ਸਰਬਜੀਤ ਦੀ ਭੈਣ ਦਲਬੀਰ ਕੌਰ ਨੇ ਉਠਾਇਆ ਮਾਮਲਾ
ਜਲੰਧਰ/ਬਿਊਰੋ ਨਿਊਜ਼ : ਦੇਸ਼ ਦੀ ਆਜ਼ਾਦੀ ਦੇ 70 ਸਾਲ ਮੁਕੰਮਲ ਹੋਣ ‘ਤੇ ਸਾਰਾ ਦੇਸ਼ ਆਜ਼ਾਦੀ ਦੀਆਂ ਖੁਸ਼ੀਆਂ ਮਨਾ ਰਿਹਾ ਹੈ, ਉਥੇ ਦੇਸ਼ ਲਈ ਲੜਨ ਵਾਲੇ ਅਜੇ ਵੀ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਨਰਕ ਭਰੀ ਜ਼ਿੰਦਗੀ ਭੋਗ ਰਹੇ ਹਨ। ਪਾਕਿਸਤਾਨ ਨਾਲ ਹੋਈਆਂ 1965 ਤੇ 1971 ਦੀਆਂ ਜੰਗਾਂ ਦੌਰਾਨ ਅਜੇ ਵੀ ਕਈ ਫੌਜੀ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਹਨ। ਉਨ੍ਹਾਂ ਦੀ ਰਿਹਾਈ ਲਈ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਸਾਹਮਣੇ ਆਈ ਹੈ।
ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਪਾਕਿਸਤਾਨ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਪੰਜਾਬ ਦੇ 214 ਜੰਗੀ ਕੈਦੀ ਹਨ। ਉਨ੍ਹਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਦਖ਼ਲ ਦੇਵੇ। ਜ਼ਿਕਰਯੋਗ ਹੈ ਕਿ ਸਰਬਜੀਤ ਸਿੰਘ 2013 ਵਿੱਚ ਕੋਟ ਲੱਖਪਤ ਦੀ ਜੇਲ੍ਹ ਵਿੱਚ ਮਾਰਿਆ ਗਿਆ ਸੀ। ਇਹ ਮਾਮਲਾ ਕੌਮਾਂਤਰੀ ਪੱਧਰ ‘ਤੇ ਵੀ ਕਾਫ਼ੀ ਭਖਿਆ ਸੀ। ਦਲਬੀਰ ਕੌਰ ਨੇ ਮਾਲਵਾ ਖਿੱਤੇ ਦੇ ਕੁਝ ਪਰਿਵਾਰਾਂ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ, ਜਿਨ੍ਹਾਂ ਦੇ ਮੈਂਬਰ ਅਜੇ ਵੀ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਹਨ। ਬਠਿੰਡਾ ਜ਼ਿਲ੍ਹੇ ਦੇ ਪਿੰਡ ਲਹਿਰਾ ਧੂੜਕੋਟ ਦੇ ਅਰਸ਼ਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਧਰਮਪਾਲ ਸਿੰਘ 4 ਸਿੱਖ ਰੈਜਮੈਂਟ ਵਿੱਚ ਸਨ। ਉਨ੍ਹਾਂ 1971 ਦੀ ਜੰਗ ਲੜੀ ਸੀ। ਅਰਸ਼ਿੰਦਰਪਾਲ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਦੇ ਪਿਤਾ ਨੂੰ ਸ਼ਹੀਦ ਐਲਾਨ ਦਿੱਤਾ ਸੀ ਤੇ ਅਸੀਂ ਆਪਣੇ ਪਿੰਡ ਵਿੱਚ ਉਨ੍ਹਾਂ ਦੀ ਮੂਰਤੀ ਵੀ ਲਾਈ ਹੋਈ ਹੈ। ਫ਼ਿਰੋਜ਼ਪੁਰ ਦੇ ਰਹਿਣ ਵਾਲੇ ਸਾਬਕਾ ਫੌਜੀ ਸਤੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਪਿਤਾ ਜਿਊਂਦਾ ਹੈ ਤੇ ਉਹ ਪਾਕਿਸਤਾਨ ਦੀ ਕਿਲਾ ਅਟਕ ਜੇਲ੍ਹ ਵਿੱਚ ਬੰਦ ਹੈ। ਇਸ ਤੋਂ ਬਾਅਦ ਉਹ ਕਿਲਾ ਅਟਕ ਜੇਲ੍ਹ ਵਿੱਚੋਂ ਰਿਹਾਅ ਹੋਣ ਵਾਲੇ ਸਾਰੇ ਕੈਦੀਆਂ ਨੂੰ ਮਿਲਦੇ ਰਹੇ ਹਨ ਤੇ ਉਨ੍ਹਾਂ ਨੇ ਦਾਅਵਾ ਵੀ ਕੀਤਾ ਹੈ ਕਿ ਉਨ੍ਹਾਂ ਦੇ ਪਿਤਾ ਧਰਮਪਾਲ ਜਿਊਂਦੇ ਹਨ। ਉਨ੍ਹਾਂ ਦੇ ਪਿਤਾ ਨੇ ਫੌਜੀ ਵਰਦੀ ਵਾਲੀ ਤਸਵੀਰ ਵੀ ਭੇਜੀ ਸੀ। ਅਰਸ਼ਿੰਦਰਪਾਲ ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਿਤਾ ਨੂੰ ਪਾਕਿਸਤਾਨ ਦੀ ਜੇਲ੍ਹ ਵਿੱਚੋਂ ਰਿਹਾਅ ਕਰਵਾਇਆ ਜਾਵੇ। ਇਸ ਤਰ੍ਹਾਂ ਅਮਰੀਕ ਸਿੰਘ ਨੇ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਿਤਾ ਸੁਰਜੀਤ ਸਿੰਘ 57ਵੀਂ ਬਟਾਲੀਅਨ ਵਿੱਚ ਸਨ। ਅਮਰੀਕ ਸਿੰਘ ਨੇ ਦੱਸਿਆ ਕਿ ਉਹ ਉਦੋਂ ਸਿਰਫ਼ 17 ਦਿਨਾਂ ਦਾ ਸੀ, ਜਦੋਂ ਉਨ੍ਹਾਂ ਦੇ ਪਿਤਾ ਜੰਗ ਦੌਰਾਨ ਲਾਪਤਾ ਹੋ ਗਏ ਸਨ ਅਤੇ ਬਾਅਦ ਵਿੱਚ ਪਰਿਵਾਰ ਨੂੰ ਦੱਸਿਆ ਗਿਆ ਕਿ ਉਹ ਸ਼ਹੀਦ ਹੋ ਗਏ ਹਨ। ਇਸ ਲਈ ਪਰਿਵਾਰ ਨੇ ਉਨ੍ਹਾਂ ਦੀਆਂ ਅੰਤਮ ਰਸਮਾਂ ਵੀ ਕਰ ਦਿੱਤੀਆਂ ਸਨ। ਲੰਮੇ ਸਮੇਂ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਹਨ। ਪਾਕਿਸਤਾਨ ਦੀ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਆਏ ਸਤੀਸ਼ ਕੁਮਾਰ ਤੇ ਲੱਖੂ ਰਾਮ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੇਲ੍ਹ ਵਿੱਚ ਹਨ। ਉਨ੍ਹਾਂ ਕਿਹਾ ਕਿ ਹੁਣ 46 ਸਾਲ ਲੰਘ ਗਏ ਹਨ ਅਤੇ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਜੰਗੀ ਕੈਦੀਆਂ ਨੂੰ ਰਿਹਾਅ ਕਰਵਾਏ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲਾਵੇ।