ਓਟਵਾ/ਬਿਊਰੋ ਨਿਊਜ਼ : ਹਰ ਕਿਸਮ ਦੀ ਹੋਮ ਹੀਟਿੰਗ ਤੋਂ ਸਥਾਈ ਤੌਰ ਉੱਤੇ ਜੀਐਸਟੀ ਹਟਾਏ ਜਾਣ ਸਬੰਧੀ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਸ ਨਹੀਂ ਹੋ ਸਕਿਆ। ਹਾਊਸ ਆਫ ਕਾਮਨਜ਼ ਵਿੱਚ ਕਿਸੇ ਵੀ ਵੱਡੀ ਪਾਰਟੀ ਵੱਲੋਂ ਸਮਰਥਨ ਹਾਸਲ ਨਾ ਹੋਣ ਕਾਰਨ ਇਹ ਮਤਾ ਅਸਫਲ ਹੋ ਗਿਆ।
ਬੁੱਧਵਾਰ ਦੁਪਹਿਰ ਨੂੰ ਇਹ ਮਤਾ 30 ਦੇ ਮੁਕਾਬਲੇ 292 ਵੋਟਾਂ ਨਾਲ ਹਾਰ ਗਿਆ। ਇਸ ਦਾ ਸਮਰਥਨ ਸਿਰਫ ਐਨਡੀਪੀ ਤੇ ਗ੍ਰੀਨ ਪਾਰਟੀ ਵੱਲੋਂ ਹੀ ਕੀਤਾ ਗਿਆ।
ਸੋਮਵਾਰ ਨੂੰ ਕੰਸਰਵੇਟਿਵਾਂ ਵੱਲੋਂ ਵੀ ਇਸੇ ਤਰ੍ਹਾਂ ਦਾ ਮਤਾ ਪੇਸ਼ ਕੀਤਾ ਗਿਆ ਸੀ, ਜਿਸ ਵਿੱਚ ਆਖਿਆ ਗਿਆ ਸੀ ਕਿ ਹੋਮ ਹੀਟਿੰਗ ਆਇਲ ਤੋਂ ਇੱਕਠੀ ਕੀਤੀ ਜਾਣ ਵਾਲੀ ਕਾਰਬਨ ਪ੍ਰਾਈਸ ਉੱਤੇ ਲਾਈ ਗਈ ਰੋਕ ਵਾਂਗ ਹੀ ਹੋਮ ਹੀਟਿੰਗ ਦੀਆਂ ਸਾਰੀਆਂ ਕਿਸਮਾਂ ਉੱਤੇ ਕਾਰਬਨ ਪ੍ਰਾਈਸ ਵਸੂਲਣ ਉੱਤੇ ਤਿੰਨ ਸਾਲਾਂ ਲਈ ਰੋਕ ਲਾਈ ਜਾਵੇ। ਪਰ ਇਹ ਮਤਾ ਵੀ ਹਾਊਸ ਵਿੱਚ ਪਾਸ ਨਹੀਂ ਸੀ ਹੋ ਸਕਿਆ।
ਇੱਥੇ ਦੱਸਣਾ ਬਣਦਾ ਹੈ ਕਿ ਜੇ ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਲਿਆਂਦਾ ਮਤਾ ਪਾਸ ਵੀ ਹੋ ਜਾਂਦਾ ਤਾਂ ਉਹ ਸਰਕਾਰ ਨੂੰ ਇਸ ਉੱਤੇ ਕਾਰਵਾਈ ਕਰਨ ਲਈ ਮਜਬੂਰ ਨਹੀਂ ਸੀ ਕਰ ਸਕਦੇ।
ਐਨਡੀਪੀ ਚਾਹੁੰਦੀ ਸੀ ਕਿ ਸਰਕਾਰ ਹੇਠ ਲਿਖੇ ਨੁਕਤੇ ਅਪਣਾਵੇ : ਹੋਮ ਹੀਟਿੰਗ ਦੀਆਂ ਸਾਰੀਆਂ ਕਿਸਮਾਂ ਤੋਂ ਜੀਐਸਟੀ ਹਟਾ ਲਈ ਜਾਵੇ, ਐਨਰਜੀ ਸਰੋਤ ਕੋਈ ਵੀ ਹੋਵੇ ਉਸ ਦੇ ਬਾਵਜੂਦ ਘੱਟ ਆਮਦਨ ਤੇ ਮੱਧ ਵਰਗ ਕੈਨੇਡੀਅਨਜ਼ ਲਈ ਈਕੋਐਨਰਜੀ ਰੈਟਰੋਫਿੱਟਸ ਤੇ ਹੀਟ ਪੰਪਸ ਨੂੰ ਮੁਫਤ ਤੇ ਪਹੁੰਚ ਵਿੱਚ ਲਿਆਂਦਾ ਜਾਵੇ। ਵੱਡੀਆਂ ਤੇਲ ਤੇ ਗੈਸ ਕਾਰਪੋਰੇਸ਼ਨਾਂ ਦੇ ਮੁਨਾਫਿਆਂ ਉੱਤੇ ਟੈਕਸ ਲਾ ਕੇ ਇਨ੍ਹਾਂ ਪ੍ਰੋਜੈਕਟਾਂ ਨੂੰ ਫਾਇਨਾਂਸ ਕੀਤਾ ਜਾਵੇ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …