ਚਰਚਾ ਦੇਸ਼ ਤੇ ਵਿਦੇਸ਼ਾਂ ‘ਚ
ਲੁਧਿਆਣਾ : ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਲਈ ਦੋਵਾਂ ਦੇਸ਼ਾਂ ਵਲੋਂ ਕੋਰੀਡੋਰ ਤਿਆਰ ਕਰਕੇ ਲਾਂਘਾ ਖੋਲ੍ਹਿਆ ਜਾ ਰਿਹਾ ਹੈ ਅਤੇ ਆਸ ਜਤਾਈ ਜਾ ਰਹੀ ਹੈ ਕਿ ਅਗਲੇ ਮਹੀਨੇ ਇਹ ਲਾਂਘਾ ਹਰ ਹਾਲਤ ਵਿਚ ਖੋਲ੍ਹ ਦਿੱਤਾ ਜਾਵੇਗਾ। ਤਿਆਰੀਆਂ ਦੋਵੇਂ ਦੇਸ਼ਾਂ ਵਿਚ ਜ਼ੋਰਾਂ ‘ਤੇ ਚੱਲ ਰਹੀਆਂ ਹਨ, ਜਿਸ ਲਈ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿਚ ਇਸ ਲਾਂਘੇ ਨੂੰ ਖੋਲ੍ਹਣ ਲਈ ਕ੍ਰੈਡਿਟ ਵਾਰ ਲੱਗੀ ਦਿਖਾਈ ਦੇ ਰਹੀ ਹੈ, ਪਰ ਇਸ ਲਾਂਘੇ ਲਈ ਅਹਿਮ ਰੋਲ ਅਦਾ ਕਰਨ ਵਾਲਾ ਸਾਬਕਾ ਵਜ਼ੀਰ ‘ਨਵਜੋਤ ਸਿੰਘ ਸਿੱਧੂ’ ਕਿਧਰੇ ਵੀ ਦਿਖਾਈ ਨਹੀਂ ਦੇ ਰਿਹਾ। ਸਿੱਧੂ ਨੇ ਕੀਤੀ ਸੀ ਕੋਸ਼ਿਸ਼ : ਜਦੋਂ ਪਾਕਿਸਤਾਨ ਵਿਚ ਸੱਤਾ ਪਰਿਵਰਤਨ ਹੋਇਆ ਸੀ ਅਤੇ ਹਿਮਰਾਨ ਖਾਨ ਨੇ ਬਤੌਰ ਵਜ਼ੀਰ-ਏ-ਆਜ਼ਮ ਪਾਕਿਸਤਾਨ ਵਿਖੇ ਸਹੁੰ ਚੁੱਕਣੀ ਸੀ ਤਾਂ ਹੋਏ ਸਮਾਗਮ ਵਿਚ ਇਮਰਾਨ ਖਾਨ ਨੇ ਆਪਣੇ ਖਿਡਾਰੀ ਮਿੱਤਰ ਨਵਜੋਤ ਸਿੰਘ ਸਿੱਧੂ ਨੂੰ ਵੀ ਸੱਦਾ ਭੇਜਿਆ ਸੀ, ਜਿਸ ‘ਤੇ ਸਿੱਧੂ ਨੇ ਉਸ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਦੇ ਬਾਵਜੂਦ ਪਾਕਿਸਤਾਨ ਵਿਚ ਹੋਣ ਵਾਲੇ ਸਮਾਗਮ ਵਿਚ ਸ਼ਿਰਕਤ ਕੀਤੀ ਸੀ, ਕਿਉਂਕਿ ਨਵਜੋਤ ਸਿੱਧੂ ਉਸ ਵੇਲੇ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਦੇ ਅਹੁਦੇ ‘ਤੇ ਬਿਰਾਜਮਾਨ ਸਨ। ਇਸ ਫੇਰੀ ਦੌਰਾਨ ਸਿੱਧੂ ਵਲੋਂ ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲ੍ਹਣ ਲਈ ਵੀ ਕੋਸ਼ਿਸ਼ ਕੀਤੀ ਗਈ ਸੀ।
ਅਸਤੀਫਾ ਦੇਣ ਤੋਂ ਬਾਅਦ ਬਿਲਕੁਲ ਸ਼ਾਂਤ ਹਨ ਸਿੱਧੂ
ਕੈਬਨਿਟ ਮੰਤਰੀ ਵਜੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸਿੱਧੂ ਅੱਜ ਤੱਕ ਬਿਲਕੁਲ ਹੀ ਸ਼ਾਂਤ ਦਿਖਾਈ ਦੇ ਰਹੇ ਹਨ, ਨਾ ਤਾਂ ਸਿੱਧੂ ਕੋਈ ਬਿਆਨਬਾਜ਼ੀ ਕਰਦੇ ਹਨ ਅਤੇ ਨਾ ਹੀ ਕੋਈ ਜ਼ਿਆਦਾ ਰਾਜਨੀਤਕ ਗੀਤੀਵਿਧੀਆਂ ਵਿਚ ਹਿੱਸਾ ਲੈ ਰਹੇ ਹਨ। ਬੱਸ ਅੰਮ੍ਰਿਤਸਰ ਆਪਣੀ ਰਿਹਾਇਸ਼ ਵਿਖੇ ਆਉਣ ਵਾਲੇ ਲੋਕਾਂ ਨੂੰ ਮਿਲ ਰਹੇ ਹਨ।
ਸਿੱਧੂ ਅਤੇ ਬਾਜਵਾ ਦੀ ਜੱਫੀ ਨੇ ਪਾਇਆ ਸੀ ਪੁਆੜਾ
ਜਦੋਂ ਸਿੱਧੂ ਪਾਕਿਸਤਾਨ ਗਏ ਸਨ ਤਾਂ ਉਥੇ ਪਾਕਿਸਤਾਨੀ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨਾਲ ਮਿਲਣ ਮੌਕੇ ਦੋਵਾਂ ਨੇ ਇਕ-ਦੂਜੇ ਨੂੰ ਜੱਫੀ ਪਾ ਲਈ ਸੀ, ਜਿਸ ਕਰਕੇ ਸਿੱਧੂ ਵਿਰੋਧੀਆਂ ਵਲੋਂ ਸਿੱਧੂ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਭਾਰਤ ਵਿਚ ਕਈ ਤਰ੍ਹਾਂ ਦੀ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਸੀ। ਸਿੱਧੂ ਨੂੰ ਸਿਰਫ ਵਿਰੋਧੀਆਂ ਦਾ ਹੀ ਨਹੀਂ, ਸਗੋਂ ਆਪਣੀ ਪਾਰਟੀ ਵਿਚਲੇ ਵਿਰੋਧੀਆਂ ਦਾ ਵਿਰੋਧ ਵੀ ਝੱਲਣਾ ਪਿਆ ਸੀ, ਪਰ ਸਿੱਧੂ ਨੇ ਸਪੱਸ਼ਟ ਕੀਤਾ ਸੀ ਕਿ ਉਸ ਨੇ ਤਾਂ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਣ ਲਈ ਬੇਨਤੀ ਕੀਤੀ ਸੀ, ਜਿਸ ਨੂੰ ਪਾਕਿਸਤਾਨ ਸਰਕਾਰ ਨੇ ਸਵੀਕਾਰ ਕਰ ਲਿਆ ਸੀ ਅਤੇ ਇਸੇ ਖੁਸ਼ੀ ਵਿਚ ਹੀ ਜੱਫੀ ਪਾਈ ਗਈ ਸੀ। ਮੁੱਖ ਮੰਤਰੀ ਨਾਲ ਪਿਆ ਸੀ ਪੰਗਾ : ਪਾਕਿਸਤਾਨ ਤੋਂ ਸਿੱਧੂ ਮੁੱਖ ਮੰਤਰੀ ਲਈ ਕਾਲਾ ਤਿੱਤਰ ਵੀ ਲਿਆਏ ਸਨ, ਪਰ ਮੁੱਖ ਮੰਤਰੀ ਨੇ ਸਿੱਧੂ ਦੀ ਇਹ ਭੇਟ ਸਵੀਕਾਰ ਨਹੀਂ ਸੀ ਕੀਤੀ, ਜਿਸ ਤੋਂ ਬਾਅਦ ਸਿੱਧੂ ਅਤੇ ਕੈਪਟਨ ਵਿਚ ਦੂਰੀਆਂ ਵਧਦੀਆਂ ਹੀ ਗਈਆਂ ਅਤੇ ਨੌਬਤ ਇਥੋਂ ਤੱਕ ਆ ਗਈ ਸੀ ਕਿ ਸਿੱਧੂ ਨੂੰ ਪੰਜਾਬ ਦੀ ਕੈਬਨਿਟ ਮੰਤਰੀ ਦੀ ਵਜ਼ੀਰੀ ਤੋਂ ਅਸਤੀਫਾ ਤੱਕ ਦੇਣਾ ਪੈ ਗਿਆ ਸੀ।
ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵਿਚ ਲੱਗੀ ਹੈ ਕ੍ਰੈਡਿਟ ਵਾਰ
ਕਰਤਾਰਪੁਰ ਸਾਹਿਬ ਲਾਂਘੇ ਲਈ ਭਾਵੇਂ ਕਿ ਪਹਿਲਾਂ ਵੀ ਕਈਆਂ ਵਲੋਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ, ਪਰ ਇਸ ਵਾਰ ਸਿੱਧੂ ਵਲੋਂ ਕੀਤੀ ਗਈ ਕੋਸ਼ਿਸ਼ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ, ਪਰ ਕੈਪਟਨ ਨਾਲ ਪੰਗਾ ਪੈਣ ਤੋਂ ਬਾਅਦ ਸਿੱਧੂ ਲਗਭਗ ਹਰ ਕੰਮ ਤੋਂ ਹੀ ਕਿਨਾਰਾ ਕਰੀ ਬੈਠੇ ਹਨ, ਜਿਸ ‘ਤੇ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਕੈਪਟਨ ਦੇ ਕਾਂਗਰਸੀ ਧੜੇ ਵਲੋਂ ਲਾਂਘੇ ਦਾ ਕ੍ਰੈਡਿਟ ਲੈਣ ਲਈ ਦੌੜ ਲੱਗੀ ਦਿਖਾਈ ਦੇ ਰਹੀ ਹੈ। ਭਾਵੇਂ ਕਿ ਸਿੱਧੂ ਪਹਿਲਾਂ ਵੀ ਇਹ ਕਹਿੰਦੇ ਰਹੇ ਹਨ ਕਿ ਉਨ੍ਹਾਂ ਨੇ ਕੁਝ ਨਹੀਂ ਕੀਤਾ ਹੈ, ਇਹ ਕੰਮ ਤਾਂ ਗੁਰੂ ਸਾਹਿਬ ਨੇ ਆਪ ਹੀ ਕਰਵਾਇਆ ਹੈ ਅਤੇ ਕਦੇ ਵੀ ਕ੍ਰੈਡਿਟ ਲੈਣ ਦੀ ਗੱਲ ਨਹੀਂ ਸੀ ਸਵੀਕਾਰੀ, ਪਰ ਫਿਰ ਵੀ ਜਿਸ ਤਰ੍ਹਾਂ ਹੁਣ ਸ਼੍ਰੋਮਣੀ ਅਕਾਲੀ ਦਲ-ਭਾਜਪਾ ਅਤੇ ਕਾਂਗਰਸੀਆਂ ਖਾਸ ਕਰਕੇ ਕੈਪਟਨ ਧੜੇ ਵਲੋਂ ਇਸ ਲਾਂਘੇ ਦਾ ਸਾਰਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਦੌੜ ਵਿਚ ਸਿੱਧੂ ਪਤਾ ਨਹੀਂ ਕਿਧਰੇ ਗੁੰਮ ਹੋ ਗਏ ਦਿਖਾਈ ਦੇ ਰਹੇ ਹਨ। ਹੁਣ ਸੁਣਨ ਨੂੰ ਮਿਲ ਰਿਹਾ ਹੈ ਕਿ ਲਾਂਘਾ ਖੁੱਲ੍ਹਣ ਮੌਕੇ ਪਹਿਲੇ ਜਥੇ ਵਿਚ ਪੰਜਾਬ ਦੇ ਸਾਰੇ ਵਿਧਾਇਕ ਕੈਪਟਨ ਦੀ ਅਗਵਾਈ ਵਿਚ ਪਾਕਿਸਤਾਨ ਜਾਣਗੇ, ਪਰ ਅਜਿਹੇ ਵਿਚ ਸਿੱਧੂ ਪਾਕਿਸਤਾਨ ਜਾਂਦੇ ਹਨ ਜਾਂ ਨਹੀਂ, ਇਸ ਸਬੰਧੀ ਵੀ ਅਜੇ ਸ਼ਸ਼ੋਪੰਜ ਹੀ ਬਣਿਆ ਹੋਇਆ ਹੈ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …