ਦੋਸ਼ੀ ਗੁਰਪ੍ਰੀਤ ਸਿੰਘ ਨੂੰ ਹੋ ਸਕਦੀ ਹੈ ਮੌਤ ਦੀ ਸਜ਼ਾ
ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਵੈਸਟ ਚੈਸਟਰ ਵਿਚ ਇਕ ਪੰਜਾਬੀ ਡਰਾਈਵਰ ਵਲੋਂ ਆਪਣੀ ਪਤਨੀ, ਸੱਸ-ਸਹੁਰੇ ਸਮੇਤ ਪਰਿਵਾਰ ਦੇ 4 ਜੀਆਂ ਦੀ ਕੀਤੀ ਗਈ ਹੱਤਿਆ ਅੱਤ-ਘਿਨਾਉਣਾ ਕਾਰਾ ਸੀ, ਜਿਸ ਨੇ ਸਾਰੇ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਦਾ ਮੁੱਖ ਕਾਰਨ ਜੁਆਈ ਵਲੋਂ ਸਹੁਰੇ ਘਰ ਦੀ ਜਾਇਦਾਦ ਨੂੰ ਹੜੱਪਣਾ ਸੀ। ਇਹ ਪ੍ਰਗਟਾਵਾ ਵੈਸਟ ਚੈਸਟਰ ਦੇ ਪੁਲਿਸ ਮੁਖੀ ਜੋਇਲ ਹਰਜ਼ੋਗ ਨੇ ਕੀਤਾ। ਉਨ੍ਹਾਂ ਕਿਹਾ ਕਿ ਇਸ ਘਿਨਾਉਣੇ ਅਪਰਾਧ ਦਾ ਵੈਸਟ ਚੈਸਟਰ ਦੇ ਸਮੁੱਚੇ ਸਮਾਜ ਖਾਸ ਕਰਕੇ ਸਿੱਖ ਭਾਈਚਾਰੇ ‘ਤੇ ਡੂੰਘਾ ਅਸਰ ਪਿਆ ਹੈ। ਇਹ ਭਾਈਚਾਰਾ ਅਜੇ ਤੱਕ ਇਸ ਸਦਮੇ ਵਿਚੋਂ ਉਭਰ ਨਹੀਂ ਸਕਿਆ। ਪੁਲਿਸ ਨੇ ਪਿਛਲੇ ਹਫ਼ਤੇ ਗੁਰਪ੍ਰੀਤ ਸਿੰਘ (37) ਨੂੰ ਵੈਸਟ ਚੈਸਟਰ ਤੋਂ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ 4 ਹੱਤਿਆਵਾਂ ਕਰਨ ਦੇ ਬਕਾਇਦਾ ਦੋਸ਼ ਆਇਦ ਕਰ ਦਿੱਤੇ ਸਨ। ਇਸ ਸਮੇਂ ਉਹ ਬਰਾਨਫੋਰਡ ਕੋਨੈਕਟੀਕਟ ਜੇਲ੍ਹ ਵਿਚ ਬੰਦ ਹੈ। ਉਸ ਨੂੰ ਛੇਤੀ ਵੈਸਟ ਚੈਸਟਰ ਦੀ ਜੇਲ੍ਹ ਵਿਚ ਤਬਦੀਲ ਕੀਤੇ ਜਾਣ ਦੀ ਸੰਭਾਵਨਾ ਹੈ। ਗੁਰਪ੍ਰੀਤ ਸਿੰਘ ਨੂੰ ਪੁਲਿਸ ਨੇ ਆਪਣੀ ਪਤਨੀ ਸ਼ਲਿੰਦਰ ਕੌਰ 39, ਸੱਸ ਪਰਮਜੀਤ ਕੌਰ 62, ਸਹੁਰਾ ਹਰਕੀਰਤ ਸਿੰਘ ਪਨਾਗ 59 ਅਤੇ ਪਤਨੀ ਦੀ ਮਾਸੀ ਅਮਰਜੀਤ ਕੌਰ 58 ਨੂੰ ਉਨ੍ਹਾਂ ਦੇ ਘਰ ਅੰਦਰ ਹੀ ਹੱਤਿਆ ਕਰਨ ਦਾ ਦੋਸ਼ੀ ਪਾਇਆ ਹੈ, ਜਿਸ ਕਾਰਨ ਗੁਰਪ੍ਰੀਤ ਨੂੰ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ। ਇਕ ਪ੍ਰੈਸ ਬਿਆਨ ਵਿਚ ਬਰਾਨਫ਼ੋਰਡ ਪੁਲਿਸ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਨੂੰ ਸਥਾਨਕ ਵਾਲਮਾਰਟ ਦੇ ਪਾਰਕਿੰਗ ਸਥਾਨ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਥੇ ਵਰਨਣਯੋਗ ਹੈ ਕਿ ਇਸ ਸਾਲ 28 ਅਪ੍ਰੈਲ ਨੂੰ ਗੁਰਪ੍ਰੀਤ ਸਿੰਘ ਨੇ ਖੁਦ ਹੀ ਪੁਲਿਸ ਨੂੰ 911 ਫ਼ੋਨ ‘ਤੇ ਉਸ ਦੇ ਘਰ ਵਿਚ ਹੱਤਿਆਵਾਂ ਹੋਣ ਦੀ ਜਾਣਕਾਰੀ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਜਦੋਂ ਉਹ ਘਰ ਆਇਆ ਤਾਂ ਪਰਿਵਾਰ ਦੇ 4 ਜੀਅ ਫਰਸ਼ ‘ਤੇ ਖੂਨ ਨਾਲ ਲਥ-ਪਥ ਪਏ ਸਨ। ਉਸ ਨੇ ਪੁਲਿਸ ਨੂੰ ਕਿਹਾ ਕਿ ਉਸ ਦਾ ਦਿਮਾਗ ਸੁੰਨ ਹੋ ਗਿਆ ਤੇ ਉਸ ਨੂੰ ਕੁਝ ਨਹੀਂ ਸੁਝ ਰਿਹਾ ਸੀ। ਉਹ ਪਾਗਲਾਂ ਵਾਂਗ ਵਿਵਹਾਰ ਕਰ ਰਿਹਾ ਸੀ। ਉਸ ਨੇ ਇਹ ਹੱਤਿਆਵਾਂ ਨਸਲੀ ਨਫ਼ਰਤ ਨਾਲ ਜੋੜਨ ਦਾ ਵੀ ਯਤਨ ਕੀਤਾ ਪਰ ਪੁਲਿਸ ਨੇ ਉਸੇ ਵੇਲੇ ਹੀ ਕਹਿ ਦਿੱਤਾ ਸੀ ਕਿ ਇਹ ਸਿੱਧਾ ਸਾਧਾ ਹੱਤਿਆਵਾਂ ਦਾ ਮਾਮਲਾ ਹੈ। ਮਾਰੇ ਗਏ 4 ਜੀਆਂ ਦੇ 18 ਗੋਲੀਆਂ ਬਹੁਤ ਨੇੜਿਓਂ ਮਾਰੀਆਂ ਗਈਆਂ ਸਨ। ਜ਼ਿਆਦਾਤਰ ਗੋਲੀਆਂ ਸਿਰਾਂ ਵਿਚ ਮਾਰੀਆਂ ਗਈਆਂ ਤਾਂ ਕਿ ਉਨ੍ਹਾਂ ਵਿਚੋਂ ਕੋਈ ਵੀ ਬਚ ਨਾ ਸਕੇ।
ਪਤਾ ਲੱਗਾ ਹੈ ਕਿ ਗੁਰਪ੍ਰੀਤ ਨਸ਼ੇ ਦਾ ਵੀ ਆਦੀ ਸੀ ਤੇ ਕਿਸੇ ਹੋਰ ਔਰਤ ਨਾਲ ਵੀ ਇਸ ਦੇ ਨਾਜਾਇਜ਼ ਸਬੰਧ ਦੱਸੇ ਗਏ ਹਨ। ਜਾਂਚ ਕਰਨ ਤੋਂ ਬਾਅਦ ਪਤਾ ਚੱਲਿਆ ਹੈ ਕਿ ਗੁਰਪ੍ਰੀਤ ਦੇ ਚਾਚੇ ਕੁਲਦੀਪ ਸਿੰਘ ਸੇਖੋਂ ਨੇ ਮ੍ਰਿਤਕ ਹਰਕੀਰਤ ਸਿੰਘ (ਸਹੁਰੇ) ਦੀ ਫਤਿਹਗੜ੍ਹ ਸਾਹਿਬ-ਚੰਡੀਗੜ੍ਹ ਸੜਕ ‘ਤੇ ਪੈਂਦੀ 22 ਏਕੜ ਜ਼ਮੀਨ ‘ਤੇ ਵੀ ਕਬਜ਼ਾ ਕੀਤਾ ਹੋਇਆ ਹੈ ਤੇ ਇਸ ਦਾ ਅਦਾਲਤ ਵਿਚ ਕੇਸ ਵੀ ਚੱਲ ਰਿਹਾ ਹੈ। ਪੁਲਿਸ ਮੁਖੀ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਵਾਉਣ ਵਿਚ ਮਦਦ ਕਰਨ ਲਈ ਸਿੱਖ ਭਾਈਚਾਰੇ ਦਾ ਧੰਨਵਾਦ ਕੀਤਾ।
Check Also
ਟਰੰਪ ਨੇ ਹਮਾਸ ਨੂੰ ਦਿੱਤੀ ਧਮਕੀ
20 ਜਨਵਰੀ ਤੱਕ ਇਜ਼ਰਾਈਲ ਦੇ ਬੰਧਕਾਂ ਨੂੰ ਕਰੋ ਰਿਹਾਅ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਨਵੇਂ …