ਵਿਜੇ ਸਾਂਪਲਾ ਤੇ ਅਸ਼ੋਕ ਗਜਪਤੀ ਰਾਜੂ ਵੀ ਹੋਣਗੇ ਫਲਾਈਟ ‘ਚ
ਜਲੰਧਰ/ਬਿਊਰੋ ਨਿਊਜ਼
ਆਦਮਪੁਰ ਵਿਚ ਸ਼ੁਰੂ ਹੋਣ ਜਾ ਰਹੇ ਏਅਰਪੋਰਟ ‘ਤੇ ਪਹਿਲਾ ਯਾਤਰੀ ਜਹਾਜ਼ 25 ਸਤੰਬਰ ਨੂੰ ਉੱਤਰੇਗਾ। ਦਿੱਲੀ ਤੋਂ ਜਲੰਧਰ ਦੀ ਸਪਾਈਸਜੈੱਟ ਦੀ ਇਸ ਫਲਾਈਟ ਵਿੱਚ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੇ ਨਾਲ ਕੇਂਦਰੀ ਨਾਗਰਿਕ ਉਡਾਣ ਮੰਤਰੀ ਅਸ਼ੋਕ ਗਜਪਤੀ ਰਾਜੂ ਤੇ ਰਾਜ ਮੰਤਰੀ ਜਯੰਤ ਸਿਨ੍ਹਾ ਵੀ ਹੋਣਗੇ।
ਪੰਡਤ ਦੀਨਦਿਆਲ ਉਪਾਧਿਆਏ ਦਾ ਜਨਮ ਦਿਹਾੜਾ 25 ਸਤੰਬਰ ਨੂੰ ਹੈ। ਇਸ ਲਈ ਇਸੇ ਦਿਨ ਫਲਾਈਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਕਿਉਂਕਿ ਭਾਜਪਾ 2016-17 ਨੂੰ ਪੰਡਤ ਜੀ ਦੀ ਜਨਮ ਸ਼ਤਾਬਦੀ ਵਜੋਂ ਵੀ ਮਨਾ ਰਹੀ ਹੈ। 25 ਸਤੰਬਰ ਨੂੰ ਦਿੱਲੀ ਤੋਂ ਆਦਮਪੁਰ ਆਉਣ ਤੋਂ ਬਾਅਦ ਇਸੇ ਦਿਨ ਇਹ ਫਲਾਈਟ ਆਦਮਪੁਰ ਤੋਂ ਦਿੱਲੀ ਵੀ ਜਾਵੇਗੀ। ਚੇਤੇ ਰਹੇ ਕਿ ਆਦਮਪੁਰ ਵਿਚ ਹਵਾਈ ਸੈਨਾ ਦਾ ਏਅਰਬੇਸ ਵੀ ਹੈ।