ਪਟਿਆਲਾ/ਬਿਊਰੋ ਨਿਊਜ਼ : ਰਾਜਪੁਰਾ ਵਾਸੀ ਪੱਤਰਕਾਰ ਰਮੇਸ਼ ਕੁਮਾਰ ਸ਼ਰਮਾ ਦੀ ਖੁਦਕੁਸ਼ੀ ਦੇ ਮਾਮਲੇ ‘ਚ ਨਾਮਜ਼ਦ ਰਾਜਪੁਰਾ ਦੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਕੰਬੋਜ ਵੱਲੋਂ ਅਗਾਊਂ ਜ਼ਮਾਨਤ ਲਈ ਦਾਇਰ ਕੀਤੀ ਗਈ ਅਰਜ਼ੀ ਐਡੀਸ਼ਨਲ ਸੈਸ਼ਨ ਜੱਜ ਮਨੀਸ਼ ਅਰੋੜਾ ਦੀ ਅਦਾਲਤ ਵੱਲੋਂ ਖਾਰਜ ਕਰ ਦਿੱਤੀ ਗਈ ਹੈ। ਇਹ ਕੇਸ ਪਿਛਲੇ ਮਹੀਨੇ 11 ਨਵੰਬਰ ਨੂੰ ਥਾਣਾ ਸਿਟੀ ਰਾਜਪੁਰਾ ‘ਚ ਦਰਜ ਹੋਇਆ ਸੀ। ਇਸ ਕੇਸ ਵਿੱਚ ਕੰਬੋਜ ਦੇ ਪੁੱਤਰ ਨਿਰਭੈ ਸਿੰਘ ਸਮੇਤ ਕੁਝ ਹੋਰ ਨਾਮ ਵੀ ਸ਼ਾਮਲ ਹਨ। ਸ਼ਿਕਾਇਤਕਰਤਾ ਧਿਰ ਦੇ ਕੇਸ ਦੀ ਪੈਰਵੀ ਕਰ ਰਹੇ ਸੀਨੀਅਰ ਵਕੀਲ ਐੱਚਪੀਐੱਸ ਵਰਮਾ ਨੇ ਜ਼ਮਾਨਤ ਅਰਜ਼ੀ ਖਾਰਜ ਹੋਣ ਪੁਸ਼ਟੀ ਕੀਤੀ ਹੈ। ਇਸ ਦੌਰਾਨ ਵਿਦੇਸ਼ ਉਡਾਰੀ ਮਾਰਨ ਤੋਂ ਰੋਕਣ ਲਈ ਸਥਾਨਕ ਪੁਲਿਸ ਵੱਲੋਂ ਕੇਂਦਰ ਸਰਕਾਰ ਨਾਲ ਲੋੜੀਂਦਾ ਰਾਬਤਾ ਸਾਧ ਕੇ ਹਰਦਿਆਲ ਕੰਬੋਜ ਅਤੇ ਉਸ ਦੇ ਪੁੱਤਰ ਮਿਲਟੀ ਖਿਲਾਫ ਲੁੱਕਆਊਟ ਸਰਕੁਲਰ (ਐੱਲਓਸੀ) ਵੀ ਜਾਰੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਇਥੇ ਐੱਸਐੱਸਪੀ ਵਰੁਣ ਸ਼ਰਮਾ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਦਿੱਤੀ।