ਟੋਲ ਪਲਾਜ਼ੇ ਦੇ ਕਰਮਚਾਰੀਆਂ ਅਤੇ ਪੁਲਿਸ ਅਧਿਕਾਰੀਆਂ ’ਤੇ ਹਮਲਾ ਕਰਨ ਦਾ ਲੱਗਿਆ ਆਰੋਪ
ਬਰਨਾਲਾ/ਬਿਊਰੋ ਨਿਊਜ਼ : ਯੂ-ਟਿਊਬਰ ਭਾਨਾ ਸਿੱਧੂ ਦੇ ਪਰਿਵਾਰ ਅਤੇ ਲੱਖਾ ਸਿਧਾਣਾ ਖਿਲਾਫ਼ ਜ਼ਿਲ੍ਹਾ ਬਰਨਾਲਾ ਅਧੀਨ ਆਉਂਦੇ ਧਨੌਲਾ ਥਾਣੇ ਦੀ ਪੁਲਿਸ ਵੱਲੋਂ ਇਕ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਭਾਨਾ ਸਿੱਧੂ ਦੇ ਪਿਤਾ, ਉਸ ਦੇ ਭਰਾ ਅਮਨਾ ਸਿੱਧੂ, ਉਸ ਦੀਆਂ ਦੋਵੇਂ ਭੈਣਾਂ ਅਤੇ ਲੱਖਾ ਸਿਧਾਣਾ ਖਿਲਾਫ ਇਹ ਮਾਮਲਾ ਕੀਤਾ ਗਿਆ ਹੈ। ਪੁਲੀਸ ਨੇ ਸਾਰੇ ਮੁਲਜ਼ਮਾਂ ਉਪਰ ਬਡਬਰ ਟੋਲ ਪਲਾਜ਼ਾ ਅਤੇ ਪੁਲੀਸ ਪਾਰਟੀ ਉਪਰ ਹਮਲਾ ਕਰਨ ਦੇ ਦੋਸ਼ ਲਗਾਉਂਦਿਆਂ ਕਈ ਧਾਰਾਵਾਂ ਤਹਿਤ ਇਹ ਮਾਮਲਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਭਾਨਾ ਸਿੱਧੂ ਉਪਰ ਦਰਜ ਮਾਮਲਿਆਂ ਦੇ ਵਿਰੋਧ ਵਿੱਚ ਉਸ ਦੇ ਹਮਾਇਤੀਆਂ ਨੇ ਲੰਘੀ 3 ਫਰਵਰੀ ਨੂੰ ਮੁੱਖ ਮੰਤਰੀ ਦੀ ਸੰਗਰੂਰ ਸਥਿਤ ਰਿਹਾਇਸ਼ ਦੇ ਘਿਰਾਉ ਕਰਨਾ ਸੀ ਜਿਸ ਦੇ ਚਲਦਿਆਂ ਬਡਬਰ ਟੋਲ ਪਲਾਜ਼ੇ ’ਤੇ ਪੁਲੀਸ ਤੇ ਪ੍ਰਦਰਸ਼ਨਕਾਰੀਆਂ ਵਿੱਚ ਕਾਫੀ ਖਿੱਚੋਤਾਣ ਹੋਈ ਸੀ। ਉਸ ਦਿਨ ਪੁਲੀਸ ਅਧਿਕਾਰੀਆਂ ਨੇ ਭਾਨਾ ਸਿੱਧੂ ਨੂੰ 10 ਫਰਵਰੀ ਤੱਕ ਰਿਹਾਅ ਕਰਨ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਨਵਾਂ ਮਾਮਲਾ ਦਰਜ ਹੋਣ ਤੋਂ ਬਾਅਦ ਭਾਨਾ ਸਿੱਧੂ ਦਾ ਮਾਮਲਾ ਮੁੜ ਚਰਚਾ ਵਿੱਚ ਆ ਗਿਆ ਹੈ।