ਹੁਸ਼ਿਆਰਪੁਰ ਦੇ ਚਮਨ ਲਾਲ ਬਰਮਿੰਘਮ ’ਚ ਪਹਿਲੇ ਬਿ੍ਰਟਿਸ਼-ਇੰਡੀਅਨ ਲਾਰਡ ਮੇਅਰ ਬਣੇ
ਚੰਡੀਗੜ੍ਹ/ਬਿਊਰੋ ਨਿਊਜ਼
ਇੰਗਲੈਂਡ ਵਿਚ ਵਸੇ ਇਕ ਹੋਰ ਪੰਜਾਬੀ ਨੇ ਇਤਿਹਾਸ ਰਚ ਦਿੱਤਾ ਹੈ। ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲੇ ਚਮਨ ਲਾਲ ਨੂੰ ਬਰਮਿੰਘਮ ਸ਼ਹਿਰ ਦਾ ਪਹਿਲਾ ਬਿ੍ਰਟਿਸ਼-ਇੰਡੀਅਨ ਲਾਰਡ ਮੇਅਰ ਬਣਨ ਦਾ ਮਾਣ ਹਾਸਲ ਹੋਇਆ ਹੈ। ਚਮਨ ਲਾਲ ਦਾ ਜਨਮ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਪੱਖੋਵਾਲ ਵਿਚ ਹੋਇਆ। ਉਹ ਲੇਬਰ ਪਾਰਟੀ ਦੇ ਰਾਜਨੇਤਾ ਦੇ ਤੌਰ ’ਤੇ ਪਹਿਲੀ ਵਾਰ 1994 ਵਿਚ ਕਾਊਂਸਲਰ ਚੁਣੇ ਗਏ ਸਨ। ਹਾਲ ਹੀ ਵਿਚ ਹੋਈਆਂ ਸਥਾਨਕ ਚੋਣਾਂ ਵਿਚ ਸੋਹੋ ਅਤੇ ਜਵੈਲਰੀ ਕਵਾਟਰ ਵਾਰਡ ਦੇ ਲਈ ਫਿਰ ਤੋਂ ਕਾਊਂਸਲਰ ਚੁਣੇ ਗਏ ਸਨ। ਜ਼ਿਕਰਯੋਗ ਹੈ ਕਿ ਚਮਨ ਲਾਲ ਨੇ ਇਕ ਸਮਾਗਮ ਦੌਰਾਨ ਕਿਹਾ ਕਿ ਇਹ ਮੇਰੇ ਅਤੇ ਸਾਡੇ ਪਰਿਵਾਰ ਦੇ ਲਈ ਭਾਰਤ ਵਿਚ ਪੈਦਾ ਹੋਏ ਇਕ ਸੈਨਾ ਅਧਿਕਾਰੀ ਦੇ ਬੇਟੇ ਦੇ ਰੂਪ ਵਿਚ ਲਾਰਡ ਮੇਅਰ ਚੁਣਿਆ ਜਾਣਾ ਮਾਣ ਦੇ ਪਲ ਹਨ। ਚਮਨ ਲਾਲ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਇਸ ਸ਼ਹਿਰ ਦਾ ਲਾਰਡ ਮੇਅਰ ਬਣੇਗਾ। ਜਾਣਕਾਰੀ ਅਨੁਸਾਰ ਚਮਨ ਲਾਲ ਦੇ ਪਿਤਾ 1954 ਵਿਚ ਇੰਗਲੈਂਡ ਪਹੁੰਚੇ ਅਤੇ ਬਰਮਿੰਘਮ ਵਿਚ ਵਸ ਗਏ। ਇਸ ਤੋਂ ਬਾਅਦ ਚਮਨ ਲਾਲ 1964 ਵਿਚ ਆਪਣੇ ਪਿਤਾ ਕੋਲ ਰਹਿਣ ਲਈ ਇੰਗਲੈਂਡ ਚਲੇ ਗਏ ਸਨ। ਧਿਆਨ ਰਹੇ ਕਿ ਕੁਝ ਦਿਨ ਪਹਿਲਾਂ ਭਾਰਤੀ ਮੂਲ ਦੇ ਸਿੱਖ ਕੌਂਸਲਰ ਜਸਵੰਤ ਸਿੰਘ ਵਿਰਦੀ ਨੇ ਵੀ ਇੰਗਲੈਂਡ ਦੇ ਵੈਸਟ ਮਿਡਲੈਂਡਸ ਸ਼ਹਿਰ ਕੋਵੈਨਟਰੀ ਦੇ ਨਵੇਂ ਲਾਰਡ ਮੇਅਰ ਦੇ ਰੂਪ ਵਿਚ ਅਹੁਦਾ ਸੰਭਾਲਿਆ ਸੀ।