Breaking News
Home / ਹਫ਼ਤਾਵਾਰੀ ਫੇਰੀ / ਬੀਸੀ ਦੀ ਝੀਲ ਵਿਚ ਮਾਮਾ-ਭਾਣਜਾ ਦੀ ਡੁੱਬਣ ਨਾਲ ਮੌਤ

ਬੀਸੀ ਦੀ ਝੀਲ ਵਿਚ ਮਾਮਾ-ਭਾਣਜਾ ਦੀ ਡੁੱਬਣ ਨਾਲ ਮੌਤ

ਵੈਨਕੂਵਰ/ਬਿਊਰੋ ਨਿਊਜ਼ : ਬੀਸੀ ਦੀ ਫਰੇਜ਼ਰ ਵੈਲੀ ਸਥਿਤ ਸੈਰ ਸਪਾਟਾ ਸਥਾਨ ਹੈਰੀਸਨ ਹੌਟ ਸਪਰਿੰਗ ਲੇਕ ਵਿੱਚ ਮਾਮਾ-ਭਾਣਜਾ ਡੁੱਬ ਗਏ। ਉਨ੍ਹਾਂ ਦੇ ਇਕ ਸਾਥੀ ਨੂੰ ਗੋਰੀ ਕੁੜੀ ਨੇ ਬਚਾਅ ਲਿਆ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਰੁਪਾਣਾ ਦਾ ਹਰਕੀਰਤ ਸਿੰਘ ਬਰਾੜ (24) ਕੁਝ ਸਾਲ ਪਹਿਲਾਂ ਵਿਦਿਆਰਥੀ ਵੀਜ਼ੇ ਉਤੇ ਇਥੇ ਆਇਆ ਸੀ। ਪੱਕੇ ਹੋਣ ਬਾਅਦ ਉਸ ਨੇ ਕੁਝ ਦਿਨ ਪਹਿਲਾਂ ਪੰਜਾਬ ਤੋਂ ਆਪਣੀ ਮਾਂ ਤੇ ਭੈਣ ਨੂੰ ਬੁਲਾਇਆ ਸੀ। ਉਹ ਆਪਣੀ ਮਾਂ, ਭੈਣ ਤੇ ਪਹਿਲਾਂ ਤੋਂ ਸਰੀ ਰਹਿੰਦੀ ਵੱਡੀ ਭੈਣ ਦੇ 16 ਸਾਲਾ ਪੁੱਤਰ ਗੁਰਵਿੰਦਰ ਨਾਲ ਘੁੰਮਣ ਫਿਰਨ ਲਈ ਹੈਰੀਸਨ ਝੀਲ ‘ਤੇ ਗਿਆ ਸੀ। ਕੁਝ ਦੇਰ ઠਘੁੰਮਣ ਬਾਅਦ ਮਾਮਾ ਭਾਣਜਾ (ਹਰਕੀਰਤ ਤੇ ਗੁਰਵਿੰਦਰ) ਅਤੇ ਉਨ੍ਹਾਂ ਦਾ ਇਕ ਸਾਥੀ ਝੀਲ ਵਿਚ ਨਹਾਉਣ ਲੱਗੇ। ਜਾਣਕਾਰੀ ਮੁਤਾਬਕ ਹਰਕੀਰਤ ਦੀ ਮਾਂ ਨੇ ਵਾਰ ਵਾਰ ਉਨ੍ਹਾਂ ਨੂੰ ਕੰਢੇ ਨੇੜੇ ਰਹਿਣ ਲਈ ਕਿਹਾ ਪਰ ਜਿਵੇਂ ਹੀ ਉਹ ਥੋੜ੍ਹਾ ਅਗਾਂਹ ਹੋਏ ਤਾਂ ਡੂੰਘੇ ਪਾਣੀ ਕਾਰਨ ਤਿੰਨਾਂ ਦੇ ਪੈਰ ਉੱਖੜ ਗਏ। ਇਨ੍ਹਾਂ ਨੇੜੇ ਹੀ ਗੋਰੀ ਕੁੜੀ ਤਾਰੀਆਂ ਲਾ ਰਹੀ ਸੀ। ਉਸ ਨੇ ਤੁਰੰਤ ਇਕ ਜਣੇ ਨੂੰ ਬਚਾ ਲਿਆ ਪਰ ਮਾਮਾ ਭਾਣਜਾ ਡੁੱਬ ਗਏ। ਮੌਕੇ ‘ਤੇ ਪੁਲਿਸ ਦੇ ਗੋਤਾਖੋਰ ਪੁੱਜੇ ਪਰ ਸ਼ਾਮ ਹੋਣ ਕਾਰਨ ਲਾਸ਼ਾਂ ਕਾਫੀ ਦੇਰ ਬਾਅਦ ਲੱਭੀਆਂ। ਪੁਲਿਸ ਦੇ ਬੁਲਾਰੇ ਸਟੀਫਨ ਵਰੋਲਿਕ ਨੇ ਕਿਹਾ ਕਿ ਉਨ੍ਹਾਂ ਵੱਲੋਂ ਵਾਰ-ਵਾਰ ਚਿਤਾਵਨੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਝੀਲ ਕੰਢੇ ਬੋਰਡ ਵੀ ਲਾਏ ਗਏ ਹਨ ਕਿ ਬਿਨਾ ਸੇਫਟੀ ਜੈਕੇਟ ਕੋਈ ਵੀ ਤੈਰਨ ਲਈ ਨਾ ਉੱਤਰੇ ਪਰ ਕੁਝ ਲੋਕ ਬੇਪ੍ਰਵਾਹ ਹੋ ਕੇ ਜਾਨ ਗੁਆ ਲੈਂਦੇ ਹਨ। ਦੱਸਣਯੋਗ ਹੈ ਕਿ ਇਹ ਝੀਲ 250 ਵਰਗ ਕਿਲੋਮੀਟਰ ਵਿਚ ਫੈਲੀ ਹੋਈ ਹੈ ਅਤੇ ਇਸ ਵਿਚ ਇੱਕ ਪਾਸੇ ਪਹਾੜਾਂ ਵਿਚੋਂ ਰਿਸਦਾ ਗਰਮ ਪਾਣੀ ਪੈਂਦਾ ਹੈ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …