Breaking News
Home / ਕੈਨੇਡਾ / ਜਹਾਜ਼ ਦਾ ਸਹੀ ਨਾਂ : ਕਾਮਾਗਾਟਾ ਮਾਰੂ ਕਿ ਗੁਰੂ ਨਾਨਕ ਜਹਾਜ਼?

ਜਹਾਜ਼ ਦਾ ਸਹੀ ਨਾਂ : ਕਾਮਾਗਾਟਾ ਮਾਰੂ ਕਿ ਗੁਰੂ ਨਾਨਕ ਜਹਾਜ਼?

ਬਾਬਾ ਗੁਰਦਿੱਤ ਸਿੰਘ ਨੇ ਪੰਜਾਬੀ ਮੁਸਾਫਿਰਾਂ ਨੂੰ ਕੈਨੇਡਾ ਲੈ ਜਾਣ ਵਾਸਤੇ 24 ਮਾਰਚ 1914 ਨੂੰ ਇਕ ਸਮੁੰਦਰੀ ਜਹਾਜ਼ ਕਰਾਏ ਉੱਤੇ ਲੈਣ ਲਈ ਇਕ ਜਾਪਾਨੀ ਕੰਪਨੀ ਨਾਲ ਉਸ ਦੀ ਮਾਲਕੀ ਹੇਠਲਾ ਜਹਾਜ਼ ਕੋਮਾਗਾਟਾ ਮਾਰੂ ਕਿਰਾਏ ਉੱਤੇ ਲੈਣ ਦਾ ਇਕਰਾਰਨਾਮਾ ਕੀਤਾ। ਕਾਨੂੰਨੀ ਲੋੜ ਦੀ ਪੂਰਤੀ ਹਿਤ ਇਕਰਾਰਨਾਮੇ ਵਿਚ ਜਹਾਜ਼ ਦਾ ਜਾਪਾਨੀ ਨਾਉਂ ਹੀ ਦਰਜ ਕੀਤਾ ਗਿਆ ਜਿਸ ਕਾਰਨ ਸਰਕਾਰੀ ਲਿਖਤ ਪੜ੍ਹਤ ਵਿਚ ਵੀ ਇਹੋ ਨਾਉਂ ਲਿਖਿਆ ਮਿਲਦਾ ਹੈ। ਨਤੀਜੇ ਦੇ ਤੌਰ ਉੱਤੇ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿਚ ਇਸ ਜਹਾਜ਼ ਰਾਹੀਂ ਕੈਨੇਡਾ ਦੀ ਅਸਫਲ ਯਾਤਰਾ ਬਾਰੇ ਹੋਏ ਖੋਜ ਕਾਰਜਾਂ ਵਿਚ ਵੀ ਜਹਾਜ਼ ਦੇ ਜਾਪਾਨੀ ਨਾਉਂ ”ਕੋਮਾਗਾਟਾ ਮਾਰੂ” ਨਾਲ ਹੀ ਜ਼ਿਕਰ ਕੀਤਾ ਜਾਂਦਾ ਰਿਹਾ ਹੈ। ਪਰ ਬਾਬਾ ਗੁਰਦਿੱਤ ਸਿੰਘ ਦਾ ਮਨ ਹੋਰ ਸੀ। ਉਹ ਕੈਨੇਡਾ ਸਰਕਾਰ ਵੱਲੋਂ ਹਿੰਦੁਸਤਾਨੀਆਂ ਨੂੰ ਕੈਨੇਡਾ ਆਉਣ ਤੋਂ ਰੋਕਣ ਦੀ ਨੀਤੀ ਅਧੀਨ ”ਕੈਨੇਡਾ ਪ੍ਰਵਾਸ ਵਾਸਤੇ ਆਉਣ ਵਾਲੇ ਹਰ ਵਿਅਕਤੀ ਲਈ ਆਪਣੇ ਮੁਲਕ ਤੋਂ ਕੈਨੇਡਾ ਤੱਕ ਸਿੱਧਾ ਸਫਰ ਕਰਨ ਦੀ ਸ਼ਰਤ”, ਜਿਸ ਦੀ ਪੂਰਤੀ ਹਿੰਦੁਸਤਾਨ ਅਤੇ ਕੈਨੇਡਾ ਦਰਮਿਆਨ ਕਿਸੇ ਵੀ ਕੰਪਨੀ ਦਾ ਸਮੁੰਦਰੀ ਜਹਾਜ਼ ਨਾ ਚੱਲਦਾ ਹੋਣ ਕਾਰਨ ਅਸੰਭਵ ਸੀ, ਨੂੰ ਬੇਅਸਰ ਕਰਨ ਵਾਸਤੇ ਇਕ ਯੋਜਨਾ ਉੱਤੇ ਕੰਮ ਕਰ ਰਹੇ ਸਨ। ਬਾਬਾ ਜੀ ਦੀ ਵਿਉਂਤ ਸੀ ”ਸ੍ਰੀ ਗੁਰੂ ਨਾਨਕ ਸਟੀਮਰ/ਸਟੀਮਸ਼ੈੱਪ ਕੰਪਨੀ” ਨਾਉਂ ਦੀ ਕੰਪਨੀ ਬਣਾਈ ਜਾਵੇ ਜੋ ਕਲਕੱਤੇ (ਹਿੰਦੁਸਤਾਨ) ਅਤੇ ਵੈਨਕੂਵਰ (ਕੈਨੇਡਾ) ਦਰਮਿਆਨ ਬਾਕਾਇਦਾ ਸਮੁੰਦਰੀ ਜਹਾਜ਼ ਚਲਾਵੇ। ਜਹਾਜ਼ ਕਿਰਾਏ ਉੱਤੇ ਲਏ ਜਾਣ ਤੋਂ ਪਹਿਲਾਂ ਇਸ ਯੋਜਨਾ ਬਾਰੇ ਜਾਰੀ ਜਨਤਕ ਸੂਚਨਾ ਵਿਚ ਜਹਾਜ਼ ਦਾ ਨਾਂ ”ਸ੍ਰੀ ਗੁਰੂ ਨਾਨਕ ਜਹਾਜ਼” ਦੱਸਿਆ ਗਿਆ ਅਤੇ ਫਿਰ ਜਹਾਜ਼ ਨੂੰ ਇਹੋ ਨਾਂ ਦਿੱਤਾ। ਬਾਬਾ ਜੀ ਨੇ ਇਸ ਜਹਾਜ਼ ਦੀ ਯਾਤਰਾ ਦਾ ਹਾਲ ਬਿਆਨ ਕਰਨ ਲਈ ਲਿਖੀ ਪੁਸਤਕ ਦੇ ਪਹਿਲੇ ਭਾਗ ਦਾ ਨਾਉਂ ”ਗੁਰੂ ਨਾਨਕ ਜਹਾਜ਼” ਅਤੇ ਦੂਜੇ ਭਾਗ ਦਾ ਨਾਂ ”ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੀ ਦੁੱਖ ਭਰੀ ਕਹਾਣੀ” ਹੀ ਨਹੀਂ ਰੱਖਿਆ ਸਗੋਂ ਇਸ ਪੁਸਤਕ ਵਿਚ ਘੱਟੋ ਘੱਟ ਡੇਢ ਦਰਜਨ ਵਾਰ ਜਹਾਜ਼ ਨੂੰ ”ਸ੍ਰੀ ਗੁਰੂ ਨਾਨਕ ਜਹਾਜ਼” ਲਿਖਿਆ ਹੈ। ਬਜਬਜ ਘਾਟ ਦੇ ਸਾਕੇ ਪਿੱਛੋਂ ਗੁਪਤਵਾਸ ਦੌਰਾਨ ਬਾਬਾ ਜੀ ਨੇ ਇਸ ਯਾਤਰਾ ਦਾ ਹਾਲ ਲਿਖਣ ਦੀ ਅਰੰਭਤਾ ਇਹਨਾਂ ਸ਼ਬਦਾਂ ਨਾਲ ਕੀਤੀ, ”ਅਜ ਐਤਵਾਰ 1 ਮਈ 1921 ਮੁਤਾਬਕ 19 ਵਿਸਾਖ ਸੰਮਤ 1978 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰ ਅਰਦਾਸਾ ਸੋਧ ਕੇ ਕੜਾਹ ਪਰਸ਼ਾਦ ਦੀ ਦੇਗ ਹਾਜਰ ਕਰਕੇ …..