ਸ਼ਰਾਬ ਨੀਤੀ ਮਾਮਲੇ ’ਚ ਦਿੱਲੀ ਦੀ ਤਿਹਾੜ ਜੇਲ੍ਹ ’ਚ ਸਨ ਬੰਦ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਅੱਜ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਦਿੱਲੀ ਸ਼ਰਾਬ ਨੀਤੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ’ਚ ਸੰਜੇ ਸਿੰਘ ਨੂੰ ਪਿਛਲੇ ਸਾਲ 4 ਅਕਤੂਬਰ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ। ਅੱਜ ਹੋਈ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਈਡੀ ਨੂੰ ਪੁੱਛਿਆ ਕਿ ਆਖਰ ਸੰਜੇ ਸਿੰਘ ਨੂੰ ਅਜੇ ਵੀ ਜੇਲ੍ਹ ’ਚ ਰੱਖਣ ਲੋੜ ਕਿਉਂ ਹੈ। ਜਿਸ ਤੋਂ ਬਾਅਦ ਕੋਰਟ ਨੂੰ ਸੰਜੇ ਸਿੰਘ ਦੇ ਵਕੀਲ ਨੇ ਦੱਸਿਆ ਕਿ ਮਨੀ ਲਾਂਡਰਿੰਗ ਦੀ ਪੁਸ਼ਟੀ ਨਹੀਂ ਹੋਈ ਅਤੇ ਨਾ ਮਨੀ ਟਰੇਲ ਦਾ ਪਤਾ ਲੱਗ ਸਕਿਆ ਪ੍ਰੰਤੂ ਫਿਰ ਵੀ ਸੰਜੇ ਸਿੰਘ ਪਿਛਲੇ ਮਹੀਨਿਆਂ ਤੋਂ ਜੇਲ੍ਹ ’ਚ ਬੰਦ ਹਨ। ਇਸ ਤੋਂ ਬਾਅਦ ਈਡੀ ਨੇ ਅਦਾਲਤ ਨੂੰ ਕਿਹਾ ਕਿ ਸਾਨੂੰ ਜ਼ਮਾਨਤ ਦੇਣ ’ਤੇ ਕੋਈ ਇਤਰਾਜ਼ ਨਹੀਂ, ਜਿਸ ਤੋਂ ਬਾਅਦ ਅਦਾਲਤ ਨੇ ਸੰਜੇ ਸਿੰਘ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦਾ ਫੈਸਲਾ ਸੁਣਾਇਆ। ਧਿਆਨ ਰਹੇ ਕਿ ਦਿੱਲੀ ਸ਼ਰਾਬ ਘੁਟਾਲਾ ਮਾਮਲੇ ’ਚ ਈਡੀ ਨੇ ਆਪਣੀ ਚਾਰਜਸ਼ੀਟ ’ਚ ਸੰਜੇ ਸਿੰਘ ਦਾ ਨਾਮ ਜੋੜਿਆ ਸੀ। ਜਦਕਿ ਸੰਜੇ ਸਿੰਘ ਨੇ ਦਾਅਵਾ ਕੀਤਾ ਸੀ ਕਿ ਈਡੀ ਨੇ ਉਨ੍ਹਾਂ ਦਾ ਨਾਮ ਗਲਤੀ ਨਾਲ ਜੋੜ ਦਿੱਤਾ ਹੈ।