Breaking News
Home / ਭਾਰਤ / ਸਵਦੇਸ਼ੀ ਜੰਗੀ ਬੇੜਾ ‘ਮੋਰਮੁਗਾਓ’ ਜਲ ਸੈਨਾ ‘ਚ ਸ਼ਾਮਲ

ਸਵਦੇਸ਼ੀ ਜੰਗੀ ਬੇੜਾ ‘ਮੋਰਮੁਗਾਓ’ ਜਲ ਸੈਨਾ ‘ਚ ਸ਼ਾਮਲ

ਜੰਗੀ ਬੇੜੇ ਦਾ ਡਿਜ਼ਾਈਨ ਤੇ ਵਿਕਾਸ ਭਾਰਤ ਦੀ ਸਮਰੱਥਾ ਦਾ ਸਬੂਤ: ਰਾਜਨਾਥ
ਨਵੀਂ ਦਿੱਲੀ/ਬਿਊਰੋ ਨਿਊਜ਼ : ਮਿਜ਼ਾਈਲ ਤਬਾਹ ਕਰਨ ਵਾਲਾ ਸਵਦੇਸ਼ੀ ਜੰਗੀ ਬੇੜਾ ‘ਆਈਐੱਨਐੱਸ ਮੋਰਮੁਗਾਓ’ ਭਾਰਤੀ ਜਲ ਸੈਨਾ ‘ਚ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧੀ ਸਮਾਗਮ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਆਈਐੱਨਐੱਸ ਮੋਰਮੁਗਾਓ ਜੰਗੀ ਬੇੜੇ ਦਾ ਡਿਜ਼ਾਈਨ ਤੇ ਵਿਕਾਸ ਭਾਰਤ ਦੇ ਹੁਨਰ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਭਾਰਤ ਨੂੰ ਸਵਦੇਸ਼ੀ ਜਹਾਜ਼ ਨਿਰਮਾਣ ਦਾ ਕੇਂਦਰ ਬਣਾਉਣਾ ਹੈ। ਉਨ੍ਹਾਂ ਆਈਐੱਨਐੱਸ ਮੋਰਮੁਗਾਓ ਨੂੰ ਦੇਸ਼ ਅੰਦਰ ਬਣੇ ਸਭ ਤੋਂ ਸ਼ਕਤੀਸ਼ਾਲੀ ਜੰਗੀ ਬੇੜਿਆਂ ‘ਚੋਂ ਇੱਕ ਦੱਸਿਆ ਜੋ ਦੇਸ਼ ਦੀਆਂ ਸਮੁੰਦਰੀ ਸਮਰੱਥਾਵਾਂ ‘ਚ ਕਾਫੀ ਵਾਧਾ ਕਰੇਗਾ ਤੇ ਕੌਮੀ ਹਿੱਤਾਂ ਨੂੰ ਸੁਰੱਖਿਅਤ ਕਰੇਗਾ।
ਉਨ੍ਹਾਂ ਕਿਹਾ ਕਿ ਇਹ ਜੰਗੀ ਬੇੜਾ ਸਾਡੇ ਦੇਸ਼ ਦੇ ਨਾਲ-ਨਾਲ ਦੁਨੀਆ ਭਰ ‘ਚ ਸਾਡੇ ਮਿੱਤਰ ਮੁਲਕਾਂ ਦੀਆਂ ਮੌਜੂਦਾ ਤੇ ਭਵਿੱਖ ਦੀਆਂ ਲੋੜਾਂ ਨੂੰ ਪੂਰਾ ਕਰੇਗਾ। ਰੱਖਿਆ ਮੰਤਰੀ ਨੇ ਆਈਐੱਨਐੱਸ ਮੋਰਮੁਗਾਓ ਨੂੰ ਕਮਿਸ਼ਨ ਕਰਨ ਲਈ ਜਲ ਸੈਨਾ ਤੇ ਐੱਮਡੀਐੱਲ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਇੰਜਨੀਅਰਾਂ, ਤਕਨੀਸ਼ੀਅਨਾਂ, ਡਿਜ਼ਾਈਨਰਾਂ ਤੇ ਵਿਗਿਆਨੀਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤੀ ਅਰਥਚਾਰਾ ਦੁਨੀਆ ਦੇ ਪੰਜ ਅਰਥਚਾਰਿਆਂ ‘ਚ ਸ਼ਾਮਲ ਹੈ ਅਤੇ ਮਾਹਿਰਾਂ ਅਨੁਸਾਰ ਇਹ 2027 ਤੱਕ ਸਿਖਰਲੇ ਤਿੰਨ ਅਰਥਚਾਰਿਆਂ ‘ਚ ਸ਼ਾਮਲ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਪੱਛਮੀ ਤੱਟ ‘ਤੇ ਸਥਿਤ ਇਤਿਹਾਸਕ ਗੋਆ ਦੇ ਸਾਹਿਲੀ ਸ਼ਹਿਰ ਦੇ ਨਾਂ ‘ਤੇ ਮੋਰਮੁਗਰਾਓ ਨਾਂ ਰੱਖਿਆ ਗਿਆ ਹੈ। ਇਸ ਮੌਕੇ ਜਲ ਸੈਨਾ ਮੁਖੀ ਐਡਮਿਰਲ ਆਰ ਹਰੀ ਕੁਮਾਰ ਨੇ ਕਿਹਾ ਕਿ ਆਈਐੱਨਐੱਸ ਮੋਰਮੁਗਾਓ ਦੀ ਕਮਿਸ਼ਨਿੰਗ ਪਿਛਲੇ ਇੱਕ ਦਹਾਕੇ ‘ਚ ਜੰਗੀ ਬੇੜਿਆਂ ਦੇ ਡਿਜ਼ਾਈਨ ਤੇ ਨਿਰਮਾਣ ਸਮਰੱਥਾ ‘ਚ ਭਾਰਤ ਦੀ ਵੱਡੀ ਤਰੱਕੀ ਦਾ ਸੰਕੇਤ ਹੈ।
ਇਸ ਮੌਕੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ, ਰੱਖਿਆ ਸਟਾਫ ਦੇ ਮੁਖੀ ਜਨਰਲ ਅਨਿਲ ਚੌਹਾਨ ਤੇ ਗੋਆ ਦੇ ਰਾਜਪਾਲ ਪੀਐੱਸ ਸ੍ਰੀਧਰਨ ਪਿੱਲੈ ਵੀ ਹਾਜ਼ਰ ਸਨ। ਇਸੇ ਦੌਰਾਨ ਰਾਜਨਾਥ ਸਿੰਘ ਨੇ ਪੁਰਾਣਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੁਰਾਣਾਂ ‘ਚ ਸਮੁੰਦਰ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਉਨ੍ਹਾਂ ਜਲ ਸੈਨਿਕਾਂ ਦੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਕਿਹਾ, ‘ਤੁਸੀਂ ਸਾਡੇ ਸਮੁੰਦਰ ਦੀ ਰਾਖੀ ਕਰਦੇ ਹੋ। ਇਸ ਲਈ ਤੁਸੀਂ ਦੇਸ਼ ਦੀ ਜਾਇਦਾਦ ਤੇ ਖੁਸ਼ਹਾਲੀ ਦੀ ਵੀ ਰਾਖੀ ਕਰਦੇ ਹੋ।’
ਰਾਜਵਿੰਦਰ ਸਿੰਘ ਭੱਟੀ ਬਣੇ ਬਿਹਾਰ ਦੇ ਨਵੇਂ ਡੀ.ਜੀ.ਪੀ.
ਪਟਨਾ : ਬਿਹਾਰ ਸਰਕਾਰ ਨੇ ਸੀਨੀਅਰ ਆਈਪੀਐਸ ਅਧਿਕਾਰੀ ਆਰ. ਐਸ.ਭੱਟੀ ਨੂੰ ਸੂਬੇ ਦਾ ਨਵਾਂ ਡੀ.ਜੀ.ਪੀ. (ਪੁਲਿਸ ਮੁਖੀ) ਨਿਯੁਕਤ ਕੀਤਾ ਹੈ। ਸੂਬੇ ਦੇ ਗ੍ਰਹਿ ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਿਕ ਬਿਹਾਰ ਕਾਡਰ ਦੇ 1990 ਬੈਚ ਦੇ ਆਈ.ਪੀ.ਐਸ.