ਪੰਜੇ ਦੀਆਂ ਪੰਜੇ ਸੀਟਾਂ ਦੁਬਾਰਾ ਹਾਸਲ ਹੋਈਆਂ
ਬਰੈਂਪਟਨ/ਡਾ. ਝੰਡ : 21 ਅਕਤੂਬਰ ਨੂੰ ਹੋਈਆਂ ਫ਼ੈੱਡਰਲ ਚੋਣਾਂ ਵਿਚ ਬੇਸ਼ਕ ਲਿਬਰਲ ਪਾਰਟੀ ਦੀ ਘੱਟ-ਗਿਣਤੀ ਸਰਕਾਰ ਬਣੇਗੀ ਅਤੇ ਇਸ ਨੂੰ ਆਪਣੀ ਸਰਕਾਰ ਚਲਾਉਣ ਲਈ ਜਗਮੀਤ ਸਿੰਘ ਦੀ ਅਗਵਾਈ ਹੇਠਲੀ ਐੱਨ.ਡੀ.ਪੀ. ਦਾ ਸਹਿਯੋਗ ਲੈਣਾ ਪਵੇਗਾ, ਪਰ ਬਰੈਂਪਟਨ ਵਿਚ ਇਸ ਪਾਰਟੀ ਨੇ ਇਕ ਵਾਰ ਫਿਰ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ। ਜਿੱਥੇ ਇਸ ਦੇ ਪਿਛਲੀ ਟਰਮ ਦੇ ਚਾਰ ਪਾਰਲੀਮੈਂਟ ਮੈਂਬਰਾਂ ਰੂਬੀ ਸਹੋਤਾ, ਸੋਨੀਆ ਸਿੱਧੂ, ਕਮਲ ਖਹਿਰਾ ਅਤੇ ਰਮੇਸ਼ ਸੰਘਾ ਆਪਣੀਆਂ ਸੀਟਾਂ ਇਕ ਵਾਰ ਫਿਰ ਭਾਰੀ ਬਹੁ-ਮੱਤ ਨਾਲ ਮੁੜ ਪ੍ਰਾਪਤ ਕਰਨ ਵਿਚ ਕਾਮਯਾਬ ਹੋਏ ਹਨ, ਉੱਥੇ ਬਰੈਂਪਟਨ ਈਸਟ ਤੋਂ ਇਸ ਵਾਰ ਨਵੇਂ ਉਮੀਦਵਾਰ ਮਨਿੰਦਰ ਸਿੰਘ ਨੇ ਵੀ ਕਮਾਲ ਕਰ ਵਿਖਾਈ ਹੈ।
ਬਰੈਂਪਟਨ ਨੌਰਥ ਤੋਂ ਰੂਬੀ ਸਹੋਤਾ ਨੇ ਆਪਣੇ ਵਿਰੋਧੀਆਂ ਪੀ.ਸੀ. ਪਾਰਟੀ ਦੇ ਅਰਵਿੰਦ ਖੰਨਾ ਤੇ ਐੱਨ.ਡੀ.ਪੀ. ਦੀ ਮਿਲੀਸਾ ਐਡਵਰਡਜ਼ ਨੂੰ ਵੱਡੇ ਫ਼ਰਕ ਨਾਲ ਹਰਾਇਆ, ਜਦ ਕਿ ਬਰੈਂਪਟਨ ਸਾਊਥ ਤੋਂ ਸੋਨੀਆ ਸਿੱਧੂ ਨੇ ਵੀ ਆਪਣੇ ਨਿਕਟ ਵਿਰੋਧੀਆਂ ਪੀ.ਸੀ.ਪਾਰਟੀ ਦੇ ਰਮਨਦੀਪ ਬਰਾੜ ਅਤੇ ਮਨਦੀਪ ਕੌਰ ਨੂੰ ਅੱਛੇ ਖ਼ਾਸੇ ਫ਼ਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ।
ਏਸੇ ਤਰ੍ਹਾਂ ਬਰੈਂਪਟਨ ਵੈਸਟ ਤੋਂ ਕਮਲ ਖਹਿਰਾ ਨੇ ਪੀ.ਸੀ.ਪਾਰਟੀ ਦੇ ਮੁਰਾਰੀਲਾਲ ਥਾਪਿਆਲ ਅਤੇ ਐੱਨ.ਡੀ.ਪੀ.ਦੀ ਨਵਜੀਤ ਕੌਰ ਨੂੰ ਕਾਫ਼ੀ ਵੋਟਾਂ ਨਾਲ ਪਿੱਛੇ ਛੱਡਿਆ ਹੈ ਅਤੇ ਬਰੈਂਪਟਨ ਸਾਊਥ ਤੋਂ ਰਮੇਸ਼ ਸੰਘਾ ਨੇ ਵੀ ਪੀ.ਸੀ.ਪਾਰਟੀ ਦੀ ਉਮੀਦਵਾਰ ਪਵਨਜੀਤ ਗੌਸਲ ਅਤੇ ਐੱਨ.ਡੀ.ਪੀ. ਦੇ ਜੌਰਡਨ ਬੈਸਵਿਲ ਨੂੰ ਕਰਾਰੀ ਹਾਰ ਦਿੱਤੀ ਹੈ। ਬਾਕੀ ਦੀਆਂ ਪਾਰਟੀਆਂ ਜਿਵੇਂ ਗਰੀਨ ਪਾਰਟੀ, ਪੀਪਲਜ਼ ਪਾਰਟੀ ਆਫ਼ ਕੈਨੇਡਾ, ਕੈਨੇਡਾ ਫ਼ਰਥ ਫ਼ਰੰਟ, ਕਮਿਊਨਿਸਟ ਪਾਰਟੀ ਆਫ਼ ਕੈਨੇਡਾ, ਆਦਿ ਕੇਵਲ ਨਾਮ-ਮਾਤਰ ਵੋਟਾਂ ਹੀ ਲੈ ਸਕੀਆਂ ਹਨ। ਕਈਆਂ ਪੋਲਿੰਗ-ਸਟੇਸ਼ਨਾਂ ਵਿਚ ਤਾਂ ਇਨ੍ਹਾਂ ਦੇ ਖ਼ਾਤੇ ਵੀ ਨਹੀਂ ਖੁੱਲ੍ਹ ਸਕੇ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …