ਪਵਿੱਤਰ ਕਾਲੀ ਵੇਈਂ ਵਿਚ ਗੰਦਗੀ ਸੁੱਟਣ ਤੋਂ ਨਰਾਜ਼ ਹੋਏ ਸੀਚੇਵਾਲ, ਕਿਹਾ – ਮੇਰੀ ਜ਼ਮੀਰ ਮੈਨੂੰ ਇਜ਼ਾਜਤ ਨਹੀਂ ਦਿੰਦੀ
ਸੁਲਤਾਨਪੁਰ ਲੋਧੀ : ਪਵਿੱਤਰ ਕਾਲੀ ਵੇਈਂ ਵਿਚ ਲਗਾਤਾਰ ਗੰਦਾ ਪਾਣੀ ਪੈ ਰਿਹਾ ਹੈ, ਜਿਸ ਤੋਂ ਨਰਾਜ਼ ਹੋ ਕੇ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਸਰਕਾਰ ਦਾ ਐਵਾਰਡ ਠੁਕਰਾ ਦਿੱਤਾ। ਸੰਤ ਸੀਚੇਵਾਲ ਐਤਵਾਰ ਸ਼ਾਮ ਨੂੰ ਪੰਜਾਬ ਸਰਕਾਰ ਦੇ ਵਾਰ-ਵਾਰ ਸੱਦਣ ਦੇ ਬਾਵਜੂਦ ਆਈ.ਕੇ.ਜੀ. ਪੀ.ਟੀ.ਯੂ. ਦੇ ਗੁਰੂ ਨਾਨਕ ਆਡੀਟੋਰੀਅਮ ਵਿਚ ਆਯੋਜਿਤ ਸਮਾਗਮ ਵਿਚ ਨਹੀਂ ਪਹੁੰਚੇ। ਪੰਜਾਬ ਸਰਕਾਰ ਵਲੋਂ 383 ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਸੂਚੀ ਵਿਚ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਨਾਮ ਵੀ ਸ਼ਾਮਲ ਸੀ। ਸੰਤ ਸੀਚੇਵਾਲ ਨੇ ਦੱਸਿਆ ਕਿ ਪਵਿੱਤਰ ਵੇਈਂ ਪ੍ਰਤੀ ਸਰਕਾਰ ਦੀ ਨਿਰੰਤਰ ਉਦਾਸੀਨਤਾ ਕਾਰਨ ਮੇਰੀ ਜ਼ਮੀਰ ਮੈਨੂੰ ਐਵਾਰਡ ਸਵੀਕਾਰ ਕਰਨ ਦੀ ਇਜਾਜ਼ਤ ਨਹੀਂ ਦਿੰਦੀ। ਉਹ ਉਮੀਦ ਕਰ ਰਹੇ ਸਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਕਾਸ਼ ਪੁਰਬ ਦੇ ਮੱਦੇਨਜ਼ਰ ਪਵਿੱਤਰ ਕਾਲੀ ਵੇਈਂ ਵਿਚ ਗੰਦਗੀ ਦਾ ਸੁੱਟਣਾ ਰੋਕ ਕੇ ਇਸ ਨੂੰ ਨਿਰਮਲ ਬਣਾਉਣ ਲਈ ਉਪਰਾਲੇ ਹੋਣਗੇ, ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਫਿਰ ਦੁਹਰਾਇਆ ਕਿ ਸੁਲਤਾਨਪੁਰ ਲੋਧੀ, ਭੁਲਾਣੇ ਦੀਆਂ ਕਾਲੋਨੀਆਂ ਅਤੇ ਕਪੂਰਥਲਾ ਦੇ ਸੀਵਰੇਜ਼ ਟਰੀਟਮੈਂਟ ਪਲਾਂਟ ਦੀ ਗੰਦਗੀ ਨਿਰੰਤਰ ਕਾਲੀ ਵੇਈਂ ਵਿਚ ਡਿੱਗ ਰਿਹੀ ਹੈ। ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਨੇੜੇ ਸੀਵਰੇਜ਼ ਬੰਦ ਹੋਣ ‘ਤੇ ਵੀ ਉਥੋਂ ਕਚਰਾ ਹਟਾਉਣ ਲਈ ਲੰਗਰ ਸਥਾਨਾਂ ਤੋਂ ਲੈ ਕੇ ਕਾਲੀ ਵੇਈਂ ਤੱਕ ਪਾਈਪ ਵਿਛਾਏ ਗਏ ਹਨ। ਇਨ੍ਹਾਂ ਸਾਰਿਆਂ ਨੂੰ ਬੰਦ ਕਰਨ ਲਈ ਸਰਕਾਰ ਨੂੰ ਕਈ ਵਾਰ ਕਿਹਾ ਗਿਆ, ਪਰ ਉਨ੍ਹਾਂ ਦੀ ਸੁਣੀ ਨਹੀਂ ਗਈ। ਇਸ ਕਾਰਨ ਉਨ੍ਹਾਂ ਨੇ ਪੰਜਾਬ ਸਰਕਾਰ ਦਾ ਐਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ।
ਸਿਰਫ਼ ਤਾਰ ਨੇ ਸਾਨੂੰ ਵੰਡਿਆ, ਨਹੀਂ ਤਾਂ ਅਸੀਂ ਇੱਕ ਹਾਂ
ਪਾਕਿਸਤਾਨ ਦੇ ਲੋਕ ਬੋਲੇ, ਹਰ ਅਲਫਾਜ਼ ‘ਚ ਆਪਣਾਪਣ, ਨਾ ਬੋਲੀ ‘ਚ ਫਰਕ, ਨਾ ਮਹਿਮਾਨਨਿਵਾਜ਼ੀ ‘ਚ
ਕਰਤਾਰਪੁਰ ਸਾਹਿਬ : ਪਾਕਿਸਤਾਨੀਆਂ ਨਾਲ ਮਿਲਣ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਮਹਿਸੂਸ ਹੁੰਦਾ ਹੈ ਕਿ ਉਹ ਵੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੋਸਤੀ ਦੇ ਪੱਖ ‘ਚ ਹਨ। ਉਨ੍ਹਾਂ ਦੇ ਹਰ ਅਲਫਾਜ਼ ‘ਚ ਆਪਣਾਪਣ ਮਹਿਸੂਸ ਹੁੰਦਾ ਹੈ। ਉਨ੍ਹਾਂ ਦੀ ਇੱਛਾ ਹੈ ਕਿ ਦੋਵੇਂ ਦੇਸ਼ਾਂ ‘ਚ ਅਮਨ ਦਾ ਵਾਤਾਵਰਣ ਬਣੇ ਅਤੇ ਦੋਵੇਂ ਸ਼ਾਂਤੀ, ਭਾਈਚਾਰਕ ਸਾਂਝ ਅਤੇ ਖੁਸ਼ਹਾਲ ਬਣ ਕੇ ਵਿਸ਼ਵ ਸ਼ਕਤੀ ਦੇ ਤੌਰ ‘ਤੇ ਉਭਰਨ। ਹਰ ਪਾਕਿਸਤਾਨੀ ਪਹਿਲਾ ਸਵਾਲ ਇਹੀ ਪੁੱਛਦਾ ਸੀ ਕਿ ਤੁਹਾਨੂੰ ਇਥੇ ਆ ਕੇ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ। ਪਾਕਿਸਤਾਨੀ ਪੰਜਾਬੀ ਅਤੇ ਹਿੰਦੀ ਖੁੱਲ੍ਹ ਕੇ ਬੋਲਦੇ ਹਨ।
