ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ
ਸੀਨੀਅਰਜ਼ ਨੂੰ ਕੰਪਿਊਟਰ ਚਲਾਉਣ ਦੀ ਟ੍ਰੇਨਿੰਗ ਦੇਣ ਲਈ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਜਿਸ ਨੂੰ ਪਹਿਲਾਂ ਗੁਰਦੁਆਰਾ ਸਿੱਖ ਲਹਿਰ ਸੈਂਟਰ ਵਜੋਂ ਜਾਣਿਆਂ ਜਾਂਦਾ ਸੀ, ਵਿੱਚ ਚਲਾਏ ਜਾ ਰਹੇ ਨਵੇਂ ਗਰੁੱਪ ਦਾ ਉਦਘਾਟਨ ਬੀਤੇ ਐਤਵਾਰ 10 ਜੁਲਾਈ ਨੂੰ ਸਵੇਰੇ 10.00 ਵਜੇ ਕੀਤਾ ਗਿਆ। ਇਸ ਮੌਕੇ ਕੰਪਿਊਟਰ ਦੀ ਇਹ ਸਿਖਲਾਈ ਲੈਣ ਦੇ ਚਾਹਵਾਨਾਂ ਤੋਂ ਇਲਾਵਾ ਕਮਿਊਨਿਟੀ ਦੇ ਹੋਰ ਕਈ ਪਤਵੰਤੇ ਸੱਜਣ ਮੌਜੂਦ ਸਨ।
ਸੱਭ ਤੋਂ ਪਹਿਲਾਂ ਸੀਨੀਅਰਜ਼ ਲਈ ਇਸ ਟ੍ਰੇਨਿੰਗ ਕੋਰਸ ਦੀ ਚੜ੍ਹਦੀ-ਕਲਾ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਕੀਤੀ ਗਈ। ਉਪਰੰਤ, ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕੰਪਿਊਟਰ ਦੀ ਦੁਨੀਆਂ ਵਿੱਚ ਪੰਜਾਬੀ ਫੌਂਟਸ ਦੇ ਮਾਹਿਰ ਕ੍ਰਿਪਾਲ ਸਿੰਘ ਪੰਨੂੰ ਨੇ ਅਜੋਕੀ ਦੁਨੀਆਂ ਵਿੱਚ ਟੈਕਨਾਲੌਜੀ ਅਤੇ ਖ਼ਾਸ ਤੌਰ ‘ਤੇ ਕੰਪਿਊਟਰ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਅੱਜ ਕੱਲ੍ਹ ਹਰੇਕ ਵਿਅਕਤੀ ਨੂੰ ਕੰਪਿਊਟਰ ਅਤੇ ਇੰਟਰਨੈੱਟ ਚਲਾਉਣਾ ਆਉਣਾ ਜ਼ਰੂਰੀ ਹੈ। ਇਹ ਸਮੇਂ ਦੀ ਲੋੜ ਹੈ ਅਤੇ ਇਸ ਤੋਂ ਬਗ਼ੈਰ ਅਸੀਂ ਦੁਨੀਆਂ ਤੋਂ ਬਿਲਕੁਲ ਅਲੱਗ-ਥਲੱਗ ਹੋ ਜਾਵਾਂਗੇ। ਉਨ੍ਹਾਂ ਤੋਂ ਇਲਾਵਾ ਇਸ ਮੌਕੇ ਪ੍ਰਿੰਸੀਪਲ ਸਰਵਣ ਸਿੰਘ, ਪ੍ਰੋ. ਜਗੀਰ ਸਿੰਘ ਕਾਹਲੋਂ, ਡਾ. ਮੇਵਾ ਸਿੰਘ, ਜਰਨੈਲ ਸਿੰਘ ਅੱਚਰਵਾਲ, ਸ਼ਾਮ ਲਾਲ, ਕੁਲਦੀਪ ਕੌਰ ਗਿੱਲ ਨੇ ਵੀ ਹਾਜ਼ਰੀਨ ਨੁੰ ਸੰਬੋਧਨ ਕੀਤਾ। ਇੱਥੇ ਇਹ ਵਰਨਣਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਕ੍ਰਿਪਾਲ ਸਿੰਘ ਪੰਨੂੰ ਹਰ ਸਾਲ ਗਰਮੀਆਂ ਵਿੱਚ ਸੀਨੀਅਰਜ਼ ਲਈ ਅਜਿਹੇ ਕੰਪਿਊਟਰ ਟ੍ਰੇਨਿੰਗ ਕੋਰਸ ਚਲਾਉਂਦੇ ਹਨ ਜਿਸ ਦਾ ਲਾਭ ਸੈਂਕੜੇ ਸੀਨੀਅਰਜ਼ ਉਠਾ ਚੁੱਕੇ ਹਨ ਅਤੇ ਕਈ ਹੋਰ ਵੀ ਇਹ ਸਿਖਲਾਈ ਲੈਣ ਦੇ ਚਾਹਵਾਨ ਹੋਣਗੇ। ਉਹ ਪੰਨੂੰ ਸਾਹਿਬ ਨੂੰ ਉਨ੍ਹਾਂ ਦੇ ਫ਼ੋਨ ਨੰਬਰ 905-795-0531 ‘ਤੇ ਸੰਪਰਕ ਕਰ ਸਕਦੇ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …