‘ਪੈਸਾ ਕਮਾ ਰਹੀ-ਵਿਰਸਾ ਗੁਆ ਰਹੀ’ ਪੰਜਾਬੀ ਮਿਊਜ਼ਿਕ ਇੰਡਸਟਰੀ
ਅਸ਼ਲੀਲਤਾ, ਨਸ਼ੇ ਅਤੇ ਗੰਨ ਕਲਚਰ ਨੂੰ ਮਿਲ ਰਿਹਾ ਹੈ ਉਤਸ਼ਾਹ
ਚੰਡੀਗੜ/ਬਿਊਰੋ ਨਿਊਜ਼ : ‘ਤੇਰੇ ਨੀ ਕਰਾਰਾਂ ਮੈਨੂੰ ਪੱਟਿਆ, ਦਸ ਮੈਂ ਕੀ ਪਿਆਰ ਵਿਚੋਂ ਖੱਟਿਆ’ ਅਤੇ ‘ਦਿਲ ਦਾ ਮਾਮਲਾ ਹੈ’ ਵਰਗੇ ਗੀਤ ਪੰਜਾਬੀ ਗੀਤ-ਸੰਗੀਤ ਦੀ ਸ਼ਾਨ ਹੋਇਆ ਕਰਦੇ ਸਨ, ਪਰ ਪਿਛਲੇ 10 ਕੁ ਸਾਲਾਂ ਵਿਚ ਵੀਡੀਓ ਐਲਬਮ ਆਉਣ ਦੇ ਨਾਲ ਹੀ ਪੰਜਾਬੀ ਗੀਤਾਂ ਵਿਚ ਨਸ਼ੇ, ਅਸ਼ਲੀਲਤਾ ਅਤੇ ਹਥਿਆਰਾਂ ਦੀ ਨੁਮਾਇਸ਼ ਜ਼ਿਆਦਾ ਹੋਣ ਲੱਗੀ ਹੈ। 700 ਕਰੋੜ ਰੁਪਏ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਕਈ ਗੀਤਾਂ ਦੇ ਬੋਲ ਸ਼ਰਮਸ਼ਾਰ ਕਰਨ ਵਾਲੇ ਹਨ। ਕਈ ਰਿਪੋਰਟਾਂ ਮੁਤਾਬਕ ਪਿਛਲੇ 10 ਸਾਲਾਂ ਵਿਚ ਹਰ ਛੇਵੀਂ ਪੰਜਾਬੀ ਮਿਊਜ਼ਿਕ ਐਲਬਮ ਵਿਚ ਨਸ਼ੇ, ਅਪਰਾਧ ਅਤੇ ਗੰਨ ਕਲਚਰ ਨੂੰ ਦਿਖਾਇਆ ਜਾਂਦਾ ਹੈ। ਯਾਨੀ ਪੰਜਾਬੀ ਸੰਗੀਤ ਪਾਪੂਲਰ ਹੋਣ ਦੇ ਨਾਲ-ਨਾਲ ਕਮਾਈ ਤਾਂ ਕਰ ਰਿਹਾ ਹੈ, ਪਰ ਨਾਲ ਹੀ ਆਪਣੀ ਵਿਰਾਸਤ ਅਤੇ ਸੰਸਕ੍ਰਿਤੀ ਨੂੰ ਗੁਆ ਵੀ ਰਿਹਾ ਹੈ। ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਸੀ ਕਿ ਪੰਜਾਬ ਦੀ ਅਨਮੋਲ ਵਿਰਾਸਤ ਅਤੇ ਸੰਸਕ੍ਰਿਤੀ ਹੈ। ਨੌਜਵਾਨ ਗਾਇਕ ਪੰਜਾਬੀ ਗੀਤਾਂ ਵਿਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦਾ ਗੁਣਗਾਨ ਕਰਨ ਤੋਂ ਬਚਣ। ਇਸਦੇ ਨਾਲ ਹੀ ਉਨਾਂ ਚਿਤਾਵਨੀ ਵੀ ਦਿੱਤੀ ਸੀ ਕਿ ਜੇਕਰ ਕਿਸੇ ਗਾਇਕ ਨੇ ਹਥਿਆਰਾਂ, ਨਸ਼ਿਆਂ ਨਾਲ ਸਬੰਧਤ ਜਾਂ ਅਸ਼ਲੀਲ ਗੀਤ ਗਾਏ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਕੈਪਟਨ ਅਮਰਿੰਦਰ ਨੇ 2017 ਵਿਚ ਉਠਾਇਆ ਸੀ ਮਾਮਲਾ : ਪੰਜਾਬ ਵਿਚ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ 2017 ਵਿਚ ਇਹ ਮੁੱਦਾ ਚੁੱਕਿਆ ਸੀ ਅਤੇ ਜੁਲਾਈ 2019 ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਨਸ਼ੇ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ‘ਤੇ ਰੋਕ ਲਾਉਣ ਦੇ ਨਿਰਦੇਸ਼ ਦਿੱਤੇ ਸਨ।
ਪੰਜਾਬ ਦੇ ਡੀਜੀਪੀ ਨੂੰ ਕਿਹਾ ਗਿਆ ਸੀ ਕਿ ਐਸਐਸਪੀ ਦੇ ਜ਼ਰੀਏ ਨਿਸ਼ਚਿਤ ਕਰੋ ਕਿ ਜਨਤਕ ਸਮਾਗਮਾਂ, ਵਾਹਨਾਂ ਅਤੇ ਲਾਈਵ ਸ਼ੋਅ ਵਿਚ ਅਜਿਹੇ ਗੀਤ ਨਾ ਵੱਜਣ।
ਇਸ ਤੋਂ ਬਾਅਦ ਪੁਲਿਸ ਨੇ 2020 ਵਿਚ ਪੰਜਾਬ ‘ਚ ਹਿੰਸਾ, ਨਸ਼ਾ, ਹਥਿਆਰ ਅਤੇ ਅਸ਼ਲੀਲਤਾ ਦਾ ਪ੍ਰਸਾਰ ਕਰਨ ਵਾਲੇ ਗੀਤ ਸਰਕਾਰੀ ਤੇ ਨਿੱਜੀ ਬੱਸਾਂ ਅਤੇ ਵਿਆਹ ਜਾਂ ਹੋਰ ਜਨਤਕ ਸਮਾਗਮਾਂ ਵਿਚ ਵਜਾਉਣ ‘ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ ਅਜਿਹੇ ਗੀਤਾਂ ‘ਤੇ ਨਿਗਰਾਨੀ ਨਾਂਹ ਦੇ ਬਰਾਬਰ ਹੈ। ਵੱਡੀ ਕਾਰਵਾਈ ਦੀ ਗੱਲ ਕਰੀਏ ਤਾਂ ਪੰਜਾਬ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਖਿਲਾਫ ਕੇਸ ਦਰਜ ਕੀਤਾ ਸੀ।
Check Also
ਭਾਰਤੀ ਮੂਲ ਦੀ ਅਨੀਤਾ ਅਨੰਦ ਅਤੇ ਕਮਲ ਖਹਿਰਾ ਨੂੰ ਮਾਰਕ ਕਾਰਨੀ ਵਜ਼ਾਰਤ ‘ਚ ਬਣਾਇਆ ਗਿਆ ਮੰਤਰੀ
ਓਟਾਵਾ : ਕੈਨੇਡਾ ‘ਚ ਲਿਬਰਲ ਪਾਰਟੀ ਦੇ ਨੇਤਾ ਮਾਰਕ ਕਾਰਨੀ ਨੇ ਪਿਛਲੇ ਦਿਨੀਂ ਦੇਸ਼ ਦੇ …