ਡੇਰਾ ਬਾਬਾ ਨਾਨਕ ਵਿਖੇ ਬਣੇ ਕੋਰੀਡੋਰ ਤੋਂ ਜਿਸ ਤਰ੍ਹਾਂ ਹੀ ਭਾਰਤੀ ਸਰਹੱਦ ਦਾ ਗੇਟ ਪਾਰ ਕਰਕੇ ਪਾਕਿਸਤਾਨ ਦੀ ਜ਼ਮੀਨ ‘ਤੇ ਕਦਮ ਰੱਖਦੇ ਹਾਂ ਤਾਂ ਇਹ ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਕਿਸੇ ਦੂਜੇ ਦੇਸ਼ ਆ ਗਏ ਹਾਂ। ਕੁਝ ਪਾਕਿਸਤਾਨੀ ਰੇਂਜਰ ਪੰਜਾਬੀ ‘ਚ ‘ਜੀ ਆਇਆਂ ਨੂੰ’ ਕਹਿ ਕੇ ਸਵਾਗਤ ਕਰਦੇ ਹਨ ਅਤੇ ਕੁੱਝ ਅੰਗਰੇਜ਼ੀ ‘ਚ ਵੈਲਕਮ ਜੀ। ਇਮੀਗ੍ਰੇਸ਼ਨ ਚੈਕਪੋਸਟ ‘ਤੇ ਖੜ੍ਹਾ ਪਾਕਿਸਤਾਨ ਦਾ ਜਵਾਨ ਫਲਕ ਕਹਿੰਦਾ ਹੈ ਕਿ ‘ਭਾਅ ਜੀ ਦੱਸੋ ਕਿੱਦਾਂ ਦਾ ਲੱਗਿਆ ਪਾਕਿਸਤਾਨ’…ਇਮੀਗ੍ਰੇਸ਼ਨ ਚੈਕ ਕਾਊਂਟਰ ‘ਤੇ ਹਿਜਾਬ ਪਹਿਨੀ ਬੈਠੀ ਨੌਜਵਾਨ ਲੜਕੀ ਬੋਲਣ ਲੱਗੀ ਕਿ ਤੁਸੀਂ ਖੁਸ਼ ਹੋ, ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ..ਵਾਪਸ ਆਉਂਦੇ ਹੋਏ ਦੱਸ ਕੇ ਜਾਣਾ।
ਕਿਸੇ ਵੀ ਸ਼ਰਧਾਲੂ ਨੂੰ ਦਿੱਕਤ ਨਾ ਆਏ, ਇਸ ਲਈ ਚੈਕ ਕਾਊਂਟਰ ਦੇ ਆਸ-ਪਾਸ ਅਧਿਕਾਰੀ ਵੀ ਘੁੰਮ ਰਹੇ ਸਨ। ਵਾਰ-ਵਾਰ ਸ਼ਰਧਾਲੂਆਂ ਨਾਲ ਗੱਲਬਾਤ ਕਰ ਰਹੇ ਸਨ। ਗੁਰਦੁਆਰਾ ਸਾਹਿਬ ਦੇ ਚਾਰ ਕਿਲੋਮੀਟਰ ਦਾ ਰਸਤਾ ਪੰਜਾਬ ਦੇ ਰਸਤਿਆਂ ਵਰਗਾ ਹੀ ਮਹਿਸੂਸ ਹੋ ਰਿਹਾ ਸੀ। ਦੋਵੇਂ ਪਾਸੇ ਝੋਨੇ ਦੀ ਫਸਲ ਕਟ ਚੁੱਕੀ ਸੀ, ਪਰਾਲੀ ਖੇਤਾਂ ‘ਚ ਹੀ ਪਈ ਹੋਈ ਸੀ, ਕਈ ਖੇਤਾਂ ‘ਚ ਪਰਾਲੀ ਸਾਫ਼ ਹੋ ਚੁੱਕੀ ਸੀ। ਹਾਲਾਂਕਿ ਜ਼ਮੀਨ ਦੇਖ ਕੇ ਲੱਗ ਰਿਹਾ ਸੀ ਕਿ ਇਸ ਨੂੰ ਅੱਗ ਨਹੀਂ ਲਗਾਈ ਗਈ।
ਗੁਰਦੁਆਰਾ ਸਾਹਿਬ ਦੇ ਨੇੜੇ ਮਾਰਕੀਟ ‘ਚ ਦੁਕਾਨਦਾਰ ਦੋਵੇਂ ਦੇਸ਼ਾਂ ਦਰਮਿਆਨ ਪਿਆਰ ਅਤੇ ਦੋਸਤੀ ਦੀ ਗੱਲ ਵੀ ਕਰਦੇ ਰਹੇ। ਰਵੀ ਮਨੀ ਐਕਸਚੇਂਜ ਦੀ ਦੁਕਾਨ ‘ਤੇ ਬੈਠਾ ਨੌਜਵਾਨ ਕਹਿਣ ਲੱਗਿਆ ਕਿ ‘ਭਾਅ ਜੀ, ਇੰਡੀਆ ਦੇ ਇਕ ਰੁਪਏ ਅਸੀਂ 1.90 ਪਾਕਿਸਤਾਨੀ ਰੁਪਏ ਦੇਣੇ ਨੇ’ ਪੈਸੇ ਐਕਸਚੇਂਜ ਕਰਨ ‘ਚ ਨੌਜਵਾਨ ਨੇ 10 ਮਿੰਟ ਲਗਾ ਦਿੱਤੇ। ਇਸ ਦੌਰਾਨ ਉਸ ਨੇ ਕਿਹਾ ਕਿ ਜੇ ਅਸੀਂ ਦੋਵੇਂ ਇਕ ਹੋ ਜਾਈਏ ਤਾਂ ਪਾਸਾ ਹੀ ਪਲਟ ਜਾਵੇ, ਤੁਸੀਂ ਦੱਸੋ ਪਾਕਿਸਤਾਨ ਚੰਗਾ ਨਹੀਂ ਏ…ਅਸੀਂ ਤਾਂ ਭਰਾ-ਭਰਾ ਹਾਂ। ਇਹ ਤਾਂ ਸਭ ਕੰਡੇਦਾਰ ਤਾਰ ਨੇ ਰੋਕ ਰੱਖਿਆ ਹੈ, ਵਰਨਾ ਪਿਆਰ ਤਾਂ ਬਹੁਤ ਹੈ।
ਗੁਰਦੁਆਰਾ ਸਾਹਿਬ ਦੇ ਅੰਦਰ ਵੀ ਪਾਕਿਸਤਾਨ ਦੇ ਜਿੰਨੇ ਅਧਿਕਾਰੀ ਅਤੇ ਵਿਅਕਤੀ ਮਿਲੇ ਉਨ੍ਹਾਂ ਦੀ ਜ਼ੁਬਾਨ ‘ਚ ਮਿਠਾਸ ਅਤੇ ਆਪਣੇਪਣ ਦਾ ਅਹਿਸਾਸ ਹੁੰਦਾ ਰਿਹਾ। ਇਮੀਗ੍ਰੇਸ਼ਨ ਚੈਕ ਆਊਟ ਦੀ ਵਾਪਸੀ ‘ਤੇ ਉਥੇ ਬੈਠੀ ਲੜਕੀ ਨੇ ਤਪਾਕ ਨਾਲ ਫਿਰ ਪੁੱਛਿਆ ਕਿ ਕਿਸ ਤਰ੍ਹਾਂ ਲੱਗਿਆ ਪਾਕਿਸਤਾਨ ਤੁਹਾਨੂੰ….ਇਥੋਂ ਦੇ ਲੋਕ ਕਿਸ ਤਰ੍ਹਾਂ ਦੇ ਹਨ। ਕੋਈ ਕਮੀ ਪੇਸ਼ੀ ਤਾਂ ਨਹੀਂ ਰਹੀ। ਜੋ ਲੋਕ ਵੀ ਚੈਕ ਪੋਸਟ ਤੋਂ ਨਿਕਲ ਰਹੇ ਸਨ, ਪਾਕਿਸਤਾਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਤਾਰੀਫ਼ ਕਰ ਰਹੇ ਸਨ। ਚੈਕ ਪੋਸਟ ਦੇ ਬਾਹਰ ਖੜ੍ਹੇ ਭਾਰਤੀ ਜਥੇ ਦੇ ਲੋਕ ਆਪਸ ‘ਚ ਗੱਲਾਂ ਕਰ ਰਹੇ ਸਨ ਕਿ ਜੇ ਤਾਰ ਨਾ ਤਾਂ ਕੀ ਫਰਕ ਹੈ। ਦੇਖੋ ਹਵਾ-ਪਾਣੀ ਸਭ ਇਕੋ ਵਰਗਾ ਹੈ। ਮੌਸਮ ਅਤੇ ਖੇਤੀਬਾੜੀ ਤੋਂ ਲੈ ਕੇ ਸਭ ਕੁਝ ਇਕੋ ਵਰਗਾ ਹੈ।