![](https://parvasinewspaper.com/wp-content/uploads/2024/02/PM-Modi-Rajya-Sabha-1.jpg)
ਕਿਹਾ, ਲੋਕਤੰਤਰ ਦੀ ਚਰਚਾ ਮੌਕੇ ਕੁਝ ਮਾਣਯੋਗ ਸੰਸਦ ਮੈਂਬਰਾਂ ਨੂੰ ਕੀਤਾ ਜਾਵੇਗਾ ਯਾਦ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜ ਸਭਾ ਵਿਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਤਾਰੀਫ ਕੀਤੀ ਹੈ। ਧਿਆਨ ਰਹੇ ਕਿ ਰਾਜ ਸਭਾ ਦੇ 56 ਮੈਂਬਰਾਂ ਦਾ ਕਾਰਜਕਾਲ 2 ਅਤੇ 3 ਅਪ੍ਰੈਲ ਨੂੰ ਖਤਮ ਹੋ ਰਿਹਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਸੰਸਦ ਦਾ ਆਖਰੀ ਸੈਸ਼ਨ ਹੈ, ਇਸ ਲਈ ਪ੍ਰਧਾਨ ਮੰਤਰੀ ਮੋਦੀ ਨੇ ਸੇਵਾਮੁਕਤ ਹੋਣ ਵਾਲੇ ਸਾਰੇ ਸੰਸਦ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਦਿਤੀਆਂ। ਹਾਲਾਂਕਿ ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਤਾਰੀਫ਼ ਕੀਤੀ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਸੰਸਦ ਮੈਂਬਰ ਵਜੋਂ ਕਾਰਜਕਾਲ ਵੀ ਖਤਮ ਹੋ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਿਚਾਰਕ ਮਤਭੇਦ ਥੋੜ੍ਹੇ ਸਮੇਂ ਲਈ ਹੁੰਦੇ ਹਨ ਪਰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਲੰਬੇ ਸਮੇਂ ਤਕ ਸਦਨ ਦੀ ਅਗਵਾਈ ਕੀਤੀ ਅਤੇ ਦੇਸ਼ ਦਾ ਮਾਰਗਦਰਸ਼ਨ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਵੀ ਸਾਡੇ ਲੋਕਤੰਤਰ ਦੀ ਚਰਚਾ ਹੋਵੇਗੀ ਤਾਂ ਇਸ ’ਚ ਕੁਝ ਮਾਣਯੋਗ ਮੈਂਬਰਾਂ ਦੀ ਗੱਲ ਵੀ ਜ਼ਰੂਰ ਹੋਵੇਗੀ। ਪੀਐਮ ਮੋਦੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਹੋਰਾਂ ਨੇ ਜਿਸ ਤਰ੍ਹਾਂ ਦੇਸ਼ ਦੀ ਅਗਵਾਈ ਕੀਤੀ, ਅਸੀਂ ਇਸ ਤੋਂ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ।