Breaking News
Home / ਭਾਰਤ / ਨਿੱਜੀ ਹੱਥਾਂ ‘ਚ ਜਾਵੇਗਾ ਅੰਮ੍ਰਿਤਸਰ ਹਵਾਈ ਅੱਡਾ

ਨਿੱਜੀ ਹੱਥਾਂ ‘ਚ ਜਾਵੇਗਾ ਅੰਮ੍ਰਿਤਸਰ ਹਵਾਈ ਅੱਡਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਹਵਾਈ ਅੱਡਿਆਂ ਦੇ ਨਿੱਜੀਕਰਨ ਲਈ ਸਰਕਾਰ ਵਲੋਂ ਅਗਲੇ ਗੇੜ ‘ਚ ਪ੍ਰਾਈਵੇਟ ਕੰਪਨੀਆਂ ਦੇ ਸਪੁਰਦ ਕਰਨ ਲਈ ਚੁਣੇ ਗਏ ਹਵਾਈ ਅੱਡਿਆਂ ‘ਚ ਅੰਮ੍ਰਿਤਸਰ ਹਵਾਈ ਅੱਡਾ ਵੀ ਸ਼ਾਮਿਲ ਹੈ। ਇਹ ਜਾਣਕਾਰੀ ਸਿਵਲ ਹਵਾਬਾਜ਼ੀ ਬਾਰੇ ਰਾਜ ਮੰਤਰੀ ਵੀ. ਕੇ.ਸਿੰਘ ਨੇ ਰਾਜ ਸਭਾ ‘ਚ ਪੁੱਛੇ ਗਏ ਇਕ ਸਵਾਲ ਦੇ ਲਿਖਤੀ ਜਵਾਬ ‘ਚ ਦਿੱਤੀ। ਵੀ.ਕੇ. ਸਿੰਘ ਵਲੋਂ ਦਿੱਤੇ ਜਵਾਬ ਮੁਤਾਬਿਕ ਭਾਰਤੀ ਏਅਰਪੋਰਟ ਅਥਾਰਿਟੀ ਦੇ ਸਾਲ 2022 ਤੋਂ 2023 ਦੌਰਾਨ ਠੇਕੇ ‘ਤੇ ਦਿੱਤੇ ਜਾਣ ਲਈ 25 ਹਵਾਈ ਅੱਡੇ ਚੁਣੇ ਗਏ ਹਨ। ਇਸ ਸੂਚੀ ‘ਚ ਅੰਮ੍ਰਿਤਸਰ ਤੋਂ ਇਲਾਵਾ ਭੁਵਨੇਸ਼ਵਰ, ਵਾਰਾਨਸੀ, ਟਰਾਈਸੀ, ਰਾਏਪੁਰ, ਇੰਦੌਰ, ਕੇਲੀਕਟ, ਕੋਇੰਬਟੂਰ, ਨਾਗਪੁਰ, ਪਟਨਾ, ਮਦੁਰਈ, ਸੂਰਤ, ਰਾਂਚੀ, ਜੋਧਪੁਰ, ਚੇਨਈ, ਵਿਜੇਵਾੜਾ, ਵਡੋਦਰਾ, ਭੁਪਾਲ, ਤ੍ਰਿਪਤੀ, ਹੁਬਲੀ, ਇੰਫਾਲ, ਅਗਰਤਲਾ, ਉਦੇਪੁਰ, ਦੇਹਰਾਦੂਨ ਅਤੇ ਰਾਜਾਹਮੁੰਡਰੀ ਸ਼ਾਮਿਲ ਹਨ। ਇਨ੍ਹਾਂ ਹਵਾਈ ਅੱਡਿਆਂ ਦੇ ਪ੍ਰਬੰਧਨ ਅਤੇ ਸੰਚਾਲਨ ਦਾ ਜ਼ਿੰਮਾ ਨਿੱਜੀ ਕੰਪਨੀਆਂ ਨੂੰ ਦਿੱਤਾ ਜਾਏਗਾ। ਅਥਾਰਿਟੀ ਵਲੋਂ ਹਾਲੇ ਤੱਕ 8 ਹਵਾਈ ਅੱਡਿਆਂ ਨੂੰ ਪਬਲਿਕ, ਪ੍ਰਾਈਵੇਟ ਭਾਈਵਾਲੀ ਤਹਿਤ ਪ੍ਰਬੰਧਨ ਅਤੇ ਸੰਚਾਲਨ ਲਈ ਨਿੱਜੀ ਕੰਪਨੀਆਂ ਨੂੰ ਦਿੱਤਾ ਗਿਆ ਹੈ। ਇਸ ‘ਚ ਦਿੱਲੀ ਅਤੇ ਮੁੰਬਈ ਹਵਾਈ ਅੱਡਾ ਸ਼ਾਮਿਲ ਹੈ। ਸਰਕਾਰ ਦੀ ਨੀਤੀ ਨੂੰ ਉੱਚਿਤ ਠਹਿਰਾਉਂਦਿਆਂ ਮੰਤਰੀ ਨੇ ਕਿਹਾ ਕਿ ਠੇਕੇ ‘ਤੇ ਦਿੱਤੇ ਹਵਾਈ ਅੱਡੇ ਤੋਂ ਆਈ ਆਮਦਨ ਅਥਾਰਿਟੀ ਦੇਸ਼ ਭਰ ‘ਚ ਹਵਾਈ ਅੱਡਿਆਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ‘ਚ ਲਗਾਏਗੀ।
ਉਡਾਣਾਂ ਦੇ ਵਿਸਥਾਰ ਸਮੇਂ ਪੰਜਾਬ ਨੂੰ ਮਿਲੇਗੀ ਤਰਜੀਹ : ਸਿੰਧੀਆ
ਹਵਾਬਾਜ਼ੀ ਖੇਤਰ ‘ਚ ਜਦੋਂ ਵੀ ਉਡਾਣਾਂ ਦਾ ਵਿਸਥਾਰ ਕੀਤਾ ਜਾਏਗਾ, ਪੰਜਾਬ ਨੂੰ ਤਰਜੀਹ ‘ਤੇ ਰੱਖਿਆ ਜਾਏਗਾ। ਇਹ ਬਿਆਨ ਹਵਾਬਾਜ਼ੀ ਬਾਰੇ ਮੰਤਰੀ ਜਯੋਤੀਰਾਦਿੱਤਿਆ ਸਿੰਧਿਆ ਨੇ ਰਾਜ ਸਭਾ ‘ਚ ਦਿੱਤਾ। ਸਿੰਧੀਆ ਨੇ ਪੰਜਾਬ ‘ਚ ਸੰਭਾਵਨਾਵਾਂ ਨੂੰ ਲੈ ਕੇ ਦਿੱਤੇ ਬਿਆਨ ‘ਚ ਕਿਹਾ ਕਿ ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਕੁਲ ਮਿਲਾ ਕੇ 42 ਅੰਤਰਰਾਸ਼ਟਰੀ ਹਵਾਈ ਕੁਨੈਕਟਿਵਿਟੀ ਹੈ, ਜਿਸ ‘ਚ ਅੰਮ੍ਰਿਤਸਰ ਤੋਂ 33 ਅਤੇ ਚੰਡੀਗੜ੍ਹ ਤੋਂ 9 ਉਡਾਣਾਂ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਤਕਰੀਬਨ 7 ਦੇਸ਼ਾਂ ਬਰਤਾਨੀਆ, ਕਤਰ, ਦੁਬਈ, ਮਲੇਸ਼ੀਆ, ਸ਼ਾਰਜਾਹ, ਸਿੰਗਾਪੁਰ ਅਤੇ ਇਟਲੀ ਲਈ ਅੰਤਰਰਾਸ਼ਟਰੀ ਕੁਨੈਕਟਿਵਿਟੀ ਹੈ। ਅੰਮ੍ਰਿਤਸਰ ਤੋਂ ਹਰ ਹਫ਼ਤੇ 17 ਹਵਾਈ ਉਡਾਣਾਂ ਚਲਦੀਆਂ ਹਨ, ਜਿਸ ‘ਚ ਸਿੰਗਾਪੁਰ, ਦੋਹਾ, ਕੁਆਲਾਲੰਪੁਰ ਆਦਿ ਹੋਰ ਉਡਾਣਾਂ ਸ਼ਾਮਿਲ ਹਨ। ਸਿੰਧੀਆ ਨੇ ਕੈਨੇਡਾ ਨਾਲ ਭਾਰਤੀ ਉਡਾਣਾਂ ਦੀ ਨੀਤੀ ਨੂੰ ਲੈ ਕੇ ਟਿੱਪਣੀ ਕਰਦਿਆਂ ਕਿਹਾ ਕਿ ਸਿਵਲ ਹਵਾਬਾਜ਼ੀ ਬਾਰੇ ਰਾਸ਼ਟਰੀ ਨੀਤੀ 2016 ਤਹਿਤ ਉਨ੍ਹਾਂ ਦੇਸ਼ਾਂ ਨੂੰ ਓਪਨ ਸਟੇਅ ਏਅਰ ਸਰਵਿਸ ਸਮਝੌਤੇ ਤਹਿਤ ਸ਼ਾਮਿਲ ਕੀਤਾ ਜਾਂਦਾ ਹੈ, ਜੋ ਅਜਿਹੀ ਸੁਵਿਧਾ ਭਾਰਤ ਨੂੰ ਦਿੰਦੇ ਹਨ। ਨੀਤੀ ਤਹਿਤ ਨਵੀਂ ਦਿੱਲੀ ਦੇ 5 ਹਜ਼ਾਰ ਕਿਲੋਮੀਟਰ ਦੇ ਦਾਇਰੇ ਤੋਂ ਪਰ੍ਹਾਂ ਦੇਸ਼ਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਇਸੇ ਨੀਤੀ ਤਹਿਤ ਕੈਨੇਡਾ ਦੀ ਕੈਨੇਡੀਅਨ ਏਅਰਲਾਈਨਜ਼ ਨੂੰ ਭਾਰਤ ਦੇ 6 ਹਵਾਈ ਅੱਡਿਆਂ ਦਿੱਲੀ, ਮੁੰਬਈ, ਚੇਨਈ, ਹੈਦਰਾਬਾਦ, ਬੈਂਗਲੂਰ ਅਤੇ ਕੋਲਕਾਤਾ ਲਈ ਅਸੀਮਿਤ ਡਾਇਰੈਕਟ ਕੁਨੈਕਟਿਵਿਟੀ ਮੁਹੱਈਆ ਕੀਤੀ ਗਈ ਹੈ।
ਪੰਜਾਬ ਤੋਂ ਸਾਰੇ ਵੱਡੇ ਮੁਲਕਾਂ ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਹੋਣ ਸ਼ੁਰੂ : ਰਾਘਵ ਚੱਢਾ
‘ਆਪ’ ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਪੰਜਾਬ ਦੀ ਲੰਮੇ ਸਮੇਂ ਤੋਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਦੀ ਮੰਗ ਨੂੰ ਸਦਨ ਅੱਗੇ ਰੱਖਿਆ। ਸੰਸਦ ਮੈਂਬਰ ਰਾਘਵ ਚੱਢਾ ਨੇ ਪੰਜਾਬ ਤੋਂ ਅੰਤਰਰਾਸ਼ਟਰੀ ਉਡਾਣਾਂ ਵਧਾਉਣ ਦੀ ਮੰਗ ਕਰਦਿਆਂ ਰਾਜ ਸਭਾ ‘ਚ ਕਿਹਾ ਕਿ ਇਹ ਪੰਜਾਬ ਤੇ ਪੰਜਾਬੀਆਂ ਨਾਲ ਜੁੜੀ ਬਹੁਤ ਹੀ ਮਹੱਤਵਪੂਰਨ ਸਮੱਸਿਆ ਹੈ ਤੇ ਸੂਬੇ ਦੇ ਵਿਕਾਸ ਦੇ ਮੱਦੇਨਜ਼ਰ ਇਸ ‘ਤੇ ਤੁਰੰਤ ਧਿਆਨ ਦੇਣ ਅਤੇ ਹੱਲ ਕਰਨ ਦੀ ਲੋੜ ਹੈ।
‘ਆਪ’ ਆਗੂ ਨੇ ਕਿਹਾ ਕਿ ਪੰਜਾਬ ‘ਚ ਦੋ ਅੰਤਰਰਾਸ਼ਟਰੀ ਹਵਾਈ ਅੱਡੇ ਹਨ, ਅੰਮ੍ਰਿਤਸਰ ਅਤੇ ਮੁਹਾਲੀ, ਪਰ, ਇਹ ਦੋਵੇਂ ਸਿਰਫ ਨਾਂਅ ਦੇ ਹੀ ਅੰਤਰਰਾਸ਼ਟਰੀ ਹਨ, ਕਿਉਂਕਿ, ਇਥੇ ਕਿਸੇ ਵੀ ਵੱਡੀ ਅੰਤਰਰਾਸ਼ਟਰੀ ਏਅਰਲਾਈਨ ਦੇ ਜਹਾਜ਼ ਨਹੀਂ ਆਉਂਦੇ ਅਤੇ ਅੰਤਰਰਾਸ਼ਟਰੀ ਉਡਾਣਾਂ ਦੀ ਗਿਣਤੀ ਵੀ ਨਾਂਹ ਦੇ ਬਰਾਬਰ ਹੈ।
ਉਨ੍ਹਾਂ ਕਿਹਾ ਕਿ ਜਿਹੜੀਆਂ ਕੁਝ ਅੰਤਰਰਾਸ਼ਟਰੀ ਉਡਾਣਾਂ ਇਥੋਂ ਜਾਂਦੀਆਂ ਹਨ ਉਨ੍ਹਾਂ ਦੀ ਗਿਣਤੀ ਅਤੇ ਆਵਿਰਤੀ ਐਨੀ ਘੱਟ ਹੈ ਕਿ ਲੋਕਾਂ ਨੂੰ ਇਨ੍ਹਾਂ ਦੀ ਕੋਈ ਸੁਵਿਧਾ ਨਹੀਂ।

 

Check Also

ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ

ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …