Breaking News
Home / ਕੈਨੇਡਾ / ‘ਸਮਕਾਲੀ ਦੌਰ ਵਿਚ ਗੁਰੂ ਨਾਨਕ ਬਾਣੀ ਅਤੇ ਫਲਸਫੇ ਦੀ ਪ੍ਰਸੰਗਿਕਤਾ’ ਵਿਸ਼ੇ ਉਤੇ ਸੈਮੀਨਾਰ

‘ਸਮਕਾਲੀ ਦੌਰ ਵਿਚ ਗੁਰੂ ਨਾਨਕ ਬਾਣੀ ਅਤੇ ਫਲਸਫੇ ਦੀ ਪ੍ਰਸੰਗਿਕਤਾ’ ਵਿਸ਼ੇ ਉਤੇ ਸੈਮੀਨਾਰ

‘ਗੁਰੂ ਨਾਨਕ ਬਾਣੀ ਚਿੰਤਨ: ਸਿਧਾਂਤ ਤੇ ਵਿਚਾਰ’ ਕੀਤੀ ਗਈ ਰਿਲੀਜ਼ ਤੇ ਕਵੀ ਦਰਬਾਰ ਹੋਇਆ
ਬਰੈਂਪਟਨ/ਡਾ. ਝੰਡ
ਵਿਸ਼ਵ ਪੰਜਾਬੀ ਕਾਨਫ਼ਰੰਸ (ਰਜਿ.) ਟੋਰਾਂਟੋ ਵੱਲੋਂ 23 ਨਵੰਬਰ ਦਿਨ ਸ਼ਨੀਵਾਰ ਨੂੰ ‘ਸਮਕਾਲੀ ਦੌਰ ਵਿਚ ਗੁਰੂ ਨਾਨਕ ਬਾਣੀ ਅਤੇ ਫ਼ਲਸਫ਼ੇ ਦੀ ਪ੍ਰਸੰਗਿਕਤਾ’ ਵਿਸ਼ੇ ਉਤੇ ਇਕ-ਰੋਜ਼ਾ ਅੰਤਰ-ਰਾਸ਼ਟਰੀ ਸੈਮੀਨਾਰ ਸਫ਼ਲਤਾ-ਪੂਰਵਕ ਕਰਵਾਇਆ ਗਿਆ। ਸਮਾਗਮ ਦੀ ਸ਼ੁਭ-ਸ਼ੁਰੂਆਤ ਪਤਵੰਤਿਆਂ ਵੱਲੋਂ ਗਿਆਨ ਦੀਆਂ ਪ੍ਰਤੀਕ ‘ਮੋਮਬੱਤੀਆਂ’ ਜਗਾ ਕੇ ਕੀਤੀ ਗਈ ਅਤੇ ਇਸ ਦੇ ਨਾਲ ਹੀ ਮੰਚ-ਸੰਚਾਲਕ ਪ੍ਰੋ.ਜਗੀਰ ਸਿੰਘ ਕਾਹਲੋਂ ਵੱਲੋਂ ਭਾਰਤ ਤੋਂ ਆਏ ਨਾਮਧਾਰੀ ਸੰਪਰਦਾਇ ਦੇ ਮੁਖੀ ਠਾਕਰ ਦਲੀਪ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਮੋਹਨ ਸਿੰਘ ਤਿਆਗੀ, ਅਮਰੀਕਾ ਤੋਂ ਆਏ ਵਿਦਵਾਨ ਦਿਲਵੀਰ ‘ਦਿਲ ਨਿੱਜਰ’, ਪਾਕਿਸਤਾਨ ਤੋਂ ਆਏ ਲੇਖਕ ਮੁਹੰਮਦ ਖਾਲਿਦ, ਪ੍ਰਸਿੱਧ ਪੰਜਾਬੀ ਲੇਖਕ ਡਾ. ਵਰਿਆਮ ਸਿੰਘ ਸੰਧੂ, ਵਿਸ਼ਵ ਪੰਜਾਬੀ ਕਾਨਫ਼ਰੰਸ (ਰਜਿ.) ਟੋਰਾਂਟੋ ਦੇ ਚੇਅਰਪਰਸਨ ਗਿਆਨ ਸਿੰਘ ਕੰਗ, ਪ੍ਰਧਾਨ ਕਮਲਜੀਤ ਸਿੰਘ ਲਾਲੀ ਕਿੰਗ ਅਤੇ ਮੀਤ-ਪ੍ਰਧਾਨ ਸੁਰਜੀਤ ਕੌਰ ਨੂੰ ਪ੍ਰਧਾਨਗੀ-ਮੰਡਲ ਵਿਚ ਬੈਠਣ ਲਈ ਕਿਹਾ ਗਿਆ। ਸੈਮੀਨਾਰ ਦੀ ਸਫ਼ਲਤਾ ਲਈ ਮੰਚ-ਸੰਚਾਲਕ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਡਾ. ਮਨਜੀਤ ਸਿੰਘ ਵੱਲੋਂ ਭੇਜਿਆ ਗਿਆ ਸ਼ੁਭ-ਇੱਛਾਵਾਂ ਨਾਲ ਲਬਰੇਜ਼ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ।
ਸੈਮੀਨਾਰ ਦਾ ਆਰੰਭ ਕਰਦਿਆਂ ਡਾ. ਮੋਹਨ ਤਿਆਗੀ ਨੇ ਆਪਣੇ ਕੁੰਜੀਵਤ-ਭਾਸ਼ਨ ਵਿਚ ਗੁਰੂ ਨਾਨਕ ਦੇਵ ਜੀ ਨੂੰ ਕਰਮਯੋਗੀ, ਯਥਾਰਥਵਾਦੀ, ਗਰੀਬਾਂ ਦੇ ਸੱਚੇ ਸਾਥੀ ਤੇ ਹਮਦਰਦ ਆਦਿ ਸੰਬੋਧਨਾਂ ਨਾਲ ਸੰਬੋਧਨ ਕਰਦਿਆਂ ਹੋਇਆਂ ਦੇਸ਼-ਵਿਦੇਸ਼ ਵਿਚ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਚਾਰ ਉਦਾਸੀਆਂ ਦੌਰਾਨ ਵੱਖ-ਵੱਖ ਧਰਮਾਂ ਤੇ ਸੰਪਰਦਾਵਾਂ ਦੇ ਆਗੂਆਂ, ਜੋਗੀਆਂ, ਸਿੱਧਾਂ, ਨਾਥਾਂ, ਕਾਜ਼ੀਆਂ, ਮੁੱਲਾਂ ਤੇ ਪੰਡਤਾਂ ਨਾਲ ਸੰਵਾਦ ਰਚਾਉਣ ਦੀ ਗੱਲ ਬੜੇ ਖ਼ੂਬਸੂਰਤ ਸ਼ਬਦਾਂ ਵਿਚ ਕੀਤੀ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਗੁਰੂ ਨਾਨਕ ਬਾਣੀ ਵਿਚ ਸਚਿਆਰ, ਭੈਅ, ਭਾਉ, ਬਰਾਬਰੀ, ਸਾਂਝੀਵਾਲਤਾ, ਕੁਦਰਤ, ਵਾਤਾਵਰਣ, ਆਦਿ ਦੇ ਵਰਨਣ ਨੂੰ ਬਾਖ਼ੂਬੀ ਉਭਾਰਿਆ ਅਤੇ ਅਜੋਕੇ ਪ੍ਰਸੰਗ ਵਿਚ ਇਨ੍ਹਾਂ ਦੀ ਮਹੱਤਤਾ ਨੂੰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਿਸ ਨਾਲ ਅਗਲੇ ਬੁਲਾਰਿਆਂ ਨੂੰ ਬੋਲਣ ਲਈ ਸਾਰਥਿਕ ਸੇਧ ਮਿਲੀ।
