Breaking News
Home / ਪੰਜਾਬ / ਸਿੱਖ ਸੰਸਥਾਵਾਂ ਦੀ ਆਜ਼ਾਦੀ ਲਈ ਬਾਦਲਕਿਆਂ ਦੇ ਬਾਈਕਾਟ ਦਾ ਸੱਦਾ

ਸਿੱਖ ਸੰਸਥਾਵਾਂ ਦੀ ਆਜ਼ਾਦੀ ਲਈ ਬਾਦਲਕਿਆਂ ਦੇ ਬਾਈਕਾਟ ਦਾ ਸੱਦਾ

ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਵੱਲੋਂ ਲਾਪਤਾ 328 ਸਰੂਪਾਂ ਦੇ ਮਾਮਲੇ ‘ਚ ਪਸ਼ਚਾਤਾਪ ਸਮਾਗਮ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਅੰਮ੍ਰਿਤਸਰ ਵਿਚ ਸਿੱਖ ਸੰਗਤ ਨੂੰ ਸੱਦਾ ਦਿੱਤਾ ਹੈ ਕਿ ਸਿੱਖ ਸੰਸਥਾਵਾਂ ਦੀ ਆਜ਼ਾਦੀ ਵਾਸਤੇ ਸੱਤਾ ਵਿਚ ਬਦਲਾਅ ਲਿਆਉਣ ਲਈ ਬਾਦਲਕਿਆਂ ਦਾ ਬਾਈਕਾਟ ਕੀਤਾ ਜਾਵੇ। ਉਹ ਇੱਥੇ ਪਾਰਟੀ ਵੱਲੋਂ ਕੀਤੇ ਗਏ ਪਸ਼ਚਾਤਾਪ ਸਮਾਗਮ ਵਿਚ ਸ਼ਾਮਲ ਹੋਣ ਲਈ ਆਏ ਸਨ।
ਇਹ ਪਸ਼ਚਾਤਾਪ ਸਮਾਗਮ ਲਾਪਤਾ 328 ਪਾਵਨ ਸਰੂਪਾਂ ਦੇ ਸਬੰਧ ਵਿੱਚ ਕੀਤਾ ਗਿਆ ਹੈ। ਇਸ ਸਬੰਧ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਮਗਰੋਂ ਪਿੰਡ ਸੁਲਤਾਨਵਿੰਡ ਦੇ ਗੁਰਦੁਆਰਾ ਅਟਾਰੀ ਸਾਹਿਬ ਵਿੱਚ ਸਮਾਗਮ ਕੀਤਾ ਗਿਆ। ਪਸ਼ਚਾਤਾਪ ਸਮਾਗਮ ਵਿਚ ਸੰਬੋਧਨ ਕਰਦਿਆਂ ਢੀਂਡਸਾ ਨੇ ਆਖਿਆ ਕਿ ਬਾਦਲਕਿਆਂ ਦਾ ਹਰ ਥਾਂ ‘ਤੇ ਬਾਈਕਾਟ ਕੀਤਾ ਜਾਵੇ। ਉਨ੍ਹਾਂ ਇਹ ਸੱਦਾ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਪਿਛਲੇ ਦਿਨ ਇਸ ਸਬੰਧੀ ਦਿੱਤੇ ਗਏ ਸੱਦੇ ਦੀ ਹਮਾਇਤ ਵਿੱਚ ਦਿੱਤਾ ਹੈ। ਭਾਈ ਰਣਜੀਤ ਸਿੰਘ ਨੇ 328 ਲਾਪਤਾ ਸਰੂਪਾਂ ਦੇ ਸਬੰਧ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਘੰਟਾ ਘਰ ਪ੍ਰਵੇਸ਼ ਦੁਆਰ ਪਲਾਜ਼ਾ ਵਿੱਚ ਸ਼੍ਰੋਮਣੀ ਕਮੇਟੀ ਖ਼ਿਲਾਫ਼ ਧਰਨਾ ਦਿੱਤਾ ਸੀ ਜਿਸ ਵਿੱਚ ਉਨ੍ਹਾਂ ਸਿੱਖ ਸੰਸਥਾਵਾਂ ਨੂੰ ਬਾਦਲਕਿਆਂ ਦੇ ਕਬਜ਼ੇ ਵਿਚੋਂ ਆਜ਼ਾਦ ਕਰਵਾਉਣ ਵਾਸਤੇ ਸਿੱਖ ਸੰਗਤ ਨੂੰ ਪਿੰਡਾਂ ਵਿਚ ਬਾਦਲਕਿਆਂ ਦੇ ਬਾਈਕਾਟ ਦਾ ਸੱਦਾ ਦਿੱਤਾ ਸੀ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਹਾਕਮਾਂ ਕੋਲੋਂ ਲਾਪਤਾ ਪਾਵਨ ਸਰੂਪਾਂ ਬਾਰੇ ਸਿੱਖ ਸੰਗਤ ਵੱਲੋਂ ਜਵਾਬ ਮੰਗਿਆ ਜਾ ਰਿਹਾ ਹੈ ਅਤੇ ਉਹ ਇਸ ਸਬੰਧੀ ਜਵਾਬ ਮੰਗਣ ਵਾਲਿਆਂ ਦੀ ਮਾਰ ਕੁੱਟ ਕਰ ਰਹੇ ਹਨ। ਇਸ ਸਬੰਧ ਵਿੱਚ ਸੰਗਤ ਨੂੰ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਪਰ ਉਨ੍ਹਾਂ ਨੂੰ ਇਸ ਦਾ ਹਿਸਾਬ ਸੰਗਤ ਨੂੰ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਹੁਣ ਅਜਿਹਾ ਨਾ ਕੀਤਾ ਗਿਆ ਤਾਂ ਸ਼੍ਰੋਮਣੀ ਕਮੇਟੀ ਦੀ ਸੱਤਾ ਤਬਦੀਲ ਹੋਣ ਮਗਰੋਂ ਇਹ ਹਿਸਾਬ ਲਿਆ ਜਾਵੇਗਾ। ਉਨ੍ਹਾਂ ਖੁਲਾਸਾ ਕੀਤਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਾਸਤੇ ਹੋਰ ਪੰਥਕ ਪਾਰਟੀਆਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਸਮੂਹ ਪਾਰਟੀਆਂ ਨੂੰ ਇੱਕ ਮੰਚ ‘ਤੇ ਇਕੱਠਾ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਸੰਵਿਧਾਨ ਮੁਤਾਬਕ ਸ਼੍ਰੋਮਣੀ ਕਮੇਟੀ ਦੀ ਚੋਣ ਲੜਨ ਵਾਲਾ ਕੋਈ ਵੀ ਉਮੀਦਵਾਰ ਪਾਰਟੀ ਵਿੱਚ ਸਿਆਸੀ ਅਹੁਦਾ ਨਹੀਂ ਲੈ ਸਕੇਗਾ।

Check Also

ਸ਼ੰਭੂ ਬਾਰਡਰ ’ਤੇ ਬੈਠੇ ਕਿਸਾਨਾਂ ਨੇ ਹਰਿਆਣਾ ਪੁਲਿਸ ’ਤੇ ਚੁੱਕੇ ਸਵਾਲ

ਕਿਹਾ : ਅੰਬਾਲਾ ’ਚ ਧਾਰਾ 163 ਲੱਗੀ ਹੋਣ ਦੇ ਬਾਵਜੂਦ ਸਤਿੰਦਰ ਸਤਰਾਜ ਦਾ ਪ੍ਰੋਗਰਾਮ ਕਿਵੇਂ …