ਓਨਟਾਰੀਂਓ/ਬਿਊਰੋ ਨਿਊਜ਼ : ਛੇ ਮਹੀਨੇ ਮਗਰੋਂ ਹੋਣ ਜਾ ਰਹੀਆਂ ਪ੍ਰੋਵਿੰਸ਼ੀਅਲ ਚੋਣਾਂ ਨੂੰ ਲੈ ਕੇ ਕਰਵਾਏ ਗਏ ਇਕ ਸਰਵੇਖਣ ਅਨੁਸਾਰ ਇਨ੍ਹਾਂ ਚੋਣਾਂ ਵਿਚ ਓਨਟਾਰੀਓ ਪ੍ਰੋਗਰੈਸਿਵ ਕੰਸਰਵੇਟਿਵਸ ਨੂੰ ਲੀਡ ਹਾਸਲ ਹੋਈ ਹੈ। ਇਸ ਦੌਰਾਨ ਐਨਡੀਪੀ ਤੇ ਲਿਬਰਲ ਪਾਰਟੀਆਂ ਦੂਜੇ ਸਥਾਨ ਲਈ ਵੋਟਰਾਂ ਨੂੰ ਆਪਣੇ ਵੱਲ ਕਰਨ ਲਈ ਜੂਝਦੀਆਂ ਨਜਰ ਆ ਰਹੀਆਂ ਹਨ।
ਸਰਵੇਖਣ ਵਿੱਚ ਹਿੱਸਾ ਲੈਣ ਵਾਲਿਆਂ ਵਿੱਚੋਂ 38 ਫੀਸਦੀ ਨੇ ਆਖਿਆ ਕਿ ਉਹ ਕੰਸਰਵੇਟਿਵਾਂ ਨੂੰ ਵੋਟ ਕਰਨਗੇ, ਇਹ ਅੰਕੜੇ ਨਵੰਬਰ ਵਿੱਚ ਕਰਵਾਏ ਗਏ ਸਰਵੇਖਣ ਤੋਂ ਚਾਰ ਪੁਆਇੰਟ ਵੱਧ ਹਨ। ਇਸ ਸਮੇਂ ਐਨਡੀਪੀ ਵੀ ਲਿਬਰਲਾਂ ਤੋਂ ਅੱਗੇ ਚੱਲ ਰਹੀ ਹੈ, 28 ਫੀਸਦੀ ਲੋਕਾਂ ਨੇ ਆਖਿਆ ਕਿ ਉਹ ਐਨਡੀਪੀ ਨੂੰ ਵੋਟ ਪਾਉਣ ਦੇ ਹੱਕ ਵਿੱਚ ਹਨ ਜਦਕਿ ਲਿਬਰਲਾਂ ਨੂੰ ਵੋਟ ਕਰਨ ਵਾਲਿਆਂ ਦੀ ਗਿਣਤੀ 25 ਫੀਸਦੀ ਹੀ ਰਹੀ। ਪਿਛਲੇ ਮਹੀਨੇ ਲਿਬਰਲ ਪਾਰਟੀ ਐਨਡੀਪੀ ਨਾਲੋਂ ਪੰਜ ਅੰਕ ਅੱਗੇ ਚੱਲ ਰਹੀ ਸੀ।
ਕੰਸਰਵੇਟਿਵਾਂ ਵੱਲੋਂ ਕੀਤੀ ਜਾ ਰਹੀ ਇਸ਼ਤਿਹਾਰਬਾਜ਼ੀ ਤੇ ਦਿੱਤੇ ਜਾ ਰਹੇ ਪਾਜੀਟਿਵ ਸੁਨੇਹਿਆਂ ਕਾਰਨ ਹੀ ਉਨ੍ਹਾਂ ਦੀਆਂ ਵੋਟਾਂ ਵਿੱਚ ਵਾਧਾ ਹੋਇਆ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਅਜੇ ਵੋਟਰ ਐਨਡੀਪੀ ਤੇ ਲਿਬਰਲਾਂ ਦਰਮਿਆਨ ਵੋਟ ਕਰਨ ਦਾ ਮਨ ਨਹੀਂ ਬਣਾ ਪਾਏ ਹਨ। ਜੇ ਇਹੋ ਹਾਲ ਰਿਹਾ ਤਾਂ ਕੰਸਰਵੇਟਿਵਾਂ ਨੂੰ ਹੋਰ ਵੋਟਾਂ ਮਿਲਣ ਦੀ ਸੰਭਾਵਨਾ ਹੈ।
ਇਸ ਦੌਰਾਨ ਹਰਮਨ ਪਿਆਰੇ ਆਗੂਆਂ ਵਿੱਚ ਐਨਡੀਪੀ ਦੀ ਐਂਡਰੀਆ ਹੌਰਵਥ ਨੂੰ 43 ਫੀਸਦੀ ਨਾਲ ਸਭ ਤੋਂ ਵੱਧ ਅੰਕ ਮਿਲੇ ਹਨ, ਡੱਗ ਫੋਰਡ ਨੂੰ 41 ਫੀਸਦੀ, ਲਿਬਰਲ ਆਗੂ ਡੈੱਲ ਡੂਕਾ ਨੂੰ 27 ਫੀਸਦੀ ਅੰਕ ਹਾਸਲ ਹੋਏ ਹਨ।