ਨਗਰ ਚੂਹੜਪੁਰ ਕਲਾਂ, ਜ਼ਿਲ੍ਹਾ ਸਹਾਰਨਪੁਰ ਵਿਖੇ ”ਸ੍ਰੀ ਗੁਰੂ ਨਾਨਕ ਜਹਾਜ਼” (ਕਾਮਾਗਾਟਾ ਮਾਰੂ) ਦੀ ਦਰਦ ਭਰੀ ਵਾਰਤਾ ਪ੍ਰਾਰੰਭ ਕੀਤੀ।” ਪੁਸਤਕ ਵਿਚ ਲਗਭਗ ਡੇਢ ਦਰਜਨ ਵਾਰ ਜਹਾਜ਼ ਦਾ ਨਾਂ ਲਿਖਦਿਆਂ ਇਸ ਨੂੰ ”ਗੁਰੂ ਨਾਨਕ ਜਹਾਜ਼” ਦੱਸਿਆ ਹੈ। ਉਦਾਹਰਨ ਵਜੋਂ :
-ਮੈਂ ਅੱਗੇ ਚੱਲ ਕੇ ਦੱਸਾਂਗਾ ਕਿ ਇਸ ਦੁਸ਼ਟ ਭਾਨ ਸਿੰਘ ਨੇ ਕਿਸ ਪਰਕਾਰ ”ਗੁਰੂ ਨਾਨਕ ਜਹਾਜ਼” ਦੇ ਵਾਪਸ ਹੋਏ ਦੁਖੀ ਵੀਰਾਂ ਦੇ ਨਾਲ ਪੁੱਜ ਕੇ ਧਰੋਹ ਕਮਾਇਆ।
-ਮੈਂ ਅੱਗੇ ਚੱਲ ਕੇ ਦੱਸਾਂਗਾ ਕਿ ਕਿਸ ਪਰਕਾਰ ਹੋਰਨਾਂ ਟਾਪੂਆਂ ਵਿਚੋਂ ”ਸ੍ਰੀ ਗੁਰੂ ਨਾਨਕ ਜਹਾਜ਼” ਦੇ ਵੈਨਕੋਵਰ ਜਾਣ ਦਾ ਹਾਲ ਸੁਣ ਕੇ ਝਟ ਪਟ ਮੇਰੇ ਪਾਸ ਪੁੱਜੇ।
-ਸਾਡੀ ਤਰੱਕੀ ਦਾ ਪਯਾਰਾ ਸ੍ਰੀ ਗੁਰੂ ਨਾਨਕ ਜਹਾਜ਼ ਤੇ ਉਸ ਦੇ ਨਾਮ ਦੀ ਬਣਨ ਵਾਲੀ ਕੰਪਨੀ ਮਿੱਟੀ ਵਿਚ ਮਲਾ ਦਿੱਤੀ।
”ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਹਾਜ਼ ਉਪਰ ਸੰਗਤਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਵਾਰਾ” ਸਿਰਲੇਖ ਹੇਠ ਜਹਾਜ਼ ਦੀ ਰਵਾਨਗੀ ਸਮੇਂ ਦਾ ਦ੍ਰਿਸ਼ ਇਉਂ ਬਿਆਨ ਕੀਤਾ ਗਿਆ ਹੈ:
”ਬਸ ਅੱਜ ਗੁਰਦੁਆਰੇ ਵਿਚ ਕੁੱਝ ਹੀ ਹਿੰਦੀ ਭਰਾਵਾਂ ਦੀ ਖਾਸ ਗਹਿਮਾ ਗਹਿਮੀ ਸੀ ਅਤੇ ਸ੍ਰੀ ਗੁਰੂ ਨਾਨਕ ਜਹਾਜ਼ ਬਣਿਆ ਵੇਖ ਵੇਖ ਕੇ ਅਤੇ ਉਸ ਉੱਤੇ ਅਕਾਲੀ ਝੰਡਾ ਝੂਲਦਾ ਦੇਖ ਕੇ ਉਹ ਕੇਹੜੇ ਹਿਰਦੇ ਹੋਣਗੇ ਜੋ ਪਰਫੁਲਤ ਨਾ ਹੋਏ ਹੋਵਣ। ਗੁਰਦੁਆਰੇ ਇਕ ਜਥਾ ਆਉਂਦਾ ਅਤੇ ਦੂਜਾ ਜਾਂਦਾ ਸੀ ਸਭ ਹੀ ਵਧਾਈਆਂ ਦੇ ਸ਼ਬਦ ਵਾਜਿਆਂ ਗਾਜਿਆਂ ਢੋਲਕਾਂ ਸਹਿਤ ਗੂੰਜਾਂ ਪਾ ਰਹੇ ਸਨ ਜਿਸ ਤੋਂ ਇਹ ਪ੍ਰਤੀਤ ਹੁੰਦਾ ਸੀ ਜਾਣੀਦਾ ਅਜ ਹੀ ਹਿੰਦੀ ਭਾਈਆਂ ਨੂੰ ਸਵਰਾਜ ਪਰਾਪਤ ਹੋ ਗਿਆ। ਹੁਣ ਪਬਲਿਕ ਨੂੰ ਸੁਣਾਇਆ ਗਿਆ ਕਿ ਤਿੰਨ ਅਪਰੈਲ ਨੂੰ ਜਹਾਜ਼ ਤੁਰ ਪਏਗਾ।
ਮੁਸਾਫਰਾਂ ਨੇ ਆਪੋ ਆਪਣਾ ਅਸਬਾਬ ਬੇਸ਼ੱਕ ਚੜ੍ਹਾਉਣਾ ਆਰੰਭ ਕਰ ਦਿੱਤਾ। ਸਭ ਤੋਂ ਮੂਹਰੇ ਪਰਗਟ ਗੁਰਾਂ ਦੀ ਦੇਹ ਸ੍ਰੀ ਗੁਰੂ ਗਰੰਥ ਸਾਹਿਬ ਜੀ, ਸ੍ਰੀ ਮਾਨ ਭੂਸ਼ਣ ਹਿੰਦ ਦੇ ਤਿਖੀ ਰਾਜਾ ਸੰਤ ਨਾਭ ਕਮਲ ਸਿੰਘ ਜੀ ਜੋ ਕਿ ਇਸ ਵੇਲੇ ਜਹਾਜ਼ ਵਿਚ ਸਦਾ ਲਈ ਗ੍ਰੰਥੀ ਸਿੰਘ ਦੀ ਪਦਵੀ ਪਰਾਪਤ ਕਰ ਚੁੱਕੇ ਸਨ, ਉਨਾਂ ਦੇ ਪਵਿੱਤਰ ਸੀਸ ਉਪਰ ਬਰਾਜਮਾਨ ਹੋਏ ਅਤੇ ਸਿੰਘਾਂ ਦੇ ਜਹਾਜ਼ੀ ਜਥੇ ਆਪੋ ਆਪਣੀਆਂ ਮੰਡਲੀਆਂ ਵਿਚ ਕੀਰਤਨ ਵਿਚ ਨਾਲੋ ਨਾਲ ਉਨ੍ਹਾਂ ਦੇ ਪਿਛੇ (ਵਾਚਮੈਨ ਸਿੰਘ) ਜੋ ਚੀਨ ਵਿਚ ਦਰਬਾਨਗੀ ਤੇ ਪਹਿਰੇਦਾਰੀ ਦੀ ਨੌਕਰੀਆਂ ਵਿਚ ਉਮਰਾਂ ਬਤੀਤ ਕਰਦੇ ਹਨ। ਓਦੂੰ ਪਿਛੇ ਖਾਲਸਾ ਪੁਲਸ ਹਾਂਗਕਾਂਗ ਦੇ ਜਥੇ ਸਣੇ ਹਿੰਦੀ ਫੌਜੀ ਰਜਮੰਟਾਂ ਦੇ ਰੰਗ ਰੰਗੀਲੇ ਤੇ ਛੈਲ ਛਬੀਲੇ ਜਥੇ ਅਤੇ ਤ੍ਰੈ ਵਾਰੀ ਜਹਾਜ਼ ਖੁਦ (ਵਿਸਲ) ਭਾਫ ਵਾਲੀ ਸੀਟੀ ਦਿੰਦਾ ਅਤੇ ”ਸਤਿ ਸ੍ਰੀ ਅਕਾਲ” ਬੋਲਦਾ ਬਸ ਥੋੜੇ ਚਿਰ ਵਿਚ ਹੀ ਜਹਾਜ਼ ਕਿਨਾਰਾ ਛੱਡ ਗਿਆ।”
ਕਹਾਣੀ ਬਿਆਨ ਕਰਦਿਆਂ ਜੇ ਕਿਸੇ ਥਾਂ ਸਪਸ਼ਟੀਕਰਨ ਖਾਤਰ ਕੋਮਾਗਾਟਾ ਮਾਰੂ ਨਾਂ ਵਰਤਣਾ ਵੀ ਪਿਆ ਹੈ ਤਾਂ ਬਾਬਾ ਜੀ ਨੇ ”ਗੁਰੂ ਨਾਨਕ ਜਹਾਜ਼” ਲਿਖਣ ਤੋਂ ਪਿੱਛੋਂ ਲਿਖਿਆ ਹੈ।
ਇਸ ਪੁਸਤਕ ਦੀ ਜ਼ਬਤੀ ਸੰਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਵੀ ਇਹ ਹੀ ਨਾਉਂ ਦਰਜ ਹੈ।
ਨੋਟੀਫਿਕੇਸ਼ਨ ਵਿਚ ਪੁਸਤਕ ਦਾ ਪਹਿਲੇ ਭਾਗ ਦਾ ਨਾਉਂ ”ਗੁਰੂ ਨਾਨਕ ਜਹਾਜ਼” ਅਤੇ ਦੂਜੇ ਭਾਗ ਦਾ ਨਾਉਂ ”ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੀ ਦੁੱਖ ਭਰੀ ਕਹਾਣੀ” ਲਿਖਿਆ ਮਿਲਦਾ ਹੈ।
ਪੁਸਤਕ ਦੇ ਉਰਦੂ ਐਡੀਸ਼ਨ ਨੂੰ ਜ਼ਬਤ ਕਰਨ ਲਈ ਜਾਰੀ ਕੀਤੇ ਨੋਟੀਫਿਕੇਸ਼ਨ ਵਿਚ ਇਸ ਦਾ ਨਾਉਂ ”ਬਰਬਾਦ ਮੁਸਾਫਿਰ ਯਾਨੀ ਗੁਰੂ ਨਾਨਕ ਜਹਾਜ਼ ਕੇ ਮੁਸਾਫਿਰੋਂ ਕੀ ਦੁਖ ਭਰੀ ਕਹਾਣੀ” ਲਿਖਿਆ ਹੈ। ਕਹਿਣ ਦਾ ਭਾਵ ਇਹ ਹੈ ਕਿ ਹਰ ਪੱਖ ਤੋਂ ਵੇਖਦਿਆਂ ਜਹਾਜ਼ ਦਾ ਸਹੀ ਨਾਉਂ ”ਸ੍ਰੀ ਗੁਰੂ ਨਾਨਕ ਜਹਾਜ਼” ਹੀ ਬਣਦਾ ਹੈ ਇਸ ਲਈ ਭਵਿੱਖ ਵਿਚ ਇਸ ਜਹਾਜ਼ ਨੂੰ ਇਸ ਨਾਉਂ ਨਾਲ ਹੀ ਯਾਦ ਕੀਤਾ ਜਾਣਾ ਬਣਦਾ ਹੈ।
– ਡਾ. ਗੁਰਦੇਵ ਸਿੰਘ ਸਿੱਧੂ

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੀਲ ਪਲਾਂਟ ਦੇ ਵਰਕਰਾਂ ਨਾਲ ਕੀਤੀ ਗੱਲਬਾਤ

ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਨੂੰ ਟਰਾਂਜਿਟ ਕਰਮਚਾਰੀਆਂ ਅਤੇ ਸਥਾਨਕ ਮੇਅਰ ਮੈਥਿਊ ਸ਼ੂਮੇਕਰ ਨੂੰ ਮਿਲਣ …