Breaking News
Home / ਭਾਰਤ / ਜਹਾਜ਼ਾਂ ‘ਚ ਨੁਕਸ ਦੀਆਂ 8 ਘਟਨਾਵਾਂ ਮਗਰੋਂ ਸਪਾਈਸਜੈੱਟ ਨੂੰ ਨੋਟਿਸ

ਜਹਾਜ਼ਾਂ ‘ਚ ਨੁਕਸ ਦੀਆਂ 8 ਘਟਨਾਵਾਂ ਮਗਰੋਂ ਸਪਾਈਸਜੈੱਟ ਨੂੰ ਨੋਟਿਸ

ਡੀਜੀਸੀਏ ਨੇ ਤਿੰਨ ਹਫਤਿਆਂ ਵਿੱਚ ਜਵਾਬ ਮੰਗਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਪਾਈਸਜੈੱਟ ਦੇ ਜਹਾਜ਼ਾਂ ‘ਚ ਪਿਛਲੇ 18 ਦਿਨਾਂ ‘ਚ ਤਕਨੀਕੀ ਨੁਕਸ ਦੀਆਂ 8 ਘਟਨਾਵਾਂ ਮਗਰੋਂ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਏਅਰਲਾਈਨ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਹੈ। ਡੀਜੀਸੀਏ ਵੱਲੋਂ ਜਾਰੀ ਨੋਟਿਸ ‘ਚ ਕਿਹਾ ਗਿਆ ਹੈ ਕਿ ਏਅਰਕ੍ਰਾਫਟ ਨੇਮ, 1937 ਦੀ ਧਾਰਾ 134 ਅਤੇ ਅਨੁਸੂਚੀ 11 ਤਹਿਤ ਸਪਾਈਸਜੈੱਟ ਸੁਰੱਖਿਅਤ, ਕੁਸ਼ਲ ਅਤੇ ਭਰੋਸੇਯੋਗ ਹਵਾਈ ਸੇਵਾਵਾਂ ਦੇਣ ‘ਚ ਨਾਕਾਮ ਰਹੀ ਹੈ। ਡੀਜੀਸੀਏ ਨੇ ਏਅਰਲਾਈਨ ਨੂੰ ਤਿੰਨ ਹਫਤਿਆਂ ‘ਚ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਹੈ। ਨੋਟਿਸ ‘ਚ ਕਿਹਾ ਗਿਆ ਹੈ ਕਿ ਸਤੰਬਰ 2021 ਦੇ ਵਿੱਤੀ ਮੁਲਾਂਕਣ ਤੋਂ ਖੁਲਾਸਾ ਹੋਇਆ ਹੈ ਕਿ ਏਅਰਲਾਈਨ ‘ਕੈਸ਼ ਐਂਡ ਕੈਰੀ’ ਦੇ ਮਾਡਲ ‘ਤੇ ਚੱਲ ਰਹੀ ਹੈ ਅਤੇ ਸਪਲਾਇਅਰਜ਼ ਨੂੰ ਨਿਯਮਤ ਆਧਾਰ ‘ਤੇ ਅਦਾਇਗੀ ਨਹੀਂ ਕੀਤੀ ਜਾ ਰਹੀ ਹੈ ਜਿਸ ਕਾਰਨ ਕਲਪੁਰਜ਼ਿਆਂ ਦੀ ਕਮੀ ਆਈ। ਡੀਜੀਸੀਏ ਦੇ ਨੋਟਿਸ ‘ਤੇ ਪ੍ਰਤੀਕਰਮ ਦਿੰਦਿਆਂ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਨੇ ਕਿਹਾ ਕਿ ਮੁਸਾਫਰਾਂ ਦੀ ਸੁਰੱਖਿਆ ਸਭ ਤੋਂ ਉਤੇ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਛੋਟੀ ਤੋਂ ਛੋਟੀ ਗਲਤੀ ਦੀ ਵੀ ਜਾਂਚ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਵੀ ਸਪਾਈਜੈੱਟ ਦਾ ਚੀਨ ਜਾ ਰਿਹਾ ਜਹਾਜ਼ ਕੋਲਕਾਤਾ ਪਰਤ ਆਇਆ ਸੀ ਕਿਉਂਕਿ ਪਾਇਲਟ ਨੇ ਦੇਖਿਆ ਕਿ ਉਸ ਦਾ ਮੌਸਮੀ ਰੇਡਾਰ ਕੰਮ ਨਹੀਂ ਕਰ ਰਿਹਾ ਹੈ। ਸਪਾਈਸਜੈੱਟ ਦੇ ਤਰਜਮਾਨ ਨੇ ਕਿਹਾ ਕਿ 5 ਜੁਲਾਈ ਨੂੰ ਬੋਇੰਗ 737 ਮਾਲਵਾਹਕ ਜਹਾਜ਼ ਕੋਲਕਾਤਾ ਤੋਂ ਚੀਨ ਜਾ ਰਿਹਾ ਸੀ। ਜਦੋਂ ਜਹਾਜ਼ ਨੇ ਉਡਾਣ ਭਰੀ ਤਾਂ ਇਸ ਦੇ ਰਡਾਰ ‘ਚ ਮੌਸਮ ਦਾ ਪਤਾ ਨਹੀਂ ਲੱਗ ਰਿਹਾ ਸੀ। ਪਾਇਲਟ ਨੇ ਜਹਾਜ਼ ਨੂੰ ਕੋਲਕਾਤਾ ਵਾਪਸ ਲਿਜਾਣ ਦਾ ਫ਼ੈਸਲਾ ਲਿਆ ਅਤੇ ਇਹ ਸੁਰੱਖਿਅਤ ਉਤਰ ਗਿਆ। ਏਅਰਲਾਈਨਜ਼ ਦੀ ਦਿੱਲੀ-ਦੁਬਈ ਉਡਾਣ ਈਂਧਣ ਇੰਡੀਕੇਟਰ ‘ਚ ਨੁਕਸ ਕਾਰਨ ਕਰਾਚੀ ਵੱਲ ਮੋੜ ਦਿੱਤੀ ਗਈ ਸੀ।

 

Check Also

ਡਬਲਿਊ ਟੀ ਸੀ ਫਾਈਨਲ ਤੇ ਚੈਂਪੀਅਨਜ਼ ਟਰਾਫੀ ’ਚ ਰੋਹਿਤ ਸ਼ਰਮਾ ਹੀ ਹੋਣਗੇ ਕਪਤਾਨ : ਜੈ ਸ਼ਾਹ

ਦੋਵੇਂ ਟੂਰਨਾਮੈਂਟ ਜਿੱਤਣ ਦਾ ਕੀਤਾ ਦਾਅਵਾ ਮੁੰਬਈ/ਬਿਊਰੋ ਨਿਊਜ਼ ਭਾਰਤੀ ਕਿ੍ਰਕਟ ਕੰਟਰੋਲ ਬੋਰਡ ਦੇ ਸਕੱਤਰ ਜੈ …