12 C
Toronto
Friday, January 9, 2026
spot_img
Homeਹਫ਼ਤਾਵਾਰੀ ਫੇਰੀਐਚ-1 ਬੀ ਵੀਜ਼ਾ : ਜੀਵਨ ਸਾਥੀ ਦਾ ਵਰਕ ਪਰਮਿਟ ਹੋਵੇਗਾ ਬੰਦ

ਐਚ-1 ਬੀ ਵੀਜ਼ਾ : ਜੀਵਨ ਸਾਥੀ ਦਾ ਵਰਕ ਪਰਮਿਟ ਹੋਵੇਗਾ ਬੰਦ

ਹਜ਼ਾਰਾਂ ਭਾਰਤੀਆਂ ‘ਤੇ ਪਵੇਗਾ ਇਸਦਾ ਪ੍ਰਭਾਵ,70 ਹਜ਼ਾਰ ਐਚ-4 ਵੀਜ਼ਾ ਧਾਰਕਾਂ ਨੂੰ ਦਿੱਤਾ ਵਰਕ ਪਰਮਿਟ ਵੀ ਪ੍ਰਭਾਵਿਤ ਹੋਵੇਗਾ
ਵਾਸ਼ਿੰਗਟਨ/ਬਿਊਰੋ ਨਿਊਜ਼ : ਟਰੰਪ ਪ੍ਰਸ਼ਾਸਨ ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਨੂੰ ਅਮਰੀਕਾ ਵਿਚ ਕੰਮ ਕਰਨ ਦੀ ਦਿੱਤੀ ਇਜਾਜ਼ਤ ਬੰਦ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਹਜ਼ਾਰਾਂ ਭਾਰਤੀਆਂ ‘ਤੇ ਇਸ ਦਾ ਬਹੁਤ ਜ਼ਿਆਦਾ ਅਸਰ ਪਵੇਗਾ। ਇਸ ਤੋਂ ਪਹਿਲਾਂ ਓਬਾਮਾ ਪ੍ਰਸ਼ਾਸਨ ਵੱਲੋਂ ਲਗਪਗ 70 ਹਜ਼ਾਰ ਐੱਚ-4 ਵੀਜ਼ਾ ਧਾਰਕਾਂ ਨੂੰ ਦਿੱਤਾ ਗਿਆ ਵਰਕ ਪਰਮਿਟ ਇਸ ਤੋਂ ਪ੍ਰਭਾਵਿਤ ਹੋਵੇਗਾ।
ਅਮਰੀਕਾ ਦੇ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐੱਸਸੀਆਈਐੱਸ) ਦੇ ਨਿਰਦੇਸ਼ਕ ਫਰਾਂਸਿਸ ਸਿਸਨਾ ਨੇ ਸੈਨੇਟਰ ਚਕ ਗ੍ਰਾਸਲੇ ਨੂੰ ਲਿਖੇ ਪੱਤਰ ਵਿਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਵਰਕ ਪਰਮਿਟ ਦੀ ਵਿਵਸਥਾ ਨੂੰ ਖ਼ਤਮ ਕਰਨ ਦੀ ਯੋਜਨਾ ਬਣਾ ਰਿਹਾ ਹੈ। ਅਜਿਹਾ ਅਮਰੀਕੀ ਕਾਮਿਆਂ ਦੇ ਹਿੱਤਾਂ ਦੀ ਰੱਖਿਆ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬਾਅਦ ਵਿਚ ਇਸ ਗਰਮ ਰੁੱਤ ਦੌਰਾਨ ਰਸਮੀ ਐਲਾਨ ਹੋ ਸਕਦਾ ਹੈ। ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਨੂੰ ਐੱਚ-4 ਵੀਜ਼ਾ ਦਿੱਤਾ ਜਾਂਦਾ ਹੈ। ਇਨ੍ਹਾਂ ਵਿਚ ਵੱਡੀ ਗਿਣਤੀ ‘ਚ ਭਾਰਤ ਦੇ ਉੱਚ ਕੁਸ਼ਲਤਾ ਵਾਲੇ ਪੇਸ਼ੇਵਰ ਸ਼ਾਮਿਲ ਹਨ। ਓਬਾਮਾ ਪ੍ਰਸ਼ਾਸਨ ਵੱਲੋਂ 2015 ਵਿਚ ਜਾਰੀ ਵਿਸ਼ੇਸ਼ ਆਦੇਸ਼ ਤਹਿਤ ਉਨ੍ਹਾਂ ਨੂੰ ਵਰਕ ਪਰਮਿਟ ਦਿੱਤਾ ਗਿਆ ਸੀ। ਇਸ ਪ੍ਰਬੰਧ ਨਾਲ ਭਾਰਤ ਵੰਸ਼ੀਆਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਮਿਲਿਆ ਹੈ। ਲਗਪਗ ਇਕ ਲੱਖ ਐੱਚ-4 ਵੀਜ਼ਾ ਧਾਰਕਾਂ ਨੂੰ ਇਹ ਲਾਭ ਮਿਲਿਆ ਹੈ। ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੇ ਹਾਲ ਹੀ ਦੇ ਅਧਿਐਨ ਮੁਤਾਬਿਕ ਅਮਰੀਕਾ ਨੇ ਜੂਨ 2017 ਤੱਕ ਐੱਚ-1ਬੀ ਵੀਜ਼ਾ ਧਾਰਕਾਂ ਦੇ ਲਗਪਗ 71 ਹਜ਼ਾਰ ਜੀਵਨ ਸਾਥੀਆਂ ਨੂੰ ਰੁਜ਼ਗਾਰ ਦੀ ਇਜਾਜ਼ਤ ਦਿੱਤੀ ਹੈ। ਇਨ੍ਹਾਂ ਵਿਚ ਲਗਪਗ 90 ਫ਼ੀਸਦੀ ਭਾਰਤੀ ਹਨ।
ਭਾਰਤੀਆਂ ਦੇ ਹਿੱਤਾਂ ਦੀ ਰੱਖਿਆ ਕਰੇਗੀ ਸਰਕਾਰ
ਭਾਰਤੀ ਸੂਤਰਾਂ ਮੁਤਾਬਕ ਅਮਰੀਕੀ ਵੀਜ਼ਾ ‘ਤੇ ਭਾਰਤ ਸਰਕਾਰ ਦਾ ਪੱਖ ਹਮੇਸ਼ਾ ਸਾਫ ਰਿਹਾ ਹੈ। ਭਾਰਤੀਆਂ ਦਾ ਅਮਰੀਕਾ ਵਿਚ ਯੋਗਦਾਨ ਵਧਿਆ ਹੈ ਤੇ ਸਰਕਾਰ ਨੂੰ ਇਹ ਗੱਲ ਅਮਰੀਕੀਆਂ ਨੂੰ ਸਮਝਾਉਣੀ ਚਾਹੀਦੀ ਹੈ। ਵੀਜ਼ਾ ਮੁੱਦੇ ਭਾਰਤ ਲਈ ਮਹੱਤਵਪੂਰਨ ਹਨ। ਭਾਰਤ ਸਰਕਾਰ ਕਈ ਪੱਧਰ ‘ਤੇ ਲੌਬਿੰਗ ਕਰਕੇ ਭਾਰਤੀਆਂ ਦੇ ਹਿੱਤਾਂ ਦੀ ਰੱਖਿਆ ਦੀ ਕੋਸ਼ਿਸ਼ ਕਰ ਰਹੀ ਹੈ।
ਐੱਚ-1ਬੀ ਵੀਜ਼ਾ ਪ੍ਰਣਾਲੀ ਬਣਾਈ ਜਾਵੇਗੀ ਸਖ਼ਤ
ਟਰੰਪ ਪ੍ਰਸ਼ਾਸਨ ਐੱਚ-1ਬੀ ਵੀਜ਼ਾ ਪ੍ਰਣਾਲੀ ਨੂੰ ਸਖ਼ਤ ਬਣਾਉਣ ‘ਤੇ ਕੰਮ ਕਰ ਰਿਹਾ ਹੈ। ਐੱਚ-1ਬੀ ਵੀਜ਼ਾ ਦੀ ਭਾਰਤੀ ਆਈਟੀ ਪੇਸ਼ੇਵਰਾਂ ‘ਚ ਬਹੁਤ ਜ਼ਿਆਦਾ ਮੰਗ ਹੁੰਦੀ ਹੈ। ਯੂਐੱਸਸੀਆਈਐੱਸ ਦੇ ਨਿਰਦੇਸ਼ਕ ਫਰਾਂਸਿਸ ਸਿਸਨਾ ਅਨੁਸਾਰ ਪ੍ਰਸਤਾਵਿਤ ਸੋਧ ਦਾ ਮਕਸਦ ਐੱਚ-1ਬੀ ਵੀਜ਼ਾ ਧੋਖਾਧੜੀ ‘ਤੇ ਰੋਕ ਲਾਉਣਾ ਹੈ। ਉਨ੍ਹਾਂ ਕਿਹਾ ਕਿ ਯੂਐੱਸਸੀਆਈਐੱਸ ਐੱਚ-1ਬੀ ਵੀਜ਼ਾ ਪ੍ਰੋਗਰਾਮ ਵਿਚ ਸੁਧਾਰ ਲਈ ਦੋ ਮਤਿਆਂ ‘ਤੇ ਕੰਮ ਕਰ ਰਿਹਾ ਹੈ। ਪਹਿਲਾ ਮਤਾ ਅਰਜ਼ੀ ਲਈ ਇਲੈਕਟ੍ਰਾਨਿਕ ਰਜਿਸਟ੍ਰੇਸ਼ਨ ਦਾ ਹੈ। ਦੂਜਾ ਮਤਾ ਪੇਸ਼ੇ ਵਿਚ ਮਾਹਿਰ ਹੋਣ ਦੀ ਪਰਿਭਾਸ਼ਾ ‘ਚ ਸੋਧ ਦਾ ਹੈ ਤਾਂਕਿ ਸਰਬਉੱਤਮ ਵਿਦੇਸ਼ੀਆਂ ਦੀ ਗਿਣਤੀ ਵਧਾਉਣ ‘ਤੇ ਧਿਆਨ ਦਿੱਤਾ ਜਾਵੇ। ਅਮਰੀਕੀ ਕਾਮਿਆਂ ਦੇ ਮਿਹਨਤਾਨੇ ਨੂੰ ਬਿਹਤਰ ਬਣਾਉਣ ਲਈ ਰੁਜ਼ਗਾਰ ਤੇ ਮਾਲਕ-ਮੁਲਾਜ਼ਮ ਸਬੰਧ ਦੀ ਪਰਿਭਾਸ਼ਾ ਵਿਚ ਸੋਧ ਹੋਵੇਗੀ।

RELATED ARTICLES
POPULAR POSTS