15 C
Toronto
Tuesday, October 14, 2025
spot_img
Homeਭਾਰਤਕਸ਼ਮੀਰ ਵਿਚ ਤਣਾਅ ਦਾ ਮਾਹੌਲ

ਕਸ਼ਮੀਰ ਵਿਚ ਤਣਾਅ ਦਾ ਮਾਹੌਲ

Kashmir Hinssa 1 copy copyਮ੍ਰਿਤਕਾਂ ਦੀ ਗਿਣਤੀ ਵਧ ਕੇ 35 ਹੋਈ; ਕਰਫਿਊ ਜਾਰੀ
ਸ੍ਰੀਨਗਰ/ਬਿਊਰੋ ਨਿਊਜ਼
ਕਸ਼ਮੀਰ ਵਿਚ ਲਗਾਤਾਰ ਦੂਜੇ ਦਿਨ ਤਣਾਅ ਦਾ ਮਾਹੌਲ ਰਿਹਾ ਅਤੇ ਹਿੰਸਾ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 35 ਹੋ ਗਈ ਹੈ। ਇਨ੍ਹਾਂ ਵਿਚ ਇਕ ਪੁਲਿਸ ਕਰਮੀ ਵੀ ਸ਼ਾਮਲ ਹੈ। ਸ਼ਨਿਚਰਵਾਰ ਨੂੰ ਹਿੰਸਾ ਦੌਰਾਨ ਲਾਪਤਾ ਹੋਏ ਤਿੰਨ ਪੁਲਿਸ ਮੁਲਾਜ਼ਮਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗਿਆ। ਹਿੰਸਾ ਵਿਚ 200 ਵਿਅਕਤੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿਚ ਜ਼ਿਆਦਾਤਰ ਪੁਲਿਸ ਅਤੇ ਸੁਰੱਖਿਆ ਕਰਮੀ ਹਨ।
ਵਾਦੀ ਵਿਚ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਹਿੰਸਕ ਝੜਪਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਸ ਕਾਰਨ ਸਰਕਾਰ ਨੇ ਤਣਾਅ ਗ੍ਰਸਤ ਇਲਾਕਿਆਂ ਵਿਚ ਕਰਫਿਊ ਲਾਈ ਰੱਖਿਆ ਅਤੇ ਮੋਬਾਈਲ ਇੰਟਰਨੈੱਟ ਸੇਵਾਵਾਂ ਠੱਪ ਰੱਖੀਆਂ।
ਪਵਿੱਤਰ ਅਮਰਨਾਥ ਯਾਤਰਾ ਦੂਜੇ ਦਿਨ ਵੀ ਮੁਲਤਵੀ ਰਹੀ ਅਤੇ ਜੰਮੂ ਬੇਸ ਕੈਂਪ ਤੋਂ ਕੋਈ ਵੀ ਸ਼ਰਧਾਲੂ ਕਸ਼ਮੀਰ ਲਈ ਰਵਾਨਾ ਨਹੀਂ ਹੋਣ ਦਿੱਤਾ ਗਿਆ।
ਜੰਮੂ ਕਸ਼ਮੀਰ ਮੰਤਰੀ ਮੰਡਲ ਨੇ ਹਾਲਾਤ ਆਮ ਵਰਗੇ ਬਣਾਉਣ ਦੇ ਯਤਨਾਂ ਤਹਿਤ ਮੀਟਿੰਗ ਕੀਤੀ ਅਤੇ ਇਹ ਭਰੋਸਾ ਦਿੱਤਾ ਕਿ ਸੁਰੱਖਿਆ ਬਲਾਂ ਵੱਲੋਂ ਵਧੀਕੀਆਂ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਕੀਤੀ ਜਾਏਗੀ। ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਅਗਵਾਈ ਹੇਠ ਹੋਈ ਬੈਠਕ ਦੌਰਾਨ ਸੁਰੱਖਿਆ ਬਲਾਂ ਨਾਲ ਝੜਪਾਂ ਵਿਚ ਹੋਈਆਂ ਮੌਤਾਂ ‘ਤੇ ਰੋਸ ਜਤਾਇਆ ਗਿਆ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਹਿੰਸਾ ਭੜਕਾਉਣ ਵਾਲਿਆਂ ਦੇ ਹੱਥਾਂ ਦਾ ਮੋਹਰਾ ਨਾ ਬਣਨ।
ਕੈਬਨਿਟ ਨੇ ਹੁਰੀਅਤ ਕਾਨਫਰੰਸ, ਵੱਖਵਾਦੀਆਂ ਅਤੇ ਸਿਆਸੀ ਪਾਰਟੀਆਂ ਨੈਸ਼ਨਲ ਕਾਨਫਰੰਸ, ਕਾਂਗਰਸ ਤੇ ਸੀਪੀਐਮ ਨੂੰ ਅਪੀਲ ਕੀਤੀ ਕਿ ਜੇਕਰ ਉਹ ਸੂਬੇ ਵਿਚ ਸ਼ਾਂਤੀ ਚਾਹੁੰਦੇ ਹਨ ਤਾਂ ਉਹ ਹਾਲਾਤ ਆਮ ਵਰਗੇ ਬਣਾਉਣ ਵਿਚ ਸਹਿਯੋਗ ਕਰਨ। ਉਧਰ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮਹਿਬੂਬਾ ਮੁਫ਼ਤੀ ਨਾਲ ਗੱਲ ਕਰ ਕੇ ਕਸ਼ਮੀਰ ਦੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।
ਅੱਤਵਾਦੀ ਬੁਰਹਾਨ ਦੀ ਮੌਤ ਨਾਲ ਸਦਮੇ ‘ਚ ਨਵਾਜ਼ ਸ਼ਰੀਫ਼
ਇਸਲਾਮਾਬਾਦ : ਹਿਜ਼ਬੁਲ ਮੁਜ਼ਾਹਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਮੁਕਾਬਲੇ ‘ਚ ਹੋਈ ਮੌਤ ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਸਦਮੇ ‘ਚ ਹਨ। ਸ਼ਰੀਫ਼ ਨੇ ਘਾਟੀ ‘ਚ ਹਿੰਸਾ ‘ਤੇ ਉਤਰੇ ਸਥਾਨਿਕ ਨਾਗਰਿਕਾਂ ‘ਤੇ ਸੁਰੱਖਿਆ ਬਲਾਂ ਦੀ ਕਾਰਵਾਈ ਨੂੰ ਦਮਨਕਾਰੀ ਉਪਾਅ ਕਰਾਰ ਦਿੱਤਾ ਹੈ। ਨਾਲ ਹੀ ਉਨ੍ਹਾਂ ਨੇ ਦੋਸ਼ ਲਾਇਆ ਕਿ ਕਸ਼ਮੀਰੀ ਨਾਗਰਿਕਾਂ ‘ਤੇ ਲੋੜ ਤੋਂ ਜ਼ਿਆਦਾ ਬਲ ਦੀ ਵਰਤੋਂ ਕੀਤੀ ਗਈ। ਪਾਕਿਸਤਾਨ ਦੀਆਂ ਵਿਰੋਧੀ ਪਾਰਟੀਆਂ ਦਾ ਦੋਸ਼ ਸੀ ਕਿ ਕਸ਼ਮੀਰੀ ਨਾਗਰਿਕਾਂ ‘ਤੇ ਕਾਰਵਾਈ ਨੂੰ ਲੈ ਕੇ ਨਵਾਜ਼ ਸ਼ਰੀਫ਼ ਨੇ ਚੁੱਪੀ ਧਾਰ ਰੱਖੀ ਹੈ। ਪੀ. ਪੀ. ਪੀ. ਦੇ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਦੋਸ਼ ਲਾਇਆ ਕਿ ਜਨਾਬ ਸ਼ਰੀਫ਼ ਅਤੇ ਮੋਦੀ ਦੀ ਦੋਸਤੀ ਨਾਲ ਕਸ਼ਮੀਰ ਮਸਲੇ ਨੂੰ ਜੋ ਨੁਕਸਾਨ ਪੁੱਜ ਰਿਹਾ ਹੈ, ਉਸ ਦੀ ਕਦੇ ਭਰਪਾਈ ਨਹੀਂ ਹੋ ਸਕੇਗੀ। ਬਿਲਾਵਲ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਇਕ ਪਾਸੇ ਜਿਥੇ ਸਾਰੀ ਦੁਨੀਆ ਦੇ ਮੁਸਲਿਮ ਈਦ ਮਨਾ ਰਹੇ ਸਨ ਉਥੇ ਕਸ਼ਮੀਰੀ ਭਰਾਵਾਂ ਨੇ ਤਿਓਹਾਰ ਦਾ ਇਹ ਦਿਨ ਭਾਰਤੀ ਸੈਨਾ ਦੀ ਹਿੰਸਕ ਕਾਰਵਾਈ ਦਰਮਿਆਨ ਗੁਜ਼ਾਰਿਆ।

RELATED ARTICLES
POPULAR POSTS