ਸੈਮੀਨਾਰ ਦੇ ਪਹਿਲੇ ਬੁਲਾਰੇ ਡਾ. ਗੁਰਨਾਮ ਕੌਰ ਨੇ ਆਪਣੇ ਸੰਬੋਧਨ ઑਗੁਰੂ ਨਾਨਕ ਅਤੇ ਨਾਰੀਵਾਦ਼ ਵਿਚ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰੇ ਗਏ ਸ਼ਬਦ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨ’ ਨੂੰ ਆਧਾਰ ਬਣਾਉਂਦਿਆਂ ਕਿਹਾ ਕਿ ਗੁਰੂ ਜੀ ਨੇ ਇਸਤਰੀ ਜਾਤੀ ਦਾ ਭਰਪੂਰ ਸਨਮਾਨ ਕੀਤਾ ਹੈ। ਡਾ. ਸੁਖਦੇਵ ਸਿੰਘ ਝੰਡ ਨੇ ਆਪਣੇ ਪੇਪਰ ‘ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਪ੍ਰਸੰਗਿਕਤਾ’ ਵਿਚ ਗੁਰੂ ਨਾਨਕ ਦੇਵ ਜੀ ਨੂੰ ਜੀਵਨ ਵਿਚ ਅਧਿਆਤਮਵਾਦੀ ਤੇ ਯਥਾਰਥਵਾਦੀ ਪਹੁੰਚ ਵਾਲਾ ‘ਪਰਮ-ਮਨੁੱਖ’ ਕਿਹਾ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ ਉੱਪਰ ਜ਼ੋਰ ਦਿੰਦਿਆਂ ਹੋਇਆਂ ਇਨ੍ਹਾਂ ਦੀ ਅਜੋਕੇ ਯੁੱਗ ਵਿਚ ਸਫ਼ਲਤਾ-ਪੂਰਵਕ ਚੱਲ ਰਹੀ ਲੰਗਰ ਦੀ ਪ੍ਰਥਾ ਅਤੇ ‘ਖਾਲਸਾ-ਏਡ’, ‘ਸੇਵਾ ਫ਼ੂਡ’, ‘ਯੂਨਾਈਟਿਡ ਸਿੱਖਸ’, ઑਸਿੱਖ ਨੌਜੁਆਨ ਸਭਾ ਮਲੇਸ਼ੀਆ਼ ਵਰਗੀਆਂ ਨਿਸ਼ਕਾਮ ਸੇਵਾ-ਸੰਸਥਾਵਾਂ ਦਾ ਵਿਸ਼ੇਸ਼ ਜ਼ਿਕਰ ਕੀਤਾ।
ਸੈਮੀਨਾਰ ਦੇ ਚੌਥੇ ਬੁਲਾਰੇ ਡਾ. ਡੀ.ਪੀ. ਸਿੰਘ ਦੇ ਪੇਪਰ ‘ਨਾਨਕ ਬਾਣੀ ਵਿਚ ਸੰਸਾਰ-ਅਮਨ ਤੇ ਸਾਂਝੀ-ਵਾਲਤਾ ਦਾ ਪਰਿਪੇਖ’ ਵਿਚ ਉਨ੍ਹਾਂ ਦਾ ਕਹਿਣਾ ਸੀ ਕਿ ਸਾਰੀ ਦੁਨੀਆਂ ਵਿਚ ਇਸ ਸਮੇਂ ਅਮੀਰੀ-ਗ਼ਰੀਬੀ ਦਾ ਵੱਡਾ ਪਾੜਾ ਹੈ ਅਤੇ ਇਹ ਵਿਕਾਸਸ਼ੀਲ ਦੇਸ਼ਾਂ ਵਿਚ ਹੋਰ ਵੀ ਵਧੇਰੇ ਹੈ। ਰਿਸ਼ਵਤਖ਼ੋਰੀ, ਨਸ਼ੇਖੌਰੀ, ਚੋਰ-ਬਾਜ਼ਾਰੀ ਅਤੇ ਲੁੱਟ-ਖਸੁੱਟ ਅੱਜ ਕੱਲ੍ਹ ਆਮ ਗੱਲ ਹੈ। ਗੁਰਬਾਣੀ ਦੀਆਂ ਕਈ ਤੁਕਾਂ ਦੇ ਹਵਾਲੇ ਨਾਲ ਉਨ੍ਹਾਂ ਨੇ ਇਨ੍ਹਾਂ ਤੋਂ ਦੂਰ ਰਹਿਣ ਦੀ ਗੱਲ ਬਾਖ਼ੂਬੀ ਕੀਤੀ। ਪਾਕਿਸਤਾਨੀ ਲੇਖ਼ਕ ਮੁਹੰਮਦ ਖਾਲਿਦ ਨੇ ਪਾਕਿਸਤਾਨ ਵਿਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਿਆਂ ਨਾਲ ਸਬੰਧਿਤ ਤਿਆਰ ਕੀਤੀ ਗਈ ਆਪਣੀ ਅਚਿੱਤਰ ਅੰਗਰੇਜ਼ੀ ਪੁਸਤਕ ઑਵਾਕਿੰਗ ਵਿਦ ਨਾਨਕ਼ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਸੈਮੀਨਾਰ ਦੀ ਕਾਰਵਾਈ ਨੂੰ ਖ਼ੂਬਸੂਰਤੀ ਨਾਲ ਸਮੇਟਦਿਆਂ ਹੋਇਆਂ ਡਾ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਸਾਰੇ ਹੀ ਬੁਲਾਰਿਆਂ ਨੇ ਆਪਣੇ ਵਿਚਾਰ ਬੜੇ ਵਧੀਆ ਢੰਗ ਨਾਲ ਪੇਸ਼ ਕੀਤੇ ਹਨ। ਉਨ੍ਹਾਂ ਕਿਹਾ ਕਿ ਬੇਸ਼ਕ ਹਰੇਕ ਬੁਲਾਰੇ ਦਾ ਨਜ਼ਰੀਆ ਅਤੇ ਕਹਿਣ ਦਾ ਤਰੀਕਾ ਆਪੋ-ਆਪਣਾ ਹੁੰਦਾ ਹੈ ਪਰ ਉਨ੍ਹਾਂ ਦੇ ਵਿਚਾਰ ਗੁਰੂ ਜੀ ਦੀਆਂ ਸਿੱਖਿਆਵਾਂ ਦੇ ਇਰਦ-ਗਿਰਦ ਹੀ ਰਹੇ ਹਨ।
ਸਮਾਗ਼ਮ ਦੌਰਾਨ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼-ਉਤਸਵ ਨੂੰ ਸਮੱਰਪਿਤ ਕਵੀ-ਦਰਬਾਰ ਹੋਇਆ ਜਿਸ ਵਿਚ ਦੇਸ਼-ਵਿਦੇਸ਼ ਤੋਂ ਆਏ ਕਵੀਆਂ/ਕਵਿੱਤਰੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਦੌਰਾਨ ਪ੍ਰਧਾਨਗੀ-ਮੰਡਲ ਵਿਚ ਅਮਰੀਕਾ ਤੋਂ ਉਚੇਚੇ ਤੌਰ ઑਤੇ ਆਏ ਕਵੀ ਰਵਿੰਦਰ ਸਹਿਰਾਅ, ਭਾਰਤ ਤੋਂ ਆਈ ਕਵਿੱਤਰੀ ਮਨਜੀਤ ਇੰਦਰਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਮੋਹਨ ਤਿਆਗੀ, ਅਮਰੀਕਾ ਤੋਂ ਆਏ ਦਿਲਵੀਰ ਦਿਲ ਨਿੱਜਰ, ਡਾ. ਸੁਖਦੇਵ ਸਿੰਘ ਝੰਡ, ਪ੍ਰੋ. ਜਗੀਰ ਸਿੰਘ ਕਾਹਲੋਂ ਤੇ ਸ਼ਾਇਰ ਮਲਵਿੰਦਰ ਸ਼ਾਮਲ ਸਨ। ਮਨਜੀਤ ਇੰਦਰਾ ਦੀ ਤਰੰਨਮ ਵਿਚ ਗਾਈ ਕਵਿਤਾ ઑਸੰਧਿਆ ਵੇਲੇ ਠਾਕਰ ਦੁਆਰੇ, ਕੋਈ ਦੀਪ ਧਰੇ਼ ਅਤੇ ਰਵਿੰਦਰ ਸਹਿਰਾਅ ਦੀ ਕਵਿਤਾ ઑਨਾਨਕ ਤੂੰ ਸਾਥੋਂ ਰੁੱਸਿਆ ਰੁੱਸਿਆ ਕਿਉਂ ਹੈ਼ ਤਾਂ ਸਰੋਤਿਆਂ ਨੂੰ ਇਕ ਤਰ੍ਹਾਂ ਕੀਲ ਗਈਆਂ ਲੱਗਦੀਆਂ ਸਨ।
ਪ੍ਰਧਾਨਗੀ-ਮੰਡਲ ਵਿਚਲੇ ਹੋਰ ਕਵੀਆਂ ਤੋਂ ਇਲਾਵਾ ਇਸ ਕਵੀ-ਦਰਬਾਰ ਵਿਚ ਵਿਚ ਅਮਰਜੀਤ ਪੰਛੀ, ਪ੍ਰੀਤਮ ਧੰਜਲ, ਗੁਰਦੇਵ ਚੌਹਾਨ, ਪਰਮਜੀਤ ਢਿੱਲੋਂ, ਹਰਮੇਸ਼, ਸੁਰਿੰਦਰਜੀਤ, ਜਤਿੰਦਰ ਰੰਧਾਵਾ, ਪਿਆਰਾ ਸਿੰਘ ਕੁੱਦੋਵਾਲ, ਹਰਦਿਆਲ ਝੀਤਾ, ਮੱਲ ਸਿੰਘ ਬਾਸੀ, ਅਵਤਾਰ ਸਿੰਘ ਅਰਸ਼ੀ, ਇਕਬਾਲ ਛੀਨਾ, ਅਨੂਪ ਬਬਰਾ, ਅਜਮੇਰ ਪ੍ਰਦੇਸੀ, ਹਰਜਿੰਦਰ ਸਿੰਘ ਭਸੀਨ ਸਮੇਤ 40 ਕਵੀਆਂ/ਕਵਿੱਤਰੀਆਂ ਨੇ ਭਾਗ ਲਿਆ ਜਿਸ ਦਾ ਸੰਚਾਲਨ ਕਵਿੱਤਰੀ ਸੁਰਜੀਤ ਕੌਰ ਵੱਲੋਂ ਬਾਖ਼ੂਬੀ ਕੀਤਾ ਗਿਆ। ਅਖ਼ੀਰ ਵਿਚ ਇਸ ਸੈਮੀਨਾਰ ਦੇ ਮੁੱਖ-ਪ੍ਰਬੰਧਕਾਂ ਸਰਪ੍ਰਸਤ ਗਿਆਨ ਸਿੰਘ ਕੰਗ ਅਤੇ ਪ੍ਰਧਾਨ ਕਮਲਜੀਤ ਸਿੰਘ ਲਾਲੀ ਕਿੰਗ ਵਿੱਲੋਂ ਸੈਮੀਨਾਰ ਵਿਚ ਭਾਗ ਲੈਣ ਵਾਲੇ ਸਮੂਹ ਬੁਲਾਰਿਆਂ ਅਤੇ ਕਵੀਆਂ/ਕਵਿੱਤਰੀਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …