ਮਿਲਦੀਆਂ ਹਨ ਬਹੁਤ ਹੀ ਸਸਤੀਆਂ ਦਵਾਈਆਂ
ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਦੀ ਸਿਵਲ ਲਾਈਨ ਵਿੱਚ ਸਥਿਤ ਗੁਰੂ ਨਾਨਕ ਮੋਦੀਖਾਨਾ ਸੋਸ਼ਲ ਮੀਡੀਆ ‘ਤੇ ਅੱਜ ਕੱਲ੍ਹ ਸੰਗਤਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਹੋਵੇ ਵੀ ਕਿਉਂ ਨਾ… ਮੋਦੀਖਾਨੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤਾਂ ‘ਤੇ ਚੱਲਦਿਆਂ ਸਸਤੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਜਿਹੜਾ ਟੀਕਾ ਬਜ਼ਾਰ ਵਿੱਚ 2500 ਰੁਪਏ ਦਾ ਮਿਲਦਾ ਹੈ ਓਹੀ ਟੀਕਾ ਮੋਦੀਖਾਨੇ ਵਿੱਚ 450 ਵਿੱਚ ਮਿਲਦਾ ਹੈ। ਇਸੇ ਤਰ੍ਹਾਂ ਸਾਰੀਆਂ ਦਵਾਈਆਂ ਪ੍ਰਿੰਟ ਰੇਟ ਤੋਂ ਤਿੰਨ ਗੁਣਾ ਘੱਟ ਰੇਟ ‘ਤੇ ਮਿਲ ਜਾਂਦੀਆਂ ਹਨ, ਲੁਧਿਆਣਾ ਹੀ ਨਹੀਂ ਲੋਕ ਦੂਜੇ ਰਾਜਾਂ ਤੋਂ ਆ ਕੇ ਦਵਾਈਆਂ ਲੈ ਕੇ ਜਾਂਦੇ ਹਨ। ਲੁਧਿਆਣਾ ਵਿਖੇ ਗੁਰੂ ਨਾਨਕ ਮੋਦੀ ਖ਼ਾਨਾ ਖੁੱਲ੍ਹਣ ‘ਤੇ ਲੋਕਾਂ ਨੂੰ ਭਾਰੀ ਰਾਹਤ ਮਿਲੀ ਹੈ ਅਤੇ ਲੋਕ ਮੈਡੀਕਲ ਮਾਫੀਆ ਹੱਥੋਂ ਲੁੱਟ ਹੋਣ ਤੋਂ ਬਚ ਰਹੇ ਹਨ। ਦੂਜੇ ਪਾਸੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੋਦੀਖਾਨੇ ਦੀ ਸ਼ੁਰੂਆਤ ਕਰਨ ਵਾਲੇ ਹਰਜਿੰਦਰ ਸਿੰਘ ਜਿੰਦੂ ਨੇ ਦੱਸਿਆ ਕਿ ਕੁੱਝ ਮੈਡੀਕਲ ਮਾਫੀਆ ਦੇ ਲੋਕ ਗੁਰੂ ਨਾਨਕ ਮੋਦੀਖਾਨੇ ਨੂੰ ਬੰਦ ਕਰਵਾਉਣ ਦੀਆਂ ਚਾਲਾਂ ਚੱਲ ਰਹੇ ਹਨ, ਕਿਉਂ ਕਿ ਉਨ੍ਹਾਂ ਵਲੋਂ ਲੋਕਾਂ ਨੂੰ ਲੁੱਟਣ ਕਰਕੇ ਉਨ੍ਹਾਂ ਦੀਆਂ ਦੁਕਾਨਾਂ ‘ਤੇ ਤਾਲੇ ਲੱਗਦੇ ਨਜ਼ਰ ਆ ਰਹੇ ਹਨ। ਜਿੰਦੂ ਨੇ ਕਿਹਾ ਕਿ ਉਨ੍ਹਾਂ ਕੋਲ ਕੁੱਝ ਸਬੂਤ ਅਤੇ ਕਾਲ ਰਿਕਾਰਡਿੰਗ ਹੱਥ ਲੱਗੀ ਹੈ ਜਿਸ ਵਿੱਚ ਮੈਡੀਕਲ ਮਾਫੀਆ ਮੋਦੀਖਾਨੇ ਦੇ ਖਿਲਾਫ ਸ਼ਾਜਿਸ਼ ਕਰ ਰਹੇ ਹਨ, ਇਹ ਰਿਕਾਰਡਿੰਗ ਉਹ ਆਉਣ ਵਾਲੇ ਦਿਨਾਂ ਵਿੱਚ ਸਰਵਜਨਕ ਕਰਨਗੇ। ਉੱਧਰ ਆਮ ਲੋਕ ਵੀ ਖੁੱਲ੍ਹ ਕੇ ਬਾਬੇ ਨਾਨਕ ਦੇ ਮੋਦੀ ਖਾਨੇ ਦੇ ਹੱਕ ਵਿੱਚ ਆਣ ਖੜ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਜਾਂ ਮੈਡੀਕਲ ਮਾਫੀਆ ਮੋਦੀਖਾਨੇ ਨੂੰ ਬੰਦ ਕਰਵਾਉਣ ਦੀ ਸਾਜਿਸ਼ ਕਰਨਗੇ ਉਨ੍ਹਾਂ ਦਾ ਡੱਟ ਕੇ ਮੁਕਾਬਲਾ ਕੀਤਾ ਜਾਵੇਗਾ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …