Breaking News
Home / ਹਫ਼ਤਾਵਾਰੀ ਫੇਰੀ / ਵਧੇਰੇ ਦੁੱਧ ਲੈਣ ਲਈ ਪਸ਼ੂਆਂ ਨੂੰ ਚਾਰੇ ਜਾ ਰਹੇ ਹਨ ਆਲੂ

ਵਧੇਰੇ ਦੁੱਧ ਲੈਣ ਲਈ ਪਸ਼ੂਆਂ ਨੂੰ ਚਾਰੇ ਜਾ ਰਹੇ ਹਨ ਆਲੂ

ਕਲਾਨੌਰ : ਸਬਜ਼ੀਆਂ ਦੀ ਸ਼ਾਨ ਵਜੋਂ ਜਾਣੇ ਜਾਂਦੇ ਆਲੂ ਨੂੰ ਹੁਣ ਗੁੱਜਰ ਭਾਈਚਾਰੇ ਵਲੋਂ ਆਪਣੇ ਪਸ਼ੂਆਂ ਤੋਂ ਵਧੇਰੇ ਦੁੱਧ ਲੈਣ ਲਈ ਚਾਰੇ ਦੇ ਰੂਪ ਵਿਚ ਖੁਆਇਆ ਜਾ ਰਿਹਾ ਹੈ। ਗੁੱਜਰ ਭਾਈਚਾਰੇ ਵਲੋਂ ਮੋਗੇ ਤੋਂ ਇਲਾਵਾ ਹੋਰ ਸਥਾਨਾਂ ਤੱਕ ਪਹੁੰਚ ਕਰਕੇ ਆਲੂਆਂ ਦੇ ਭਰੇ ਟਰੱਕ ਮੰਗਵਾ ਕੇ ਆਲੂ ਸਟੋਰ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁੱਜਰ ਭਾਈਚਾਰੇ ਨਾਲ ਸਬੰਧਤ ਮੁਰਾਦ-ਉਦ-ਦੀਨ, ਜਾਕਤ ਮੁਹੰਮਦ, ਗੁੱਜਰ ਬਾਲਾ ਆਦਿ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਪਣੀਆਂ ਮੱਝਾਂ ਲਈ ਮੋਗੇ ਤੋਂ ਆਲੂ ਦੇ ਟਰੱਕ ਮੰਗਵਾਏ ਹਨ। ਮੁਰਾਦ ਨੇ ਦੱਸਿਆ ਕਿ ਉਸ ਕੋਲ 100 ਤੋਂ ਵੱਧ ਮੱਝਾਂ ਹਨ। ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਜਿੱਥੇ ਉਨ੍ਹਾਂ ਵਲੋਂ ਆਪਣੇ ਪਸ਼ੂਆਂ ਦੀ ਸਾਂਭ-ਸੰਭਾਲ ਅਤੇ ਠੰਡ ਤੋਂ ਬਚਾਉਣ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ, ਉਥੇ ਹੀ ਸਰਦੀ ਦੇ ਮੌਸਮ ਦੌਰਾਨ ਪਸ਼ੂਆਂ ਤੋਂ ਵਧੇਰੇ ਦੁੱਧ ਲੈਣ ਲਈ ਉਨ੍ਹਾਂ ਵਲੋਂ ਆਪਣੀਆਂ ਦੁਧਾਰੂ ਮੱਝਾਂ ਨੂੰ ਆਲੂ ਖੁਰਾਕ ਵਜੋਂ ਚਾਰਨੇ ਸ਼ੁਰੂ ਕਰ ਦਿੱਤੇ ਹਨ। ਉਸ ਨੇ ਦੱਸਿਆ ਕਿ ਭਾਵੇਂ ਕਿ ਉਨ੍ਹਾਂ ਵਲੋਂ ਪਰਾਲੀ ਦੇ ਨਾਲ-ਨਾਲ ਮੱਝਾਂ ਨੂੰ ਖਲ ਵੀ ਪਾਈ ਜਾਂਦੀ ਹੈ, ਪਰ ਆਲੂ ਪਾਉਣ ਨਾਲ ਵੀ ਪਸ਼ੂਆਂ ਦਾ ਦੁੱਧ ਵਧਦਾ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਮੋਗੇ ਦੇ ਕੋਲਡ ਸਟੋਰਾਂ ਤੋਂ ਆਲੂ ਮਿਲ ਜਾਂਦੇ ਹਨ। ਇਸ ਤੋਂ ਇਲਾਵਾ ਆਲੂ ਦੀ ਬਿਜਾਈ ਤੋਂ ਬਾਅਦ ਆਲੂ ਦੀ ਪੁਟਾਈ ਸ਼ੁਰੂ ਹੁੰਦਿਆਂ ਹੀ ਕਾਸ਼ਤਕਾਰਾਂ ਵਲੋਂ ਪੁਰਾਣਾ ਆਲੂ ਵੇਚਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕਲਾਨੌਰ ਖੇਤਰ ਤੱਕ ਆਲੂ ਠੀਕ ਭਾਅ ‘ਤੇ ਮਿਲ ਗਿਆ ਹੈ। ਗੁੱਜਰ ਮੁਰਾਦ ਅਤੇ ਉਸਦੇ ਸਾਥੀਆਂ ਨੇ ਦੱਸਿਆ ਕਿ ਦੁਧਾਰੂ ਮੱਝਾਂ ਨੂੰ ਚਾਰ-ਪੰਜ ਕਿਲੋ ਆਲੂ ਲਗਾਤਾਰ ਸਵੇਰੇ-ਸ਼ਾਮ ਪਾਉਣ ਨਾਲ ਪਸ਼ੂ ਦਾ ਦੁੱਧ ਪਹਿਲਾਂ ਨਾਲੋਂ ਦੋ ਕਿੱਲੋ ਦੇ ਕਰੀਬ ਵਧ ਜਾਂਦਾ ਹੈ। ਆਲੂ ਨਾਲ ਜਿੱਥੇ ਦੁਧਾਰੂ ਪਸ਼ੂ ਦਾ ਦੁੱਧ ਵਧਦਾ ਹੈ, ਉਥੇ ਪਸ਼ੂ ਨੂੰ ਸਰੀਰਕ ਤੌਰ ‘ਤੇ ਤਾਕਤ ਵੀ ਮਿਲਦੀ ਹੈ।
ਉਨ੍ਹਾਂ ਕਿਹਾ ਕਿ ਗੁੱਜਰਾਂ ਵਲੋਂ ਜ਼ਿਲ੍ਹਾ ਗੁਰਦਾਸਪੁਰ ਤੋਂ ਇਲਾਵਾ ਅੰਮ੍ਰਿਤਸਰ, ਪਠਾਨਕੋਟ ਆਦਿ ਥਾਵਾਂ ‘ਤੇ ਬਣੇ ਡੇਰਿਆਂ ‘ਤੇ ਆਲੂ ਆਪਣੇ ਪਸ਼ੂਆਂ ਨੂੰ ਚਾਰਿਆ ਜਾ ਰਿਹਾ ਹੈ।
ਆਲੂ ਛੋਟੇ ਤੇ ਕੱਟ ਕੇ ਪਾਏ ਜਾਣ : ਸ਼ਾਮ ਸਿੰਘ
ਗੁਰਦਾਸਪੁਰ ਦੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਸ਼ਾਮ ਸਿੰਘ ਨੇ ਕਿਹਾ ਕਿ ਆਲੂ ਵਿਚ ਕਾਰਬੋਹਾਈਡ੍ਰੇਟ ਤੱਤ ਵਧੇਰੇ ਹੁੰਦਾ ਹੈ। ਆਲੂ ਪਾਉਣ ਨਾਲ ਪਸ਼ੂਆਂ ਦੇ ਦੁੱਧ ‘ਚ ਵਾਧਾ ਨਾ-ਮਾਤਰ ਹੀ ਹੁੰਦਾ ਹੈ। ਮੋਟਾ ਆਲੂ ਸਾਹ ਨਲੀ ‘ਚ ਜਾਣ ਕਾਰਨ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਸ਼ਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਆਲੂ ਪਸ਼ੂਆਂ ਦੀ ਸਾਹ ਨਾਲੀ ਵਿਚ ਜਾਣ ਪਿੱਛੋਂ ਅਪਰੇਸ਼ਨ ਕਰਕੇ ਕਈ ਪਸ਼ੂਆਂ ਦੀਆਂ ਜਾਨਾਂ ਬਚਾਈਆਂ ਹਨ। ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ ਪਸ਼ੂਆਂ ਨੂੰ ਆਲੂ ਛੋਟੇ ਤੇ ਕੱਟ ਕੇ ਪਾਏ ਜਾਣ।

 

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …