Breaking News
Home / ਕੈਨੇਡਾ / ਅਸੀਂ ਮਿਲ ਕੇ ਡਾਇਬਟੀਜ਼ ਦਾ ਹੱਲ ਕੱਢ ਸਕਦੇ ਹਾਂ : ਸੋਨੀਆ ਸਿੱਧੂ

ਅਸੀਂ ਮਿਲ ਕੇ ਡਾਇਬਟੀਜ਼ ਦਾ ਹੱਲ ਕੱਢ ਸਕਦੇ ਹਾਂ : ਸੋਨੀਆ ਸਿੱਧੂ

ਔਟਵਾ/ਬਿਊਰੋ ਨਿਊਜ਼ : ”ਕੈਨੇਡਾ ‘ਇਨਸੂਲੀਨ’ ਦੀ ਜਨਮ-ਭੂਮੀ ਸੀ। ਅਸੀਂ ਸਾਰੇ ਮਿਲ ਕੇ ਡਾਇਬਟੀਜ਼ ਦੇ ਇਲਾਜ ਦੀ ਵੀ ਜਨਮ-ਭੂਮੀ ਬਣ ਸਕਦੇ ਹਾਂ।” ਇਹ ਸ਼ਬਦ ਲੰਘੇ 17 ਤੇ 18 ਅਕਤੂਬਰ ਨੂੰ ਰੋਮ (ਇਟਲੀ) ਵਿਚ ਗਲੋਬਲ ਹੈੱਲਥ ਆਗੂਆਂ ਦੀ ਹੋਈ ਕਾਨਫ਼ਰੰਸ ਵਿਚ ਬੋਲਦਿਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਹੇ। ਇਸ ਮੌਕੇ ਉਨ੍ਹਾਂ ਕਿਹਾ,”ਦੁਨੀਆਂ-ਭਰ ਵਿਚ ਹੋਣ ਵਾਲੀਆਂ 20 ਮੌਤਾਂ ਵਿੱਚੋਂ ਇਕ ਡਾਇਬਟੀਜ਼ ਨਾਲ ਹੁੰਦੀ ਹੈ। ‘ਵਰਲਡ ਹੈੱਲਥ ਆਰਗੇਨਾਈਜ਼ੇਸ਼ਨ’ ਦੇ ਅੰਕੜਿਆਂ ਅਨੁਸਾਰ ਦੁਨੀਆਂ ਵਿਚ ਹਰੇਕ ਮਿੰਟ ਵਿਚ ਛੇ ਮੌਤਾਂ ਡਾਇਬੇਟੀਜ਼ ਦੀ ਬੀਮਾਰੀ ਨਾਲ ਹੁੰਦੀਆਂ ਹਨ। ਕੈਨੇਡਾ ਵਿਚ 11 ਮਿਲੀਅਨ ਲੋਕ ਡਾਇਬਟੀਜ਼ ਜਾਂ ਪ੍ਰੀ-ਡਾਇਬਟੀਜ਼ ਹਾਲਤਾਂ ਨਾਲ ਜੂਝ ਰਹੇ ਹਨ ਅਤੇ ਬਰੈਂਪਟਨ ਵਿਚ ਸੱਤਾਂ ਵਿੱਚੋਂ ਇਕ ਵਿਅਕਤੀ ਇਸ ਬੀਮਾਰੀ ਨਾਲ ਪੀੜਤ ਹੈ। ਇਸ ਲਈ ਸੰਸਾਰ-ਪੱਧਰ ‘ਤੇ ਇਸ ਦੀ ਰੋਕਥਾਮ ਅਤੇ ਇਸ ਦੇ ਫ਼ੌਰੀ ਇਲਾਜ ਲੱਭਣ ਦੀ ਸਖ਼ਤ ਜ਼ਰੂਰਤ ਹੈ।”
‘ਆਲ ਪਾਰਟੀ ਡਾਇਬਟੀਜ਼ ਕਾਕੱਸ’ ਦੀ ਚੇਅਰ-ਪਰਸਨ ਹੋਣ ਦੇ ਨਾਤੇ ਕੈਨੇਡਾ ਵਿਚ ਇਸ ਰੋਗ ਦੇ ਇਲਾਜ ਸਬੰਧੀ ਹੋ ਰਹੇ ਕੰਮਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਬੀਤੇ ਹਫ਼ਤੇ ਸੋਨੀਆ ਸਿੱਧੂ ਡਾਇਬਟੀਜ਼ ਨਾਲ ਸਬੰਧਿਤ ਹੋਈ ਗਲੋਬਲ ਪਾਲਿਸੀ ਕਾਨਫ਼ਰੰਸ ਵਿਚ ਭਾਗ ਲੈਣ ਲਈ ਇਟਲੀ ਦੇ ਸ਼ਹਿਰ ਰੋਮ ਪਹੁੰਚੇ। ਇਸ ਦੋ-ਦਿਨਾਂ ਕਾਨਫ਼ਰੰਸ ਵਿਚ ਪੈਨਲ-ਡਿਸਕੱਸ਼ਨ ਅਤੇ ਹੋਰ ਵੱਖ-ਵੱਖ ਸੈਸ਼ਨਾਂ ਵਿਚ ਇੰਟਰਨੈਸ਼ਨਲ ਡਾਇਬਟੀਜ਼ ਫ਼ਾਊਂਡੇਸ਼ਨ, ਵਰਲਡ ਹਾਰਟ ਫ਼ੈੱਡਰੇਸ਼ਨ, ਡਾਇਬਟੀਜ਼ ਕੈਨੇਡਾ ਅਤੇ ਇਟਾਲੀਅਨ, ਜਰਮਨ ਅਤੇ ਯੂ.