Breaking News
Home / ਦੁਨੀਆ / ਵਿਸ਼ਵ ਦੀ ਸਭ ਤੋਂ ਉਚੀ ਮੂਰਤੀ ਦੇਸ਼ ਨੂੰ ਸਮਰਪਿਤ

ਵਿਸ਼ਵ ਦੀ ਸਭ ਤੋਂ ਉਚੀ ਮੂਰਤੀ ਦੇਸ਼ ਨੂੰ ਸਮਰਪਿਤ

ਮੋਦੀ ਨੇ ਕੀਤਾ ਸਰਦਾਰ ਪਟੇਲ ਦਾ ‘ਸਟੈਚੂ ਆਫ਼ ਯੂਨਿਟੀ’ ਲੋਕ ਅਰਪਣ
ਕੇਵੜੀਆ (ਗੁਜਰਾਤ)/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਰਦਾਰ ਵੱਲਭਭਾਈ ਪਟੇਲ ਦੀ 182 ਮੀਟਰ ਉੱਚੀ ਮੂਰਤੀ ਲੋਕਾਂ ਨੂੰ ਸਮਰਪਿਤ ਕੀਤੀ। ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਪਟੇਲ ਦਾ ਇਹ ਬੁੱਤ ਦੁਨੀਆ ਦੀ ਸਭ ਤੋਂ ਉੱਚੀ ਯਾਦਗਾਰ ਹੈ। ਮੋਦੀ ਨੇ ਕਿਹਾ ਕਿ ਭਾਰਤ ਦੇ ਟੋਟੇ ਕਰਨ ਦੀ ਸਾਜ਼ਿਸ਼ ਨਾਕਾਮ ਕਰਨ ਦੇ ਪਟੇਲ ਦੇ ਹੌਸਲੇ ਦੀ ਯਾਦ ਇਹ ਮੂਰਤੀ ਦਿਵਾਉਂਦੀ ਰਹੇਗੀ। ਯਾਦਗਾਰ ਉਸਾਰਨ ਦੇ ਫ਼ੈਸਲੇ ਦੀ ਨੁਕਤਾਚੀਨੀ ਕਰਨ ਵਾਲਿਆਂ ਨੂੰ ਭੰਡਦਿਆਂ ਮੋਦੀ ਨੇ ਕਿਹਾ ਕਿ ਪਟੇਲ ਵਰਗੇ ਕੌਮੀ ਨਾਇਕਾਂ ਲਈ ਅਜਿਹੀਆਂ ਯਾਦਗਾਰਾਂ ਉਸਾਰ ਕੇ ਕੀ ਉਨ੍ਹਾਂ ਕੋਈ ਵੱਡਾ ਗੁਨਾਹ ਕੀਤਾ ਹੈ। ਗੁਜਰਾਤ ਦੇ ਨਰਮਦਾ ਜ਼ਿਲ੍ਹੇ ਵਿਚ ਸਰਦਾਰ ਸਰੋਵਰ ਡੈਮ ਨੇੜੇ ਸਾਧੂ ਬੇਟ ‘ਤੇ ਬਣੀ ਇਸ ਮੂਰਤੀ ਨੂੰ ‘ਸਟੈਚੂ ਆਫ਼ ਯੂਨਿਟੀ’ ਦਾ ਨਾਮ ਦਿੱਤਾ ਗਿਆ ਹੈ ਅਤੇ ਇਸ ਦੀ ਉਚਾਈ ਅਮਰੀਕਾ ਵਿਚ ‘ਸਟੈਚੂ ਆਫ਼ ਲਿਬਰਟੀ’ ਤੋਂ ਦੁੱਗਣੀ ਹੈ ਅਤੇ ਇਹ ਚੀਨ ਦੇ 153 ਮੀਟਰ ਬੌਧ ਮੰਦਿਰ ਤੋਂ ਵੱਡਾ ਹੈ। ਮੋਦੀ ਨੇ ਗੁਜਰਾਤ ਦਾ ਮੁੱਖ ਮੰਤਰੀ ਰਹਿੰਦਿਆਂ ਇਸ ਯਾਦਗਾਰ ਦਾ 2013 ਵਿਚ ਨੀਂਹ ਪੱਥਰ ਰੱਖਿਆ ਸੀ। ਜ਼ਿਕਰਯੋਗ ਹੈ ਕਿ ਅਜ਼ਾਦ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਪਟੇਲ ਨੇ 550 ਰਿਆਸਤਾਂ ਦਾ ਭਾਰਤ ਵਿਚ ਰਲੇਵਾਂ ਕੀਤਾ ਸੀ। ਪਟੇਲ ਦੀ 143ਵੀਂ ਵਰ੍ਹੇਗੰਢ ਮੌਕੇ ਹੋਏ ਸਮਾਗਮ ਵਿੱਚ ਗੁਜਰਾਤ ਦੇ ਰਾਜਪਾਲ ਓ ਪੀ ਕੋਹਲੀ, ਮੁੱਖ ਮੰਤਰੀ ਵਿਜੇ ਰੂਪਾਨੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਸਮੇਤ ਹੋਰ ਕਈ ਆਗੂਆਂ ਨੇ ਹਾਜ਼ਰੀ ਭਰੀ। ਮੂਰਤੀ ਦਾ ਨਿਰਮਾਣ 2989 ਕਰੋੜ ਦੀ ਲਾਗਤ ਨਾਲ ਕੀਤਾ ਗਿਆ ਹੈ ਜਿਸ ਦਾ ਆਧਾਰ 25 ਮੀਟਰ ਹੈ। ਮੋਦੀ ਨੇ ਆਪਣੇ ਸੰਬੋਧਨ ਵਿਚ ਕਿਹਾ, ”ਸਰਦਾਰ ਦੀ ਮੂਰਤੀ ਏਕਤਾ ਦਾ ਸੂਤਰ ਹੈ ਅਤੇ ਸਾਨੂੰ ਮੁਲਕ ਨੂੰ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦਾ ਸੁਪਨਾ ਲੈ ਕੇ ਅੱਗੇ ਵਧਣਾ ਚਾਹੀਦਾ ਹੈ।” ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਕੇਂਦਰ ਸਰਕਾਰ ਨੇ ਡਾਕਟਰ ਬੀ ਆਰ ਅੰਬੇਦਕਰ ਅਤੇ ਸ਼ਿਆਮਜੀ ਕ੍ਰਿਸ਼ਨ ਵਰਮਾ ਸਮੇਤ ਕਈ ਹਸਤੀਆਂ ਦੀਆਂ ਯਾਦਗਾਰਾਂ ਸਥਾਪਤ ਕੀਤੀਆਂ ਹਨ। ਉਨ੍ਹਾਂ ਮੁੰਬਈ ਵਿਚ ਛਤਰਪਤੀ ਸ਼ਿਵਾਜੀ ਦੇ ਬੁੱਤ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਸਮਰਪਿਤ ਅਜਾਇਬਘਰ ਸਮੇਤ ਹੋਰ ਬਣ ਰਹੀਆਂ ਯਾਦਗਾਰਾਂ ਵੀ ਗਿਣਾਈਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਲਕ ਦੇ ਕੁਝ ਲੋਕ ਉਨ੍ਹਾਂ ਦੇ ਕਦਮਾਂ ਨੂੰ ਸਿਆਸੀ ਨਜ਼ਰ ਨਾਲ ਦੇਖ ਰਹੇ ਹਨ। ‘ਸਰਦਾਰ ਪਟੇਲ ਵਰਗੇ ਕੌਮੀ ਨਾਇਕਾਂ ਦੇ ਯੋਗਦਾਨ ਦੀ ਸ਼ਲਾਘਾ ਕਰਨ ‘ਤੇ ਸਾਡੀ ਆਲੋਚਨਾ ਹੋ ਰਹੀ ਹੈ। ਸਾਨੂੰ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਅਸੀਂ ਕੋਈ ਗੰਭੀਰ ਗੁਨਾਹ ਕਰ ਦਿੱਤਾ ਹੈ।” ਆਪਣੇ 55 ਮਿੰਟਾਂ ਦੇ ਭਾਸ਼ਣ ਵਿਚ ਉਨ੍ਹਾਂ ਕਿਹਾ ਕਿ ਇਹ ਕਰੋੜਾਂ ਭਾਰਤੀਆਂ ਦੇ ਜਜ਼ਬਾਤ ਸਨ ਕਿ ਜਿਹੜੇ ਵਿਅਕਤੀ ਨੇ ਮੁਲਕ ਨੂੰ ਜੋੜਿਆ, ਉਸ ਦਾ ਬਣਦਾ ਸਨਮਾਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, ”ਸਰਦਾਰ ਪਟੇਲ ਨੇ ਰਿਆਸਤਾਂ ਨੂੰ ਇਕਜੁੱਟ ਕਰਨ ਵਾਂਗ ਅਸੀਂ ਆਰਥਿਕਤਾ ਪੱਖੋਂ ਜੀਐਸਟੀ ਲਿਆ ਕੇ ਮੁਲਕ ਨੂੰ ਇਕਜੁੱਟ ਕੀਤਾ ਹੈ।” ਕਿਸਾਨਾਂ ਦੀ ਸ਼ਲਾਘਾ ਕਰਦਿਆਂ ਮੋਦੀ ਨੇ ਕਿਹਾ ਕਿ ਮੁਲਕ ਦੇ ਲੱਖਾਂ ਕਿਸਾਨਾਂ ਨੇ ਬੁੱਤ ਦੇ ਨਿਰਮਾਣ ਲਈ ਆਪਣੇ ਸੰਦ ਅਤੇ ਜ਼ਮੀਨ ਦਿੱਤੀ। ਆਪਣੇ ਭਾਸ਼ਣ ਉਪਰੰਤ ਮੋਦੀ ਮੂਰਤੀ ਤੱਕ ਗਏ ਅਤੇ ਸਰਦਾਰ ਪਟੇਲ ਨੂੰ ਫੁੱਲ ਭੇਟ ਕੀਤੇ। ਉਨ੍ਹਾਂ ਅਜਾਇਬਘਰ ਦਾ ਦੌਰਾ ਵੀ ਕੀਤਾ।

Check Also

ਪਾਕਿਸਤਾਨੀ ਪੰਜਾਬ ਦੀ ਮੰਤਰੀ ਨੇ ਲਾਹੌਰ ’ਚ ਹਵਾ ਪ੍ਰਦੂਸ਼ਣ ਲਈ ਭਾਰਤੀ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ

ਕਿਹਾ : ਅੰਮਿ੍ਰਤਸਰ ਤੇ ਦਿੱਲੀ ਦੀਆਂ ਹਵਾਵਾਂ ਲਾਹੌਰ ਵਿਚ ਪ੍ਰਦੂਸ਼ਣ ਦਾ ਕਾਰਨ ਲਾਹੌਰ/ਬਿਊਰੋ ਨਿਊਜ਼ ਪਾਕਿਸਤਾਨੀ …