੂੰ ਫੈਜ਼ ਅਹਿਮਦ ਫੈਜ਼ ਪਰੁਸਕਾਰ, ਕਵੀ ਸੁਖਿੰਦਰ ਨੂੰ ਬਾਵਾ ਬਲਵੰਤ ਪੁਰਸਕਾਰ, ਸ਼ਾਹ ਮੁਖੀ ਅਤੇ ਪੰਜਾਬੀ ਦੇ ਉੱਘੇ ਪਾਕਿਸਤਾਨੀ ਲੇਖਕ ਆਸ਼ਕ ਰਹੀਲ ਨੂੰ ਵੱਖ-ਵੱਖ ਲੇਖਕਾਂ ਦੀਆਂ ਰਚਨਾਵਾਂ ਨੂੰ ਸ਼ਾਹਮੁਖੀ (ਉਰਦੂ) ਤੋਂ ਗੁਰਮੁਖੀ (ਪੰਜਾਬੀ) ਵਿੱਚ ਲਿਪੀਆਂਤਰ ਕਰਨ ਲਈ ਭਾਈ ਕਾਹਨ ਸਿੰਘ ਨਾਭਾ ਪੁਰਸਕਾਰ ਨਾਲ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਾਬਕਾ ਐਮ ਪੀ ਗੁਰਬਖ਼ਸ਼ ਸਿੰਘ ਮੱਲ੍ਹੀ, ਵਿਧਾਇਕਾ ਹਰਿੰਦਰ ਕੌਰ ਮੱਲ੍ਹੀ, ਬਲਵਿੰਦਰ ਸੈਣੀ, ਡਾ. ਅਰਵਿੰਦਰ ਕੌਰ, ਮਨਜਿੰਦਰ ਕੌਰ, ਮਿੰਨੀ ਗਰੇਵਾਲ, ਰੰਜੀਵਨ ਸਿੰਘ, ਰਿਪੁਦਮਨ ਸਿੰਘ ਰੂਪ, ਪ੍ਰਿੰਸੀਪਲ ਸਰਵਣ ਸਿੰਘ, ਪੂਰਨ ਸਿੰਘ ਪਾਂਧੀ ਅਤੇ ਗੁਰਦੇਵ ਸਿੰਘ ਮਾਨ ਵੀ ਮੌਜੂਦ ਸਨ।