ਕੇ. ਸਮੇਤ 38 ਦੇਸ਼ਾਂ ਦੇ ਸਰਕਾਰੀ ਨੁਮਾਇੰਦਿਆਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ। ਬਹਿਸ ਦਾ ਮੁੱਖ-ਮੁੱਦਾ ‘2015 ਬਰਲਿਨ ਐਲਾਨ-ਨਾਮੇ’ ਨੂੰ ਅੱਗੇ ਵਧਾਉਣਾ ਰਿਹਾ ਜਿਸ ਦੇ ਤਹਿਤ ਸੰਸਾਰ-ਪੱਧਰ ਤੇ ਪਾਲਸੀਆਂ ਬਨਾਉਣ ਵਾਲਿਆਂ ਨੂੰ ‘ਟਾਈਪ-2 ਡਾਇਬੇਟੀਜ਼’ ਉੱਪਰ ਵੱਧ ਰਹੇ ਬੋਝ ਨੂੰ ਘਟਾਉਣਾ ਸ਼ਾਮਲ ਹੈ।
ਰੋਮ ਵਿਚ ਹੋਈ ਗੱਲਬਾਤ ਸਾਂਝੀ ਕਰਦਿਆਂ ਸੋਨੀਆ ਨੇ ਕਿਹਾ,”ਉੱਥੇ ਮੈਨੂੰ ਬਹੁਤ ਸਾਰੇ ਦੇਸ਼ਾਂ ਦੇ ਪ੍ਰਤੀਨਿਧੀਆਂ ਦੇ ਵਿਚਾਰ ਸੁਣਨ ਅਤੇ ਉਨ੍ਹਾਂ ਕੋਲੋਂ ਇਹ ਜਾਣਨ ਦਾ ਮੌਕਾ ਮਿਲਿਆ ਕਿ ਉਹ ਆਪਣੇ ਦੇਸ਼ਾਂ ਵਿਚ ਇਸ ਬੀਮਾਰੀ ਦੇ ਇਲਾਜ ਲਈ ਕੀ ਕਰ ਰਹੇ ਹਨ। ਇਹ ਨਾ ਕੇਵਲ ਬਰੈਂਪਟਨ ਤੇ ਕੈਨੇਡਾ ਵਿਚ ਹੀ, ਸਗੋਂ ਸਾਰੀ ਦੁਨੀਆਂ ਵਿਚ ਹੀ ਭਿਆਨਕ ਰੂਪ ਧਾਰ ਕਰ ਚੁੱਕੀ ਹੈ। ਇਸ ਕਾਨਫ਼ਰੰਸ ਵਿਚ ਹੋਈਆਂ ਵਿਚਾਰਾਂ ਔਟਵਾ ਵਿਚ ਤੇ ਸਾਰੇ ਕੈਨੇਡਾ ਵਿਚ ਅਤੇ ਬਰੈਂਪਟਨ ਸਾਊਥ ਦੇ ਲੋਕਾਂ ਨਾਲ ਸਾਂਝੇ ਕਰਨ ਦਾ ਵੀ ਅਵਸਰ ਮਿਲੇਗਾ।”
ਡਾਇਬੇਟੀਜ਼ ਬਾਰੇ ਹੋਰ ਦੱਸਦਿਆਂ ਸੋਨੀਆ ਨੇ ਕਿਹਾ,”ਪਾਰਲੀਮੈਂਟ ਵਿਚ ਮੇਰੇ ਵੱਲੋਂ ਲਿਆਂਦੇ ਗਏ ਪ੍ਰਾਈਵੇਟ ਬਿੱਲ ਐੱਮ-115 ਵਿਚ ਨਵੀਂ ਡਾਇਬੇਟੀਜ਼ ਸਟਰੈਟਿਜੀ ਅਪਨਾਉਣ ਦੀ ਲੋੜ ਦਾ ਇਕ ਕਾਰਨ ਇਹ ਵੀ ਸੀ ਕਿ ਸਾਨੂੰ ਇਹ ਵੇਖਣ ਦੀ ਜ਼ਰੂਰਤ ਹੈ ਕਿ ਅਸੀਂ ਕਿਸ ਹੱਦ ਤੱਕ ਕਾਮਯਾਬ ਹੋਏ ਹਾਂ ਅਤੇ ਦੇਸ਼ ਵਿਚ ਦਿਨੋਂ-ਦਿਨ ਵੱਧਦੀ ਜਾ ਰਹੀ ਇਸ ਬੀਮਾਰੀ ਦੀ ਰੋਕਥਾਮ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ। ਇਹ ਇੰਟਰਨੈਸ਼ਨਲ ਫੋਰਮ ਅਤੇ ਕੌਮੀ ਪੱਧਰ ‘ਤੇ ਕੈਨੇਡਾ ਦੀ ‘ਹੈਲਥੀ ਈਟਿੰਗ ਸਟਰੈਟਿਜੀ’ ਹੇਠ ਇਸ ਰੋਗ ਦੇ ਇਲਾਜ ਤੇ ਪ੍ਰਹੇਜ਼ ਸਬੰਧੀ ਲੋਕਾਂ ਤੇ ਪਾਰਲੀਮੈਂਟ ਮੈਂਬਰਾਂ ਨਾਲ ਹੋਈ ਗੱਲਬਾਤ ਦੋ ਪ੍ਰਮੁੱਖ ਪਹਿਲੂ ਹਨ।” ਇੱਥੇ ਇਹ ਜ਼ਿਕਰਯੋਗ ਹੈ ਕਿ ‘ਆਲ ਪਾਰਟੀ ਡਾਇਬੇਟੀਜ਼ ਕਾਕੱਸ’ ਸਾਰੀਆਂ ਰਾਜਸੀ ਪਾਰਟੀਆਂ ਦੇ ਚੋਣਵੇਂ ਪਾਰਲੀਮੈਂਟ ਮੈਂਬਰਾਂ ਤੇ ਸੈਨੇਟਰਾਂ ਦਾ ਇਕ ਗਰੁੱਪ ਹੈ ਜੋ ਕੈਨੇਡਾ ਵਿਚ ਡਾਇਬੇਟੀਜ਼ ਦੀ ਰੋਕਥਾਮ ਤੇ ਇਲਾਜ ਬਾਰੇ ਖੋਜ ਲਈ ਪਾਲਸੀਆਂ ਬਣਾਉਂਦਾ ਹੈ। ਡਾਇਬੇਟੀਜ਼ ਲਈ ਅੱਜਕੱਲ੍ਹ ਵਰਤੀ ਜਾਂਦੀ ਦਵਾਈ ‘ਇਨਸੂਲੀਨ’ ਜਿਸ ਨੇ ਇਸ ਰੋਗ ਦੇ ਇਲਾਜ ਦਾ ਤੌਰ ਤਰੀਕਾ ਹੀ ਬਦਲ ਦਿੱਤਾ, ਦੀ ਖੋਜ 1921 ਵਿਚ ਵਿਲੀਅਮ ਬੈਂਟਿੰਗ ਵੱਲੋਂ ਕੈਨੇਡਾ ਦੀ ਧਰਤੀ ‘ਤੇ ਹੋਈ। ਆਧੁਨਿਕ ਖੋਜੀਆਂ ਦੀ ਓਸੇ ਪੱਧਰ ਦੀ ਭਾਵਨਾ ਅਤੇ ਸੁਹਿਰਦਤਾ ਦੀ ਸ਼ਲਾਘਾ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ ਕਿ ਸਾਡੇ ਖੋਜੀਆਂ ਵੱਲੋਂ ਈਜਾਦ ਕੀਤੀਆਂ ਗਈਆਂ ਨਵੀਆਂ ਮੈਡੀਕਲ ਟੈਕਨਾਲੋਜੀਆਂ ਬਹੁਤ ਵਧੀਆ ਕੰਮ ਕਰ ਰਹੀਆਂ ਹਨ, ਖ਼ਾਸ ਤੌਰ ‘ਤੇ ‘ਮੈਡੀਟ੍ਰਾਨਿਕਸ’, ਜਿਸ ਦਾ ਹੈੱਡ-ਕੁਅਰਰਟਰ ਬਰੈਂਪਟਨ ਸਾਊਥ ਵਿਚ ਹੈ, ਦੁਆਰਾ ਨਕਲੀ ਪੈਨਕਰੀਆ ਤਿਆਰ ਕਰਨਾ ਇਕ ਬੜੀ ਅਹਿਮ ਖੋਜ ਹੈ।

 

Check Also

ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ. ਨਵਜੋਤ ਕੌਰ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ ‘ਸਿਰਜਣਾ ਦੇ ਆਰ-ਪਾਰ’

ਟੋਰਾਂਟੋ : ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ …