-11.3 C
Toronto
Wednesday, January 21, 2026
spot_img
Homeਭਾਰਤ'ਰਾਸ਼ਟਰਵਾਦ' ਬਣਿਆ ਭਾਜਪਾ ਦਾ ਚੋਣ ਨਾਅਰਾ

‘ਰਾਸ਼ਟਰਵਾਦ’ ਬਣਿਆ ਭਾਜਪਾ ਦਾ ਚੋਣ ਨਾਅਰਾ

BJP's national executive meetingਕੌਮੀ ਕਾਰਜਕਾਰਨੀ ਵੱਲੋਂ ‘ਕੌਮਪ੍ਰਸਤੀ’ ਦੇ ਮੁੱਦੇ ‘ਤੇ ਡਟਣ ਦਾ ਫ਼ੈਸਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਦੇਸ਼ ਵਿੱਚ ਰਾਸ਼ਟਰਵਾਦ ਦੇ ਮੁੱਦੇ ਉਤੇ ਭਖ਼ ਰਹੀ ਬਹਿਸ ਦੌਰਾਨ ਭਾਜਪਾ ਨੇ ਕਿਹਾ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਕਿਸੇ ਨੂੰ ਵੀ ਦੇਸ਼ ਨੂੰ ਤਬਾਹ ਕਰਨ ਦੀਆਂ ਗੱਲਾਂ ਕਰਨ ਦੀ ਇਜਾਜ਼ਤ ਨਹੀਂ ਦਿੰਦੀ। ਪਾਰਟੀ ਨੇ ਇਥੇ ਆਪਣੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਪਾਸ ਸਿਆਸੀ ਮਤੇ ਵਿੱਚ ਇਸ ਮੁੱਦੇ ਨੂੰ ਮੋਹਰੀ ਥਾਂ ਦਿੱਤੀ ਹੈ।
ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਦੋ-ਰੋਜ਼ਾ ਮੀਟਿੰਗ ਦੌਰਾਨ ਵਿਚਾਰ-ਵਟਾਂਦਰੇ ਵਿੱਚ ਕੌਮਪ੍ਰਸਤੀ ਦਾ ਮੁੱਦਾ ਕਾਫ਼ੀ ਭਖ਼ਿਆ ਰਿਹਾ। ਜ਼ਿਕਰਯੋਗ ਹੈ ਕਿ ਬੀਤੇ ਦਿਨ ਆਪਣੇ ਉਦਘਾਟਨੀ ਭਾਸ਼ਣ ਦੌਰਾਨ ਹੀ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਇਹ ਕਹਿੰਦਿਆਂ ਇਹ ਮੁੱਦਾ ਛੇੜ ਦਿੱਤਾ ਸੀ ਕਿ ਪਾਰਟੀ ਦੇਸ਼ ਉਤੇ ਕਿਸੇ ਤਰ੍ਹਾਂ ਦਾ ਹਮਲਾ ਬਰਦਾਸ਼ਤ ਨਹੀਂ ਕਰੇਗੀ। ਮੀਟਿੰਗ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ, ”ਪ੍ਰਗਟਾਵੇ ਦੀ ਆਜ਼ਾਦੀ ਅਤੇ ਕੌਮਪ੍ਰਸਤੀ ਨਾਲੋ-ਨਾਲ ਚੱਲਦੇ ਹਨ।” ਉਨ੍ਹਾਂ ਕਿਹਾ ਕਿ ਸੰਵਿਧਾਨ ਸਾਨੂੰ ਅਸੰਤੁਸ਼ਟੀ ਅਤੇ ਅਸਹਿਮਤੀ ਦੇ ਇਜ਼ਹਾਰ ਦੀ ਤਾਂ ਪੂਰੀ ਆਜ਼ਾਦੀ ਦਿੰਦਾ ਹੈ ਪਰ ਦੇਸ਼ ਨੂੰ ਤਬਾਹ ਕਰਨ ਦੀ ਨਹੀਂ। ਮੀਟਿੰਗ ਦੌਰਾਨ ਪਾਰਟੀ ਆਗੂ ਜੇਐਨਯੂ ਨਾਲ ਸਬੰਧਤ ਹਾਲੀਆ ਘਟਨਾਵਾਂ ਸਬੰਧੀ ਵਿਰੋਧੀ ਪਾਰਟੀ ਕਾਂਗਰਸ ਨੂੰ ਉਲਝਾਉਣ ਦੇ ਪੂਰੇ ਰਉਂ ਵਿੱਚ ਦਿਖਾਈ ਦਿੱਤੇ।
ਜਦੋਂ ਜੇਤਲੀ ਨੂੰ ਪੁੱਛਿਆ ਗਿਆ ਕਿ ਕੀ ਮੀਟਿੰਗ ਦੌਰਾਨ ‘ਭਾਰਤ ਮਾਤਾ ਕੀ ਜੈ’ ਦਾ ਮੁੱਦਾ ਵੀ ਵਿਚਾਰਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ਇਹ ਤਾਂ ਅਜਿਹਾ ਮੁੱਦਾ ਹੈ, ਜਿਸ ‘ਤੇ ਬਹਿਸ ਦੀ ਹੋਣੀ ਹੀ ਨਹੀਂ ਚਾਹੀਦੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਨਾਅਰੇ ਤੋਂ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਕਿਹਾ, ”ਅਸੀਂ ਅਜਿਹਾ ਕੋਲਕਾਤਾ ਵਿੱਚ ਦੇਖਿਆ ਹੈ।” ਉਨ੍ਹਾਂ ਦਾ ਇਸ਼ਾਰਾ ਬੀਤੇ ਦਿਨ ਉਥੇ ਕ੍ਰਿਕਟ ਮੈਚ ਵਿੱਚ ਭਾਰਤ ਵੱਲੋਂ ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਲਾਏ ਗਏ ਅਜਿਹੇ ਨਾਅਰਿਆਂ ਵੱਲ ਸੀ।
ਜੇਤਲੀ, ਜਿਨ੍ਹਾਂ ਨੂੰ ਪਾਰਟੀ ਦਾ ਮੁੱਖ ਰਣਨੀਤੀਘਾੜਾ ਮੰਨਿਆ ਜਾਂਦਾ ਹੈ, ਨੇ ਕਾਂਗਰਸ ਨੂੰ ਇਸ ਦੀ ਘਟੀ ਸਿਆਸੀ ਤਾਕਤ ਦੇ ਮੁੱਦੇ ਉਤੇ ਵੀ ਨਿਸ਼ਾਨਾ ਬਣਾਉਂਦਿਆਂ ਕਿ ਇਹ ਪਾਰਟੀ ਸਿਆਸੀ ਗੱਠਜੋੜਾਂ ਵਿੱਚ ‘ਪਿਛਲਾ ਭਾਈਵਾਲ’ ਬਣ ਕੇ ਰਹਿ ਗਈ ਹੈ। ਭਾਵੇਂ ਉੱਤਰਾਖੰਡ, ਜਿਥੇ ਕਾਂਗਰਸ ਨੂੰ ਆਪਣੇ ਵਿਧਾਇਕਾਂ ਦੀ ਬਗ਼ਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜੰਮੂ-ਕਸ਼ਮੀਰ ਵਿੱਚ ਸਰਕਾਰ ਬਣਾਉਣ ਦੇ ਮੁੱਦਿਆਂ ਉਤੇ ਮੀਟਿੰਗ ਦੌਰਾਨ ਚਰਚਾ ਨਹੀਂ ਹੋਈ, ਪਰ ਜੇਤਲੀ ਨੇ ਕਿਹਾ ਕਿ ਪਾਰਟੀ ਦੇ ਮਤੇ ਵਿੱਚ ਜੰਮੂ-ਕਸ਼ਮੀਰ ਵਿਚ ‘ਗੱਠਜੋੜ ਦੇ ਏਜੰਡੇ’ ਪ੍ਰਤੀ ਪਾਰਟੀ ਦੀ ਵਚਨਬੱਧਤਾ ਦੁਹਰਾਈ ਗਈ ਹੈ। ਸੂਬੇ ਵਿੱਚ ਸਰਕਾਰ ਬਣਾਉਣ ਦੇ ਮੁੱਦੇ ਉਤੇ ਭਾਵੇਂ ਭਾਜਪਾ ਤੇ ਪੀਡੀਪੀ ਦਾ ਅੜਿੱਕਾ ਦੂਰ ਨਹੀਂ ਹੋ ਸਕਿਆ, ਪਰ ਪਾਰਟੀ ਦਾ ਦਾਅਵਾ ਹੈ ਕਿ ਇਸ ਨੇ ਪੀਡੀਪੀ ਲਈ ਹਾਲੇ ਦਰਵਾਜ਼ੇ ਬੰਦ ਨਹੀਂ ਕੀਤੇ, ਹਾਲਾਂਕਿ ਉਸ ਦੀ ਭਾਈਵਾਲ ਪਾਰਟੀ ਵੱਲੋਂ ਲਗਾਤਾਰ ਨਵੀਆਂ ਸ਼ਰਤਾਂ ਰੱਖੀਆਂ ਜਾ ਰਹੀਆਂ ਹਨ। ਇਸ ਮੌਕੇ ਜੇਤਲੀ ਨੇ ਦਾਅਵਾ ਕੀਤਾ, ”ਕੋਈ ਸਮਾਂ ਸੀ ਜਦੋਂ ਦੇਸ਼ ਦੀ ਹਕੂਮਤ ਬਿਨਾਂ ਕਿਸੇ ਦਿਸ਼ਾ ਤੋਂ ਚਲਾਈ ਜਾ ਰਹੀ ਸੀ। ਦੇਸ਼ ਵਿੱਚ ਬੇਯਕੀਨੀ ਤੇ ਮੰਤਵਹੀਣਤਾ ਸੀ। ਹੁਣ ਸਾਡੀ ਸਰਕਾਰ ਦ੍ਰਿੜ੍ਹ-ਸੰਕਲਪ ਲੀਡਰਸ਼ਿਪ ਵਾਲੀ ਹੈ, ਜਿਸ ਦੀਆਂ ਨੀਤੀਆਂ ਰਾਸ਼ਟਰਵਾਦੀ ਤੇ ਸਰਕਾਰ ਚਲਾਉਣ ਦਾ ਤਰੀਕਾ ਪ੍ਰਗਤੀਸ਼ੀਲ ਹੈ।”

RELATED ARTICLES
POPULAR POSTS