Breaking News
Home / ਪੰਜਾਬ / ਪੰਜਾਬ ਕਾਂਗਰਸ : ਲੋਕ ਸਭਾ ਚੋਣਾਂ ਲਈ 50 ਚਾਹਵਾਨ ਨਿੱਤਰੇ

ਪੰਜਾਬ ਕਾਂਗਰਸ : ਲੋਕ ਸਭਾ ਚੋਣਾਂ ਲਈ 50 ਚਾਹਵਾਨ ਨਿੱਤਰੇ

ਸਕਰੀਨਿੰਗ ਕਮੇਟੀ ਦੀ ਤਿੰਨ ਘੰਟੇ ਚੱਲੀ ਮੀਟਿੰਗ; ਅੱਧੀ ਦਰਜਨ ਸੰਸਦ ਮੈਂਬਰ ਮੁੜ ਚੋਣ ਲੜਨ ਦੇ ਇੱਛੁਕ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਦੇ ਅਖਾੜੇ ਵਿੱਚ ਉਤਰਨ ਲਈ ਕਰੀਬ 50 ਚਾਹਵਾਨਾਂ ਨੇ ਦਿਲਚਸਪੀ ਦਿਖਾਈ ਹੈ। ਇਨ੍ਹਾਂ ਦੇ ਨਾਮ ‘ਤੇ ਹੁਣ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਬਣਾਈ ਗਈ ਸਟੇਟ ਸਕਰੀਨਿੰਗ ਕਮੇਟੀ ਨੇ ਚਰਚਾ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ਸਥਿਤ ਕਾਂਗਰਸ ਭਵਨ ਵਿੱਚ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਭਗਤ ਚਰਨ ਦਾਸ ਦੀ ਅਗਵਾਈ ਹੇਠ ਤਿੰਨ ਮੈਂਬਰੀ ਟੀਮ ਨੇ ਉਮੀਦਵਾਰ ਬਣਨ ਦੇ ਚਾਹਵਾਨਾਂ ਦਾ ਕਰੀਬ ਤਿੰਨ ਘੰਟੇ ਮੁਲਾਂਕਣ ਕੀਤਾ। ਕਾਂਗਰਸ ਪਾਰਟੀ ਦੇ ਮੌਜੂਦਾ ਅੱਧੀ ਦਰਜਨ ਸੰਸਦ ਮੈਂਬਰ ਵੀ ਅਗਲੀ ਚੋਣ ਲੜਨ ਦੇ ਇੱਛੁਕ ਹਨ।
ਮਿਲੇ ਵੇਰਵਿਆਂ ਅਨੁਸਾਰ ਚਾਹਵਾਨਾਂ ਵਿੱਚ ਕਰੀਬ ਅੱਠ ਤੋਂ ਦਸ ਮਹਿਲਾਵਾਂ ਵੀ ਸ਼ਾਮਲ ਹਨ। ਸੂਤਰਾਂ ਅਨੁਸਾਰ ਸਕਰੀਨਿੰਗ ਕਮੇਟੀ ਨੇ ਹਲਕਾ ਵਾਰ ਸਾਰੇ ਚਾਹਵਾਨ ਉਮੀਦਵਾਰਾਂ ਦੇ ਨਾਵਾਂ ‘ਤੇ ਵਿਚਾਰ ਕੀਤਾ। ਕਮੇਟੀ ਦੇ ਤਿੰਨ ਮੈਂਬਰਾਂ ਤੋਂ ਇਲਾਵਾ ਮੀਟਿੰਗ ਵਿੱਚ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸ਼ਾਮਲ ਸਨ।
ਪਤਾ ਲੱਗਿਆ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਚੋਣ ਲੜਨ ਵਾਲਿਆਂ ਦੀ ਗਿਣਤੀ ਪੰਜ ਤੋਂ ਜ਼ਿਆਦਾ ਹੈ। ਉਂਜ, ਹਰੇਕ ਹਲਕੇ ਤੋਂ ਤਿੰਨ ਤੋਂ ਚਾਰ ਉਮੀਦਵਾਰਾਂ ਨੇ ਦਾਅਵੇਦਾਰੀ ਜਤਾਈ ਹੈ।
ਮੀਟਿੰਗ ਵਿੱਚ ਚਾਹਵਾਨ ਦਾ ਸਿਆਸੀ ਪਿਛੋਕੜ ਤੇ ਕਾਰਗੁਜ਼ਾਰੀ ਤੋਂ ਇਲਾਵਾ ਪਾਰਟੀ ਪ੍ਰਤੀ ਵਫਾਦਾਰੀ ‘ਤੇ ਨਜ਼ਰ ਮਾਰੀ ਗਈ ਹੈ। ਵੱਡਾ ਮੁਲਾਂਕਣ ਇਸ ਪੱਖ ‘ਤੇ ਕੀਤਾ ਗਿਆ ਹੈ ਕਿ ਚਾਹਵਾਨ ਜਿੱਤਣ ਦੀ ਸਮਰੱਥਾ ਰੱਖਦਾ ਹੈ ਜਾਂ ਨਹੀਂ। ਮੀਟਿੰਗ ਵਿੱਚ ਇਹ ਫੈਸਲਾ ਹੋਇਆ ਹੈ ਕਿ 13 ਲੋਕ ਸਭਾ ਹਲਕਿਆਂ ਤੋਂ ਚੋਣ ਲੜਨ ਦੇ ਚਾਹਵਾਨਾਂ ਦਾ ਪਹਿਲਾਂ ਸਰਵੇਖਣ ਕਰਵਾਇਆ ਜਾਵੇਗਾ, ਜਿਸ ਦੇ ਅਧਾਰ ‘ਤੇ ਅਗਲਾ ਫੈਸਲਾ ਲਿਆ ਜਾਵੇਗਾ। ਸੂਤਰ ਦੱਸਦੇ ਹਨ ਕਿ ਕਾਂਗਰਸ ਤਿੰਨ-ਚਾਰ ਸੀਟਾਂ ਤੋਂ ਚੰਗੇ ਹਿੰਦੂ ਚਿਹਰੇ ਉਤਾਰਨਾ ਚਾਹੁੰਦੀ ਹੈ ਅਤੇ ਇਸੇ ਤਰ੍ਹਾਂ ਪਾਰਟੀ ਦਲਿਤ ਭਾਈਚਾਰੇ ਦੇ ਸਾਰੇ ਵਰਗਾਂ ਨੂੰ ਨੁਮਾਇੰਦਗੀ ਦੇਣ ਦੀ ਇੱਛੁਕ ਹੈ।
ਨਵਜੋਤ ਸਿੱਧੂ ਦਾ ਸ਼ਬਦੀ ਟਾਕਰਾ ਨਾ ਕੀਤਾ ਜਾਵੇ
ਅਹਿਮ ਸੂਤਰ ਦੱਸਦੇ ਹਨ ਕਿ ਕਾਂਗਰਸ ਹਾਈਕਮਾਂਡ ਨੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਨਸੀਹਤ ਦਿੱਤੀ ਹੈ ਕਿ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦਾ ਸ਼ਬਦੀ ਟਾਕਰਾ ਨਾ ਕੀਤਾ ਜਾਵੇ। ਸਮਰਾਲਾ ਰੈਲੀ ਵਿੱਚੋਂ ਨਵਜੋਤ ਸਿੱਧੂ ਗੈਰਹਾਜ਼ਰ ਸਨ ਪ੍ਰੰਤੂ ਉਨ੍ਹਾਂ ਦੇ ਕਈ ਸਾਥੀ ਹਾਜ਼ਰ ਸਨ। ਸੂਤਰ ਦੱਸਦੇ ਹਨ ਕਿ ਨਵਜੋਤ ਸਿੱਧੂ ਨੂੰ ਪਾਰਟੀ ਵਿੱਚੋਂ ਬਾਹਰ ਨਹੀਂ ਕੱਢਿਆ ਜਾਵੇਗਾ ਕਿਉਂਕਿ ਪਾਰਟੀ ਦੀ ਲੀਡਰਸ਼ਿਪ ਇਹ ਸੋਚ ਰੱਖ ਰਹੀ ਹੈ ਕਿ ਇਸ ਤਰ੍ਹਾਂ ਕਰਨ ਨਾਲ ਸਿੱਧੂ ਨੂੰ ਹਮਦਰਦੀ ਮਿਲ ਸਕਦੀ ਹੈ।

 

Check Also

ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਸੰਭਾਲਿਆ ਅਹੁਦਾ

ਅਹੁਦਾ ਸੰਭਾਲਣ ਮੌਕੇ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂ ਰਹੇ ਮੌਜੂਦ ਚੰਡੀਗੜ੍ਹ/ਬਿਊਰੋ ਨਿਊਜ਼ : …