ਪੰਜਾਬ ’ਚ ਸਾਬਕਾ ਕਾਂਗਰਸੀ ਮੰਤਰੀ ਦੇ ਘਰ ਈਡੀ ਦਾ ਛਾਪਾ
ਭਾਰਤ ਭੂਸ਼ਣ ਆਸ਼ੂ ਕਈ ਘੁਟਾਲਿਆਂ ਹੈ ਆਰੋਪੀ
ਲੁਧਿਆਣਾ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਛਾਪਾ ਮਾਰਿਆ ਹੈ। ਈਡੀ ਦੀ ਟੀਮ ਅੱਜ ਵੀਰਵਾਰ ਸਵੇਰੇ-ਸਵੇਰੇ ਹੀ ਭਾਰਤ ਭੂਸ਼ਣ ਆਸ਼ੂ ਦੇ ਲੁਧਿਆਣਾ ਸਥਿਤ ਕੋਚਰ ਮਾਰਕੀਟ ਨੇੜਲੇ ਘਰ ਵਿਚ ਪਹੁੰਚ ਗਈ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਫੂਡ ਸਪਲਾਈ ਵਿਭਾਗ ਦੇ ਕਈ ਅਫਸਰਾਂ ਦੇ ਘਰ ਵੀ ਜਾਂਚ ਹੋਈ ਹੈ। ਦੱਸਣਯੋਗ ਹੈ ਕਿ ਭਾਰਤ ਭੂਸ਼ਣ ਆਸ਼ੂ ਕਾਂਗਰਸ ਸਰਕਾਰ ਵਿਚ ਫੂਡ ਸਪਲਾਈ ਮੰਤਰੀ ਸਨ। ਉਸ ਦੌਰਾਨ ਆਸ਼ੂ ’ਤੇ ਅਨਾਜ ਦੀ ਢੋਆਈ ਸਣੇ ਕਈ ਹੋਰ ਘੁਟਾਲਿਆਂ ਦੇ ਆਰੋਪ ਲੱਗੇ ਸਨ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਲੁਧਿਆਣਾ ਸਣੇ ਹੋਰ ਵੀ ਕਈ ਥਾਵਾਂ ’ਤੇ ਕੇਸ ਦਰਜ ਕੀਤੇ ਹਨ। ਇਸਦੇ ਚੱਲਦਿਆਂ ਭਾਰਤ ਭੁੂਸ਼ਣ ਆਸ਼ੂ ਨੂੰ ਕਈ ਮਹੀਨੇ ਜੇਲ੍ਹ ਵੀ ਕੱਟਣੀ ਪਈ ਅਤੇ ਹੁਣ ਉਹ ਜ਼ਮਾਨਤ ’ਤੇ ਬਾਹਰ ਹਨ। ਜਾਣਕਾਰੀ ਮਿਲੀ ਹੈ ਕਿ ਈਡੀ ਨੇ ਵਿਜੀਲੈਂਸ ਤੋਂ ਅਨਾਜ ਘੁਟਾਲੇ ਸਬੰਧੀ ਕਾਗਜ਼ ਲਏ ਸਨ। ਇਸ ਤੋਂ ਬਾਅਦ ਜਾਂਚ ਪ੍ਰਕਿਰਿਆ ਦੇ ਤਹਿਤ ਅੱਜ ਇਹ ਛਾਪੇਮਾਰੀ ਕੀਤੀ ਗਈ ਹੈ।