Breaking News
Home / ਭਾਰਤ / ਦਿੱਲੀ ਨਗਰ ਨਿਗਮ ‘ਤੇ ਭਾਜਪਾ ਦਾ ਲਗਾਤਾਰ ਤੀਜੀ ਵਾਰ ਕਬਜ਼ਾ

ਦਿੱਲੀ ਨਗਰ ਨਿਗਮ ‘ਤੇ ਭਾਜਪਾ ਦਾ ਲਗਾਤਾਰ ਤੀਜੀ ਵਾਰ ਕਬਜ਼ਾ

ਆਮ ਆਦਮੀ ਪਾਰਟੀ ਦੋ ਸਾਲਾਂ ਵਿਚ ਹੀ ਹੋ ਗਈ ਢੇਰ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਨਗਰ ਨਿਗਮ ਚੋਣਾਂ ਵਿਚ ਭਾਜਪਾ ਨੇ ਹੂੰਝਾ ਫੇਰ ਜਿੱਤ ਹਾਸਲ ਕਰਦਿਆਂ 270 ਸੀਟਾਂ ਵਿਚੋਂ 182 ਸੀਟਾਂ ਜਿੱਤ ਲਈਆਂ ਹਨ। ਜਿਨ੍ਹਾਂ ਵਿਚ ਚਾਰ ਭਾਜਪਾ ਦੀ ਭਾਈਵਾਲ ਪਾਰਟੀ ਅਕਾਲੀ ਦਲ ਦੇ ਉਮੀਦਵਾਰ ਵੀ ਜੇਤੂ ਹਨ। ਜਦੋਂ ਕਿ ਆਮ ਆਦਮੀ ਪਾਰਟੀ 48 ਸੀਟਾਂ ‘ਤੇ ਸਿਮਟ ਕੇ ਰਹਿ ਗਈ ਹੈ। ਇਸ ਤੋਂ ਵੀ ਪਤਲੀ ਹਾਲਤ ਕਾਂਗਰਸ ਦੀ ਹੋਈ ਹੈ, ਜੋ ਬੜੀ ਮੁਸ਼ਕਲ ਨਾਲ 29 ਸੀਟਾਂ ਹੀ ਜਿੱਤ ਸਕੀ। ਜਿੱਥੇ ਭਾਜਪਾ ਨੇ ਲਗਾਤਾਰ ਤੀਜੀ ਵਾਰ ਦਿੱਲੀ ਨਗਰ ਨਿਗਮ ‘ਤੇ ਜਿੱਤ ਹਾਸਲ ਕਰਦਿਆਂ ਹੈਟ੍ਰਿਕ ਮਾਰੀ ਹੈ, ਉਥੇ ਹੀ ਆਮ ਆਦਮੀ ਪਾਰਟੀ ਦੋ ਸਾਲਾਂ ਵਿਚ ਹੀ ਦਿੱਲੀ ‘ਚ ਢੇਰ ਹੋ ਗਈ। ਸਾਲ 2015 ਵਿਚ 70 ਵਿਧਾਨ ਸਭਾ ਸੀਟਾਂ ਵਿਚੋਂ 67 ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਨਗਰ ਨਿਗਮ ਚੋਣਾਂ ਵਿਚ 270 ਵਿਚੋਂ 50 ਸੀਟਾਂ ਵੀ ਜਿੱਤ ਨਹੀਂ ਸਕੀ। ਜਦੋਂ ਕਿ 44 ਸੀਟਾਂ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਗਈਆਂ ਹਨ। ਦਿੱਲੀ ਨੌਰਥ, ਦਿੱਲੀ ਸਾਊਥ ਅਤੇ ਦਿੱਲੀ ਈਸਟ ਤਿੰਨਾਂ ਥਾਵਾਂ ‘ਤੇ ਭਾਜਪਾ ਨੇ ਵੱਡੀ ਜਿੱਤ ਹਾਸਲ ਕੀਤੀ। ਕਾਂਗਰਸ ਨੇ ਲੋਕ ਫਤਵੇ ਨੂੰ ਸਵੀਕਾਰ ਕਰਦਿਆਂ ਉਹਨਾਂ ਦੇ ਦਿੱਲੀ ਵਿਚ ਪ੍ਰਧਾਨ ਅਜੇ ਮਾਕਨ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ। ਪਰ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਅਰਵਿੰਦ ਕੇਜਰੀਵਾਲ ਸਮੇਤ ਉਹਨਾਂ ਦੀ ਲੀਡਰਸ਼ਿਪ ਨੇ ਇਸ ਹਾਰ ਲਈ ਈਵੀਐਮ ਮਸ਼ੀਨਾਂ ਨੂੰ ਇਕ ਵਾਰ ਫਿਰ ਜ਼ਿੰਮੇਵਾਰ ਠਹਿਰਾਇਆ ਹੈ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕੇਜਰੀਵਾਲ ਦਾ ਮਜ਼ਾਕ ਵੀ ਉਡਾਇਆ ਜਾ ਰਿਹਾ ਹੈ। ਫਿਲਹਾਲ ਦਿੱਲੀ ਵਿਚ ਭਾਜਪਾ ਦੀ ਹੂੰਝਾਫੇਰ ਜਿੱਤ ਨੂੰ ਵੀ ਮੋਦੀ ਲਹਿਰ ਦਾ ਹੀ ਹਿੱਸਾ ਮੰਨਿਆ ਜਾ ਰਿਹਾ ਹੈ।

Check Also

ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ

ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …