ਟੋਰਾਂਟੋ/ਬਿਊਰੋ ਨਿਊਜ਼ : ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰਮੀ ਤੇ ਹੋਰ ਪ੍ਰਬੰਧਕੀ ਟੀਮ ਦੇ ਮੈਂਬਰਾਂ ਦੇ ਸਹਿਯੋਗ ਸੱਦਕਾ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਸਲਾਨਾ ਕਾਵਿ ਮਿਲਣੀ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਚਰਚੇ ਹਨ। ਇਹ ਸਲਾਨਾ ਕਾਵਿ ਮਿਲਣੀ ਪੰਜਾਬ ਸਾਹਿਤ ਅਕਾਦਮੀ ਨੂੰ ਸਮਰਪਿਤ ਸੀ। ਪ੍ਰੋ: ਹਰਜੱਸਪ੍ਰੀਤ ਗਿੱਲ ਨੇ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਨੂੰ ਨਿੱਘਾ ਜੀ ਆਇਆ ਕਿਹਾ। ਡਾ. ਸਰਬਜੀਤ ਕੌਰ ਸੋਹਲ ਤੇ ਪਦਮਸ੍ਰੀ ਡਾ. ਸੁਰਜੀਤ ਪਾਤਰ ਮੁੱਖ ਮਹਿਮਾਨ ਸਨ। ਸਲਾਨਾ ਕਾਵਿ ਮਿਲਣੀ ਹੋਣ ਕਰਕੇ ਸੱਭ ਨਾਮਵਰ ਸਾਹਿਤਕ ਸ਼ਖ਼ਸੀਅਤਾਂ ਵਿਸ਼ੇਸ਼ ਮਹਿਮਾਨ ਸਨ। ਮੀਟਿੰਗ ਦਾ ਸੰਚਾਲਨ ਸਭਾ ਦੀ ਪ੍ਰਧਾਨ ਤੇ ਗਾਇਕਾ, ਹੋਸਟ ਤੇ ਅਦਾਕਾਰਾ ਰਿੰਟੂ ਭਾਟੀਆ ਨੇ ਕੀਤਾ। ਡਾ. ਸੁਰਜੀਤ ਪਾਤਰ ਹੋਰਾਂ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਤੋਂ ਬਾਅਦ ਰਿੰਟੂ ਨੇ ਨਾਮਵਰ ਕਵੀਆਂ ਨੂੰ ਵਾਰੀ-ਵਾਰੀ ਆਪਣੀ ਨਜ਼ਮ ਪੇਸ਼ ਕਰਨ ਲਈ ਕਿਹਾ। ਡਾ. ਸਰਬਜੀਤ ਸੋਹਲ ਨੇ ਸਾਹਿਤਕ ਸਾਂਝਾਂ ਤੇ ਇਸਦੀ ਸੰਸਥਾਪਕ ਰਮਿੰਦਰ ਰਮੀ ਦੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਉਹਨਾਂ ਇਹ ਵੀ ਦੱਸਿਆ ਕਿ ਕਵਿਤਾ ਵਿਸਮਾਦੀ ਛਿਨ ਵਿੱਚ ਲਿਖੀ ਜਾਂਦੀ ਹੈ। ਡਾ. ਸਰਬਜੀਤ ਸੋਹਲ, ਅਰਤਿੰਦਰ ਸੰਧੂ, ਸਤਿੰਦਰ ਕੌਰ ਕਾਹਲੋਂ, ਅੰਜੂ, ਆਸ਼ਾ ਸ਼ਰਮਾ, ਡਾ. ਉਮਿੰਦਰ ਜੌਹਲ, ਡਾ. ਕੁਲਦੀਪ ਦੀਪ ਤੇ ਤਰਲੋਚਨ ਲੋਚੀ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸੇ ਦੌਰਾਨ ਰਮਿੰਦਰ ਰਮੀ ਨੇ ਸਾਰਿਆਂ ਦਾ ਧੰਨਵਾਦ ਵੀ ਕੀਤਾ।