ਬਰੈਂਪਟਨ/ਡਾ. ਝੰਡ : ‘ਯੂਥ ਕਮਿਊਨਿਟੀ’ ਵੱਲੋਂ ਸਥਾਨਕ ਚਿੰਗੂਆਕੂਜ਼ੀ ਪਾਰਕ ਦੀ ਲੋਕੇਸ਼ਨ ਨੰਬਰ 3 ਦੇ ਨੇੜਿਉਂ ਲੰਘਣ ਵਾਲੀ ਟਰੇਲ ਦੇ ਨਾਲ ਨਾਲ ਚਾਰ ਕਿਲੋ ਮੀਟਰ ‘ਰੱਨ-ਕਮ-ਵਾਕ’ ਦਾ ਸਫ਼ਲਤਾ ਪੂਰਵਕ ਆਯੋਜਨ ਕੀਤਾ ਗਿਆ। ਫ਼ਾਊਡੇਸ਼ਨ ਦੇ ਵਾਲੰਟੀਅਰ ਸਵੇਰੇ ਨੌਂ ਵਜੇ ਤੱਕ ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਚੁੱਕੇ ਸਨ ਅਤੇ ਇਸ ਦੇ ਨਾਲ ਹੀ ਇਸ ਦੌੜ/ਵਾੱਕ ਵਿਚ ਸ਼ਾਮਲ ਹੋਣ ਵਾਲੇ ਵੀ ਪਹੁੰਚਣੇ ਸ਼ੁਰੂ ਹੋ ਗਏ। ਬਹੁਤ ਸਾਰੇ ਦੌੜਾਕਾਂ ਅਤੇ ਵਾੱਕਰਾਂ ਦੀ ਰਜਿਸਟ੍ਰੇਸ਼ਨ ਪਹਿਲਾਂ ਹੀ ਆਨ-ਲਾਈਨ ਹੋ ਚੁੱਕੀ ਸੀ ਅਤੇ ਕਈਆਂ ਨੇ ਇਹ ਮੌਕੇ ‘ਤੇ ਵੀ ਕਰਵਾਈ। ਇਸ ਤਰ੍ਹਾਂ 10.00 ਵਜੇ ਤੱਕ ਇਸ ‘ਰੱਨ ਫ਼ਾਰ ਵਾੱਕ’ ਵਿਚ ਭਾਗ ਲੈਣ ਵਾਲਿਆਂ ਦੀ ਗਿਣਤੀ 250 ਦੇ ਨੇੜੇ ਪਹੁੰਚ ਗਈ। ਇਸ ਮੌਕੇ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਅਤੇ ਨਵੇਂ ਚੁਣੇ ਹੋਏ ਪ੍ਰੋਵਿੰਸ਼ੀਅਲ ਪਾਰਲੀਮੈਂਟ ਮੈਂਬਰ ਦੀਪਕ ਅਨੰਦ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਨਾਲ ਮਾਰਟਨ ਸਿੰਘ, ਮੌਜੂਦਾ ਸਕੂਲ-ਟਰੱਸਟੀ ਹਰਕੀਰਤ ਸਿੰਘ, ਸਕੂਲ-ਟਰੱਸਟੀ ਲਈ ਉਮੀਦਵਾਰ ਪੱਤਰਕਾਰ ਸੱਤਪਾਲ ਜੌਹਲ, ਬਲਬੀਰ ਸੋਹੀ ਤੇ ਪ੍ਰਭ ਕੈਂਥ ਅਤੇ ਨਿੱਕ ਗਹੂਨੀਆ ਤੇ ਕਈ ਹੋਰ ਪਹੁੰਚੇ।
ਆਪਣੇ ਸੰਖੇਪ ਸੰਬੋਧਨਾਂ ਵਿਚ ਸੋਨੀਆ ਸਿੱਧੂ ਅਤੇ ਦੀਪਕ ਅਨੰਦ ਨੇ ਪ੍ਰਬੰਧਕਾਂ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਇਸ ਉਪਰਾਲੇ ਨਾਲ ਲੋਕਾਂ ਵਿਚ ਡਾਇਬੇਟੀਜ਼ ਤੋਂ ਬਚਣ ਲਈ ਜਾਗਰੂਕਤਾ ਭਰਪੂਰ ਸਾਰਥਕ ਸੁਨੇਹਾ ਪਹੁੰਚੇਗਾ। ਡਾਇਬੇਟੀਜ਼ ਨਾਲ ਸਬੰਧਿਤ ਪਾਰਲੀਮੈਂਟਰੀ ਕਮੇਟੀ ਦੀ ਚੇਅਰਪਰਸਨ ਸੋਨੀਆ ਸਿੱਧੂ ਦਾ ਤਾਂ ਇਹ ਵੀ ਕਹਿਣਾ ਸੀ ਕਿ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਕਾਰਨ ਸਾਡੇ ਸਾਊਥ ਏਸ਼ੀਅਨ ਖਿੱਤੇ ਦੇ ਲੋਕ ਵੱਡੀ ਗਿਣਤੀ ਵਿਚ ਡਾਇਬੇਟੀਜ਼ ਨਾਲ ਪੀੜਤ ਹਨ ਅਤੇ ਉਨ੍ਹਾਂ ਨੂੰ ਡਾਇਬੇਟੀਜ਼ ਸਬੰਧੀ ਜਾਣਕਾਰੀ ਦੇਣ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕਮਿਊਨਿਟੀ ਵੱਲੋਂ ਕੀਤੇ ਜਾ ਰਹੇ ਅਜਿਹੇ ਉਪਰਾਲੇ ਇਸ ਦਿਸ਼ਾ ਵਿਚ ਆਪਣਾ ਵੱਡਾ ਯੋਗਦਾਨ ਪਾ ਸਕਦੇ ਹਨ।
ਇਸ ਦੌਰਾਨ ਡਾਇਬੇਟੀਜ਼ ਦੇ ਮਾਹਿਰ ਡਾ. ਹਰਪ੍ਰੀਤ ਬਜਾਜ ਨੇ ਵੱਖ-ਵੱਖ ਅੰਕੜਿਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਡਾਇਬੇਟੀਜ਼ ਦੀ ਬੀਮਾਰੀ ਸਾਰੀ ਦੁਨੀਆਂ ਦੇ ਲੱਗਭੱਗ ਸਾਰੇ ਹੀ ਦੇਸ਼ਾਂ ਵਿਚ ਹੀ ਆਪਣੇ ਪੈਰ ਤੇਜ਼ੀ ਨਾਲ ਪਸਾਰ ਰਹੀ ਹੈ ਪਰ ਸਾਊਥ ਏਸ਼ੀਅਨ ਦੇਸ਼ਾਂ ਦੇ ਵਾਸੀ ਇਸ ਦਾ ਵਧੇਰੇ ਸ਼ਿਕਾਰ ਹੋ ਰਹੇ ਹਨ ਜਿਸ ਦਾ ਮੁੱਖ ਕਾਰਨ ਉਨ੍ਹਾਂ ਦੀ ਖਾਣ-ਪੀਣ ਦੀਆਂ ਆਦਤਾਂ ਅਤੇ ਰੋਜ਼ਾਨਾ ਜੀਵਨ ਵਿਚ ਵਰਜਿਸ਼ ਦੀ ਘਾਟ ਹੈ।
ਪ੍ਰਬੰਧਕਾਂ ਵਿਚ ਸੁਰਿੰਦਰ ਮਾਵੀ, ਪਾਲ ਬਡਵਾਲ, ਹਰਿੰਦਰ ਸਿੰਘ ਸੋਮਲ, ਜਗਦੇਵ ਸਿੰਘ ਮਣਕੂ, ਇੰਦਰ ਮਾਵੀ, ਹਰਪ੍ਰੀਤ ਰੱਖੜਾ, ਰਿਤੂ, ਗੋਲਡੀ, ਜਗਦੀਪ ਬਰਾੜ, ਸੁਖਦੀਪ ਬਰਾੜ, ਸੁਸ਼ੀਲ ਕਾਲੜਾ, ਪ੍ਰਿਤਪਾਲ ਸੰਧੂ, ਹੈਪੀ ਚਾਹਲ, ਨਵੀ ਢਿੱਲੋਂ ਅਤੇ ਉਨ੍ਹਾਂ ਦੇ ਹੋਰ ਕਈ ਸਾਥੀ ਸ਼ਾਮਲ ਸਨ।
ਇਸ ਉਤਸ਼ਾਹੀ ਈਵੈਂਟ ਨੂੰ ਮਾਈਕਰੋ-ਪ੍ਰਿੰਟਿੰਗ ਦੇ ਅਵਤਾਰ ਬਰਾੜ, ਜੇ.ਬੀ. ਐਕਸਪ੍ਰੈੱਸ ਟ੍ਰਾਸਪੋਰਟ ਦੇ ਮੁਖ਼ਤਾਰ ਰੰਧਾਵਾ, ਸਟੇਟ ਬੈਂਕ ਆਫ਼ ਇੰਡੀਆ ਤੇ ਕਈ ਹੋਰਨਾਂ ਵੱਲੋਂ ਸਪਾਂਸਰ ਕੀਤਾ ਗਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …