Breaking News
Home / ਕੈਨੇਡਾ / ਤਰਕਸ਼ੀਲ ਸੁਸਾਇਟੀ ਦਾ ਐਜੂਕੇਟਿਵ ਤੇ ਅਵੇਅਰਨੈੱਸ ਸੈਮੀਨਾਰ ਸਫਲਤਾ ਪੂਰਬਕ ਸੰਪਨ

ਤਰਕਸ਼ੀਲ ਸੁਸਾਇਟੀ ਦਾ ਐਜੂਕੇਟਿਵ ਤੇ ਅਵੇਅਰਨੈੱਸ ਸੈਮੀਨਾਰ ਸਫਲਤਾ ਪੂਰਬਕ ਸੰਪਨ

ਬਰੈਂਪਟਨ/ਹਰਜੀਤ ਬੇਦੀ
ਆਪਣੇ ਮੈਂਬਰਾਂ ਨੂੰ ਵੱਖ ਵੱਖ ਵਿਸ਼ਿਆਂ ਬਾਰੇ ਜਾਗਰੂਕ ਕਰਨ ਦੀ ਨੀਤੀ ਤਹਿਤ ਨੌਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦਾ ਐਜੂਕੇਟਿਵ ਅਤੇ ਅਵੇਅਰਨੇੱਸ ਸੈਮੀਨਾਰ 25 ਨਵੰਬਰ ਨੂੰ ਮਰੋਕ ਲਾਅ ਆਫਿਸ ਬਰੈਂਪਟਨ ਵਿਖੇ ਪੂਰੀ ਸਫਲਤਾ ਨਾਲ ਨੇਪਰੇ ਚੜ੍ਹਿਆ। ਇਸ ਵਿੱਚ ਤਰਕਸ਼ੀਲ ਸੁਸਾਇਟੀ ਦੇ ਮੈਂਬਰਾਂ ਤੋਂ ਬਿਨਾਂ ਹੋਰ ਬਹੁਤ ਸਾਰੀਆਂ ਲੋਕ ਪੱਖੀ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਹੋਏ। ਇਸ ਸੈਮੀਨਾਰ ਵਿੱਚ ਤਰਕਸ਼ੀਲ ਲਹਿਰ ਦੇ ਕੌਮਾਂਤਰੀ ਆਗੂ ਬਲਵਿੰਦਰ ਬਰਨਾਲਾ ਨੇ ਤਰਕਸ਼ੀਲਤਾ ਅਤੇ ਧਰਮ ਵਿਸ਼ੇ ‘ਤੇ ਆਪਣਾ ਪੇਪਰ ਪੜ੍ਹਿਆ। ਇਸ ਵਿੱਚ ਉਹਨਾਂ ਨੇ ਤਰਕਸੀਲਤਾ ਅਤੇ ਧਰਮ ਦੀ ਮਨੁੱਖੀ ਜੀਵਨ ਵਿੱਚ ਸਾਰਥਕਤਾ ਬਾਰੇ ਵਿਚਾਰ ਪੇਸ਼ ਕੀਤੇ। ਇਸੇ ਤਰ੍ਹਾਂ ਡਾ: ਬਲਜਿੰਦਰ ਸੇਖੋਂ ਨੇ ਸਮਾਜਵਾਦ ਦਾ ਸੰਕਟ ਬਾਰੇ ਆਪਣਾ ਪੇਪਰ ਸਰੋਤਿਆਂ ਦੇ ਰੂਬਰੂ ਪੇਸ਼ ਕੀਤਾ। ਇਸ ਉਪਰੰਤ ਇਹਨਾਂ ਵਿਸ਼ਿਆਂ ‘ਤੇ ਸਰੋਤਿਆਂ ਵਲੋਂ ਸਵਾਲ ਅਤੇ ਉਪਰੋਕਤ ਬੁਲਾਰਿਆਂ ਵਲੋਂ ਉਹਨਾਂ ਦੇ ਜਵਾਬਾਂ ਦਾ ਸਿਲਸਿਲਾ ਚੱਲਿਆ। ਇਸ ਸਾਰੀ ਬਹਿਸ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਧਰਮ ਮਨੁੱਖ ਦੇ ਪਰਿਵਾਰਕ, ਸਮਾਜਿਕ, ਰਾਜਨੀਤਕ ਅਤੇ ਆਰਥਿਕ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦਾ। ਧਾਰਮਿਕ ਆਦਰਸ਼ਵਾਦ ਇਹਨਾਂ ਮਸਲਿਆਂ ਦਾ ਕਤਈ ਹੱਲ ਨਹੀਂ ਹੋ ਸਕਦਾ। ਜੇ ਧਰਮ ਮਨੁੱਖੀ ਬਰਾਬਰੀ ਦਾ ਆਲੰਬਰਦਾਰ ਹੁੰਦਾ ਤਾਂ ਧਾਰਮਿਕ ਸਥਾਨਾਂ ‘ਤੇ ਦਾਖਲੇ ਸਬੰਧੀ ਰੌਲਾ ਨਾ ਪੈਂਦਾ ਅਤੇ ਨਾ ਹੀ ਇੱਕੋ ਧਰਮ ਨੂੰ ਮੰਨਣ ਵਾਲੇ ਜਾਤਾਂ ਅਤੇ ਫਿਰਕਿਆਂ ਦੇ ਨਾਂ ‘ਤੇ ਵੱਖਰੇ ਵੱਖਰੇ ਧਰਮ ਸਥਾਨ ਉਸਾਰਦੇ। ਮਨੁੱਖੀ ਜੀਵਨ ਨਾਲ ਸਬੰਧਤ ਇਹ ਮਸਲੇ ਸਿਰਫ ਤਰਕਸ਼ੀਲ ਸੋਚ ਅਪਣਾ ਕੇ ਹੀ ਹੱਲ ਹੋ ਸਕਦੇ ਹਨ। ਇਸੇ ਤਰ੍ਹਾਂ ਸਮਾਜਵਾਦ ਦੇ ਸੰਕਟ ਬਾਰੇ ਵਿਚਾਰ ਵਟਾਂਦਰੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਰੂਸ ਵਿੱਚ ਸਟਾਲਿਨ ਤੱਕ ਅਤੇ ਚੀਨ ਵਿੱਚ ਵੀ ਸਮਾਜਵਾਦ ਕਾਫੀ ਸਮਾਂ ਕਾਮਯਾਬੀ ਨਾਲ ਸਫਲ ਰਿਹਾ ਪਰ ਉਲਟ ਇਨਕਲਾਬ ਆਉਣ ਕਰ ਕੇ ਇਹ ਸੰਕਟ ਵਿੱਚ ਆ ਗਿਆ। ਬਹਿਸ ਦੌਰਾਨ ਆਮ ਵਿਚਾਰ ਇਹ ਸੀ ਕਿ ਵਧੀਆ ਸਮਾਜ ਦੀ ਹੋਂਦ ਸਮਾਜਵਾਦੀ ਢਾਂਚੇ ਵਿੱਚ ਹੀ ਸੰਭਵ ਹੈ। ਸਰਮਾਏਦਾਰੀ ਦੇ ਕਿਲ੍ਹੇ ਢਹਿ ਢੇਰੀ ਹੋ ਰਹੇ ਹਨ ਤੇ ਉਹਨਾਂ ਨੇ ਆਪਣੀ ਹੋਂਦ ਕਾਇਮ ਰੱਖਣ ਲਈ ਸਾਰੇ ਸੰਸਾਰ ਦੇ ਆਮ ਲੋਕਾਂ ਨੂੰ ਬਲਦੀ ਦੇ ਬੂਥੇ ਪਾਇਆ ਹੋਇਆ ਹੈ ਤੇ ਹਥਿਆਰਾਂ ਦੀ ਅੰਨ੍ਹੀ ਦੌੜ ਕਾਰਣ ਆਮ ਲੋਕਾਂ ਦੀ ਲੋੜਾਂ ਦੀ ਪੂਰਤੀ ਪਿੱਛੇ ਧੱਕ ਦਿੱਤੀ ਗਈ ਹੈ। ਸਮਾਜਵਾਦ ਹੀ ਮਨੁੱਖਤਾ ਨੂੰ ਸਹੀ ਢਾਂਚਾ ਦੇਣ ਦਾ ਰਾਹ ਹੈ।
ਇਸ ਤੋਂ ਬਿਨਾਂ ਤਰਕਸ਼ੀਲ ਸੁਸਾਇਟੀ ਦੇ ਅਗਲੇ ਸਾਲਾਂ ਦੇ ਪ੍ਰੋਗਰਾਮਾਂ ਦੀ ਰੂਪ-ਰੇਖਾ ਬਾਰੇ ਗੱਲਬਾਤ ਕੀਤੀ ਗਈ। ਅਗਲੇ ਸਾਲ 14 ਅਪਰੈਲ 2019 ਨੂੰ ਜਲ੍ਹਿਆਂਵਾਲਾ ਬਾਗ ਦੁਖਾਂਤ ਦੀ ਸਤਾਬਦੀ ਨੂੰ ਸਮਰਪਿਤ ਪ੍ਰੋਗਰਾਮ ਕਰਨ ਦਾ ਫੈਸਲਾ ਕੀਤਾ ਗਿਆ। ਮੀਡੀਆ ਰਾਹੀਂ ਅੰਧ-ਵਿਸ਼ਵਾਸ਼ ਫੈਲਾਉਣ ਵਿਰੁੱਧ ਫੈਡਰਲ ਅਤੇ ਪ੍ਰੋਵੈਨਸ਼ੀਅਲ ਪੱਧਰ ‘ਤੇ ਕਾਨੂੰਨ ਬਣਾਉਣ ਲਈ ਸੁਸਾਇਟੀ ਵਲੋਂ ਲੋਕਾਂ ਦੇ ਸਹਿਯੋਗ ਨਾਲ ਕੋਸ਼ਿਸ਼ ਕੀਤੀ ਜਾਵੇਗੀ। ਸੁਸਾਇਟੀ ਵਲੋਂ ਲੋਕਾਂ ਨੂੰ ਤਰਕਸ਼ੀਲ ਵਿਚਾਰਧਾਰਾ ਅਪਣਾਉਣ ਅਤੇ ਸੁਸਾਇਟੀ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ। ਪ੍ਰੋਗਰਾਮ ਵਿੱਚ ਇੰਡੋ ਕੈਨੇਡੀਅਨ ਵਰਕਰਜ ਐਸੋਸੀਏਸ਼ਨ ਸਰੋਕਾਰਾਂ ਦੀ ਅਵਾਜ਼, ਕੈਨੇਡੀਅਨ ਪੰਜਾਬੀ ਸਾਹਿਤ ਸਭਾ, ਸੀਨੀਅਰਜ਼ ਐਸੋਸੀਏਸ਼ਨ, ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ, ਚੇਤਨਾ ਕਲਚਰਲ ਮੰਚ ਅਤੇ ਹੋਰ ਅਗਾਂਹ-ਵਧੂ ਜਥੇਬੰਦੀਆਂ ਦੇ ਨੁਮਾਇੰਦੇ, ਲਹਿੰਦੇ ਪੰਜਾਬ ਦੀ ਲੋਕਪੱਖੀ ਔਰਤ ਕਾਰਕੁਨ, ਵੈਨਕੂਵਰ ਤੋਂ ਆਏ ਸੁਰਿੰਦਰਜੀਤ ਤੇ ਪਰਿਵਾਰ ਅਤੇ ਸਮੂਹ ਮੈਂਬਰਾਂ ਦਾ ਇਸ ਸੈਮੀਨਾਰ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਗਿਆ। ਕਿਸੇ ਵੀ ਤਰ੍ਹਾਂ ਦੀ ਮਾਨਸਿਕ ਉਲਝਣ ਤੋਂ ਬਚਣ, ਵਹਿਮਾਂ ਭਰਮਾਂ ਤੋਂ ਛੁਟਕਾਰਾ ਪ੍ਰਾਪਤ ਕਰਨ, ਤਰਕਸ਼ੀਲ ਸਾਹਿਤ ਪ੍ਰਾਪਤ ਕਰਨ ਜਾਂ ਸੁਸਾਇਟੀ ਸਬੰਧੀ ਕਿਸੇ ਵੀ ਜਾਣਕਾਰੀ ਲਈ ਬਲਦੇਵ ਰਹਿਪਾ 416-881-7202, ਨਿਰਮਲ ਸੰਧੂ 416-835-3450, ਡਾ: ਬਲਜਿੰਦਰ ਸੇਖੋਂ ਨਾਲ 905-781-1197 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …