ਚੰਡੀਗੜ੍ਹ : ਪੰਜਾਬ ਸਰਕਾਰ ਨੇ ਮੁਖਤਿਆਰਨਾਮੇ ‘ਤੇ 2 ਫ਼ੀਸਦੀ ਸਟੈਂਪ ਡਿਊਟੀ ਖ਼ਤਮ ਕਰਨ ਤੇ 20 ਸਾਲਾਂ ਤੋਂ ਜ਼ਮੀਨਾਂ ‘ਤੇ ਕਾਬਜ਼ ਪੰਜ ਏਕੜ ਤੱਕ ਜ਼ਮੀਨ ਵਾਲੇ ਕਿਸਾਨਾਂ ਨੂੰ ਜ਼ਮੀਨਾਂ ਦੀ ਮਾਲਕੀਅਤ ਦੇਣ ਲਈ ਹਰੀ ਝੰਡੀ ਦੇ ਦਿੱਤੀ ਹੈ। ਰੀਅਲ ਅਸਟੇਟ ਸੈਕਟਰ ਖ਼ਾਸਕਰ ਵਾਜਬ ਦਰਾਂ ਵਾਲੇ ਘਰਾਂ ਦੀ ਸ਼੍ਰੇਣੀ ਨੂੰ ਹੁਲਾਰਾ ਦੇਣ ਲਈ ਮੰਤਰੀ ਮੰਡਲ ਨੇ ਅਚੱਲ ਜਾਇਦਾਦ ਸਬੰਧੀ ਮੁਖਤਿਆਰਨਾਮੇ ‘ਤੇ 2 ਫ਼ੀਸਦੀ ਸਟੈਂਪ ਡਿਊਟੀ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਉਕਤ ਫ਼ੈਸਲੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਏ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਫ਼ੈਸਲੇ ਨਾਲ ਆਪਣਾ ਘਰ ਬਣਾਉਣ ਦੀ ਖਵਾਹਿਸ਼ ਰੱਖਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਸਟੈਂਪ ਡਿਊਟੀ ਦੀ ਦਰ ਮਾਰਕੀਟ ਕੀਮਤ ਦੀ ਥਾਂ ਹੁਣ ਆਮ ਮੁਖਤਿਆਰਨਾਮੇ ‘ਤੇ ਸਿਰਫ 1000 ਰੁਪਏ ਅਤੇ ਵਿਸ਼ੇਸ਼ ਮੁਖਤਿਆਰਨਾਮੇ ‘ਤੇ 500 ਰੁਪਏ ਹੋਵੇਗੀ। ਪੰਜ ਏਕੜ ਵਾਲੇ ਕਿਸਾਨਾਂ ਨੂੰ ਮਿਲੀ ਵੱਡੀ ਰਾਹਤ : ਸੂਬਾਈ ਸਰਕਾਰੀ ਖੇਤੀਬਾੜੀ ਭੌਂ ‘ਤੇ ਪੰਜ ਏਕੜ ਤੱਕ ਕਾਸ਼ਤ ਕਰਨ ਵਾਲੇ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਮੰਤਰੀ ਮੰਡਲ ਨੇ ਰਿਆਇਤੀ ਸ਼ਰਤਾਂ ਅਧੀਨ ਜਾਇਦਾਦ ਦੇ ਅਧਿਕਾਰਾਂ ਦੀ ਪੇਸ਼ਕਸ਼ ਕਰਨ ਦਾ ਸਿਧਾਂਤਕ ਫ਼ੈਸਲਾ ਕੀਤਾ ਹੈ।
Check Also
ਪੰਜਾਬ ਯੂਨੀਵਰਸਿਟੀ ’ਚ ਸੈਨੇਟ ਚੋਣਾਂ ਦਾ ਐਲਾਨ ਜਲਦ
ਇਸੇ ਮਹੀਨੇ ਜਾਰੀ ਹੋ ਸਕਦਾ ਹੈ ਨੋਟੀਫਿਕੇਸ਼ਨ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਸੈਨੇਟ ਚੋਣਾਂ …