Breaking News
Home / ਭਾਰਤ / ਕਾਂਗਰਸ ਲਈ ਆਉਣ ਵਾਲਾ ਸਮਾਂ ਵੱਧ ਚੁਣੌਤੀਪੂਰਨ : ਸੋਨੀਆ ਗਾਂਧੀ

ਕਾਂਗਰਸ ਲਈ ਆਉਣ ਵਾਲਾ ਸਮਾਂ ਵੱਧ ਚੁਣੌਤੀਪੂਰਨ : ਸੋਨੀਆ ਗਾਂਧੀ

ਕਿਹਾ : ਕਾਂਗਰਸੀ ਆਗੂ ਮਤਭੇਦ ਭੁਲਾ ਕੇ ਪਾਰਟੀ ਨੂੰ ਕਰਨ ਮਜ਼ਬੂਤ
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸ ਸੰਸਦੀ ਦਲ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਕਿਹਾ ਕਿ ਕਾਂਗਰਸ ਲਈ ਅੱਗੇ ਦਾ ਰਾਹ ਪਹਿਲਾਂ ਨਾਲੋਂ ਵੀ ਕਿਤੇ ਵੱਧ ਚੁਣੌਤੀਪੂਰਨ ਹੈ ਅਤੇ ਇਹ ਪਾਰਟੀ ਦੀ ਭਾਵਨਾ ਦੀ ਸਖਤ ਪ੍ਰੀਖਿਆ ਹੈ। ਉਨ੍ਹਾਂ ਕਿਹਾ ਕਾਂਗਰਸ ਪਾਰਟੀ ਵਿਚ ਹਰ ਪੱਧਰ ‘ਤੇ ਏਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਪਾਰਟੀ ਵਿਚ ਏਕਤਾ ਅਤੇ ਮਜ਼ਬੂਤੀ ਨੂੰ ਯਕੀਨੀ ਬਣਾਉਣ ਲਈ ਜੋ ਵੀ ਕਦਮ ਚੁੱਕਣੇ ਪੈਣਗੇ ਅਸੀਂ ਉਹ ਚੁੱਕਣ ਲਈ ਤਿਆਰ ਹਾਂ। ਕਾਂਗਰਸ ਪਾਰਟੀ ਦੀ ਕਾਇਆਕਲਪ ਨਾ ਸਿਰਫ ਸਾਡੇ ਲਈ ਮਹੱਤਵਪੂਰਨ ਹੈ, ਸਗੋਂ ਇਹ ਸਾਡੇ ਲੋਕਤੰਤਰ ਅਤੇ ਸਮਾਜ ਲਈ ਵੀ ਬੇਹੱਦ ਜਰੂਰੀ ਹੈ। ਇਸ ਮੀਟਿੰਗ ਵਿਚ ਸੋਨੀਆ ਗਾਂਧੀ, ਡਾ. ਮਨਮੋਹਨ ਸਿੰਘ, ਰਾਹੁਲ ਗਾਂਧੀ, ਮਲਿਕਾ ਅਰਜੁਨ ਖੜਗੇ ਅਤੇ ਸੰਤੋਖ ਚੌਧਰੀ ਸਮੇਤ ਸੀਨੀਅਰ ਕਾਂਗਰਸੀ ਆਗੂਆਂ ਨੇ ਹਿੱਸਾ ਲਿਆ। ਹਾਲੀਆ ਅਸੈਂਬਲੀ ਚੋਣਾਂ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਦੇ ਹਵਾਲੇ ਨਾਲ ਸੋਨੀਆ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ‘ਤੁਸੀਂ ਕਿੰਨੇ ਨਿਰਾਸ਼ ਹੋ’ ਕਿਉਂਕਿ ਉਨ੍ਹਾਂ ਨੂੰ ‘ਝਟਕਾ ਵੀ ਲੱਗਾ ਹੈ ਤੇ ਪੀੜ ਵੀ ਹੈ।’ ਉਨ੍ਹਾਂ ਕਿਹਾ ਕਿ ਕਾਂਗਰਸ ਵਰਕਿੰਗ ਕਮੇਟੀ ਨੇ ਚੋਣਾਂ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਸੀ, ਤੇ ਉਸ ਦੌਰਾਨ ਪਾਰਟੀ ਨੂੰ ਮਜ਼ਬੂਤ ਬਣਾਉਣ ਦੇ ਤੌਰ ਤਰੀਕਿਆਂ ਬਾਰੇ ਕਈ ਸੁਝਾਅ ਵੀ ਮਿਲੇ। ਇਨ੍ਹਾਂ ਵਿੱਚੋਂ ਕਈ ਢੁਕਵੇਂ ਸਨ, ਜਿਨ੍ਹਾਂ ‘ਤੇ ਪਾਰਟੀ ਕੰਮ ਕਰ ਰਹੀ ਹੈ। ਉਨ੍ਹਾਂ ਰਸੋਈ ਗੈਸ, ਤੇਲ, ਪੈਟਰੋਲ, ਡੀਜ਼ਲ, ਖਾਦਾਂ ਤੇ ਹੋਰ ਜ਼ਰੂਰੀ ਵਸਤਾਂ ਦੇ ਅਸਮਾਨੀ ਪੁੱਜੇ ਭਾਅ ਦੇ ਹਵਾਲੇ ਨਾਲ ਕਿਹਾ ਕਿ ਦੇਸ਼ਵਿਆਪੀ ‘ਮਹਿੰਗਾਈ-ਮੁਕਤ ਭਾਰਤ’ ਮੁਹਿੰਮ ਨੂੰ ਜਾਰੀ ਰੱਖਿਆ ਜਾਵੇ। ਪਾਰਟੀ ਪ੍ਰਧਾਨ ਨੇ ਸਰਕਾਰ ‘ਤੇ ਵਿਰੋਧੀ ਧਿਰ ਦੇ ਆਗੂਆਂ ਤੇ ਵਰਕਰਾਂ ਨੂੰ ਨਿਸ਼ਾਨਾ ਬਣਾਉਣ ਦਾ ਆਰੋਪ ਲਾਉਂਦਿਆਂ ਕਿਹਾ ਕਿ ਸਰਕਾਰੀ ਮਸ਼ੀਨਰੀ ਨੂੰ ਹੱਥ ਧੋ ਕੇ ਉਨ੍ਹਾਂ ਦੇ ਮਗਰ ਲਾ ਦਿੱਤਾ ਗਿਆ ਹੈ।

Check Also

ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ

ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …