ਨਿਯਮਾਂ ਦੀਆਂ ਧੱਜੀਆਂ ਉਡਾ ਬਠਿੰਡਾ ਦੇ ਸਰਕਾਰੀ ਹਸਪਤਾਲ ’ਚ ਡੀਜੇ ’ਤੇ ਖੂਬ ਨੱਚੀਆਂ ਨਰਸਾਂ
ਸਮਾਜ ਸੇਵੀ ਜਥੇਬੰਦੀਆਂ ਨੇ ਨਰਸਾਂ ਖਿਲਾਫ ਕਾਰਵਾਈ ਦੀ ਕੀਤੀ ਮੰਗ
ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ’ਚ ਨਰਸਾਂ ਵੱਲੋਂ ਡੀਜੇ ’ਤੇ ਪਾਏ ਗਏ ਭੰਗੜਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਨਰਸਾਂ ਨੇ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਹਸਪਤਾਲ ’ਚ ਲੱਗੇ ਡੀਜੇ ’ਤੇ ਖੂਬ ਭੰਗੜਾ ਪਾਇਆ। ਵੀਡੀਓ ’ਚ ਨਰਸਾਂ ਡੀਜੇ ’ਤੇ ਵੱਜ ਰਹੇ ਗੀਤਾਂ ’ਤੇ ਨੱਚਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਅਤੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਿਹਤ ਵਿਭਾਗ ’ਚ ਹੜਕੰਪ ਮਚ ਗਿਆ ਹੈ। ਜਦਕਿ ਸਰਕਾਰੀ ਨਿਯਮਾਂ ਮਰੀਜ਼ਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਹਸਪਤਾਲ ਦੇ ਆਸ-ਪਾਸ ਵੀ ਉਚੀ ਅਵਾਜ਼ ਵਿਚ ਸਪੀਕਰ ਲਗਾਉਣ ’ਤੇ ਪਾਬੰਦੀ ਹੈ। ਇਸ ਦੇ ਬਾਵਜੂਦ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਅੰਦਰ ਡੀਜੇ ਲਗਾ ਕੇ ਬਿਨਾ ਕਿਸੇ ਦੀ ਆਗਿਆ ਤੋਂ ਤੀਜਾ ਤਿਉਹਾਰ ਮਨਾਇਆ ਗਿਆ ਅਤੇ ਹੱਦ ਤੋਂ ਉਦੋਂ ਹੋ ਗਈ ਜਦੋਂ ਨਰਸਾਂ ਡੀਜੇ ’ਤੇ ਨੱਚਣ ਲੱਗੀਆਂ। ਸੀਨੀਅਰ ਮੈਡੀਕਲ ਅਫ਼ਸਰ ਵੀ ਨਰਸਾਂ ਨੂੰ ਰੋਕਣ ਦੀ ਬਜਾਏ ਖੁਦ ਭੰਗੜਾ ਪਾਉਣ ਲੱਗੀ। ਜਦੋਂ ਇਸ ਸਬੰਧੀ ਉਨ੍ਹਾਂ ਨਾਲ ਗੱਲ ਕੀਤੀ ਗਈ ਤਾਂ ਸਫਾਈ ਦਿੰਦਿਆਂ ਡਾ. ਪਾਮਿਲ ਬਾਂਸਲ ਨੇ ਕਿਹਾ ਕਿ ਮਿਸ਼ਨ ਇੰਦਰ ਧਨੁਸ਼ ਦਾ ਪ੍ਰੋਗਰਾਮ 7 ਅਗਸਤ ਨੂੰ ਹੋਣਾ ਹੈ ਉਸੇ ਸਬੰਧ ’ਚ ਹਸਪਤਾਲ ਦੇ ਸਾਰੇ ਫੀਲਡ ਸਟਾਫ਼ ਦੀ ਟ੍ਰੇਨਿੰਗ ਰੱਖੀ ਗਈ ਸੀ। ਉਧਰ ਸਮਾਜ ਸੇਵੀ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਦਾ ਕੰਮ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੁੰਦਾ ਹੈ ਨਾ ਕਿ ਹਸਪਤਾਲ ਵਿਚ ਭੰਗੜਾ ਪਾਉਣਾ। ਸਮਾਜ ਸੇਵੀ ਜਥੇਬੰਦੀਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਨਰਸਾਂ ਦੀ ਇਸ ਹਰਕਤ ਖਿਲਾਫ ਐਕਸ਼ਨ ਲੈਣਾ ਚਾਹੀਦਾ ਹੈ।