ਅਧਿਕਾਰੀ ਰਾਜਵਿੰਦਰ ਸਿੰਘ ਭੱਟੀ ਨੂੰ ਅਗਲੇ ਹੁਕਮਾਂ ਤੱਕ ਬਿਹਾਰ ਦੇ ਡੀਜੀਪੀ ਵਜੋਂ ਨਿਯੁਕਤ ਕੀਤਾ ਗਿਆ ਹੈ। ਉਹ ਮੌਜੂਦਾ ਸਮੇਂ ਕੇਂਦਰੀ ਡੈਪੂਟੇਸ਼ਨ ‘ਤੇ ਹਨ ਤੇ ਵਧੀਕ ਡਾਇਰੈਕਟਰ ਜਨਰਲ (ਪੂਰਬੀ ਕਮਾਂਡ), ਸੀਮਾ ਸੁਰੱਖਿਆ ਬਲ (ਬੀ.ਐਸ.ਐਫ.)ਵਜੋਂ ਤੈਨਾਤ ਹਨ। ਭੱਟੀ ਨੇ ਐਸ.ਕੇ.ਸਿੰਘਲ ਦੀ ਥਾਂ ਲਈ ਹੈ, ਜੋ 19 ਦਸੰਬਰ ਨੂੰ ਸੇਵਾਮੁਕਤ ਹੋਏ ਹਨ। ਆਪਣੇ ਕੇਂਦਰੀ ਡੈਪੂਟੇਸ਼ਨ ਤੋਂ ਪਹਿਲਾਂ ਉਹ ਬਿਹਾਰ ਮਿਲਟਰੀ ਪੁਲਿਸ ਦੇ ਡੀ.ਜੀ. ਸਨ। ਬਿਹਾਰ ‘ਚ ਉਨ੍ਹਾਂ ਨੇ ਕਈ ਅਹੁਦਿਆਂ ‘ਤੇ ਕੰਮ ਕੀਤਾ। ਕੇਂਦਰੀ ਡੈਪੂਟੇਸ਼ਨ ‘ਚ ਆਪਣੇ ਪਹਿਲੇ ਕਾਰਜਕਾਲ ਦੌਰਾਨ, ਉਨ੍ਹਾਂ ਕੇਂਦਰੀ ਜਾਂਚ ਬਿਊਰੋ (ਸੀਬੀਆਈ) ‘ਚ ਸੰਯੁਕਤ ਡਾਇਰੈਕਟਰ ਵਜੋਂ ਵੀ ਕੰਮ ਕੀਤਾ।
ਤਾਜ ਮਹਿਲ ਨੂੰ ਮਿਲਿਆ 1.94 ਕਰੋੜ ਦਾ ਪਾਣੀ ਟੈਕਸ ਤੇ 1.47 ਲੱਖ ਦਾ ਪ੍ਰਾਪਰਟੀ ਟੈਕਸ ਨੋਟਿਸ
ਆਗਰਾ : ਆਗਰਾ ਨਗਰ ਨਿਗਮ ਨੇ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੂੰ ਨੋਟਿਸ ਭੇਜੇ ਹਨ, ਜਿਸ ਵਿੱਚ ਤਾਜ ਮਹਿਲ ਲਈ ਪ੍ਰਾਪਰਟੀ ਟੈਕਸ ਅਤੇ ਪਾਣੀ ਦੇ ਬਿੱਲਾਂ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਹੈ। ਏਐੱਸਆਈ ਦੇ ਅਧਿਕਾਰੀਆਂ ਅਨੁਸਾਰ ਪਾਣੀ ਟੈਕਸ ਅਤੇ ਪ੍ਰਾਪਰਟੀ ਟੈਕਸ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਏਐੱਸਆਈ ਨੂੰ ਕਰੀਬ 1.47 ਲੱਖ ਰੁਪਏ ਪ੍ਰਾਪਰਟੀ ਟੈਕਸ ਅਤੇ ਪਾਣੀ ਦੇ ਟੈਕਸ ਵਜੋਂ 1 ਕਰੋੜ 94 ਲੱਖ ਰੁਪਏ ਅਦਾ ਕਰਨ ਲਈ ਕਿਹਾ ਗਿਆ ਹੈ। ਏਐੱਸਆਈ ਦੇ ਅਧਿਕਾਰੀ ਮੁਤਾਬਕ ਅਜਿਹਾ ਨੋਟਿਸ ਪਹਿਲੀ ਵਾਰ ਆਇਆ ਹੈ ਤੇ ਅੰਗਰੇਜ਼ਾਂ ਵੇਲੇ ਵੀ ਅਜਿਹਾ ਕੋਈ ਕਰ ਨਹੀਂ ਵਸੂਲਿਆ ਗਿਆ। ਨਿਯਮਾਂ ਮੁਤਾਬਕ ਇਹ ਕਰ 15 ਦਿਨ ‘ਚ ਅਦਾ ਕਰਨਾ ਹੈ ਤੇ ਅਜਿਹਾ ਨਾ ਹੋਣ ‘ਤੇ ਸੰਪਤੀ ਕੁਰਕ ਕੀਤੀ ਜਾਵੇਗੀ।

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …